ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੱਜ ਪੰਜ ਸਿੰਘ ਸਾਹਿਬਾਨਾਂ ਵੱਲੋਂ ਇਤਿਹਾਸਕ ਫਸੀਲ ਤੋਂ ਸੰਗਤ ਦੇ ਰੂ-ਬ-ਰੂ ਹੁੰਦਿਆਂ ਸਾਬਕਾ ਕੈਬਨਿਟ ਮੰਤਰੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸਿੱਧੇ ਸਵਾਲ ਕੀਤੇ ਗਏ। ਇਸ ਦੌਰਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣਾ ਗੁਨਾਹ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਜਥੇਦਾਰ ਸਾਹਿਬ ਵੱਲੋਂ ਸਬੂਤ ਪੇਸ਼ ਕਰਨ ‘ਤੇ ਉਹ ਘਿਰ ਗਏ। ਇਸ ਮੌਕੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਇਹ ਵੀ ਕਿਹਾ ਕਿ ਪ੍ਰੇਮ ਸਿੰਘ ਚੰਦੂਮਾਜਰਾ ਬਲੈਕ ਥੰਡਰ ਵਿਚ ਵੀ ਸ਼ਾਮਲ ਸੀ।
ਦਰਅਸਲ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦੇ ਫ਼ੈਸਲੇ ਦੀ ਹਮਾਇਤ ਕਰਨ ਦੀ ਗੱਲ ਤੋਂ ਇਨਕਾਰ ਕਰ ਦਿੱਤਾ। ਇਸ ‘ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਚੰਦੂਮਾਜਰਾ ਦੇ ਅਜਿਹੇ ਬਿਆਨ ਅਖ਼ਬਾਰਾਂ ਵਿਚ ਛਪੇ ਹਨ, ਇਸ ਲਈ ਉਹ ਝੂਠ ਨਾ ਬੋਲਣ। ਇਸ ‘ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਮੇਰਾ ਬਿਆਨ ਨਹੀਂ ਸੀ ਸਗੋਂ ਦਫ਼ਤਰ ਵੱਲੋਂ ਜਾਰੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦਾ ਬਿਆਨ ਲੱਗਿਆ ਤਾਂ ਉਨ੍ਹਾਂ ਨੇ ਦੂਜੇ ਦਿਨ ਹੀ ਇਸ ਦਾ ਨੋਟਿਸ ਲਿਆ ਸੀ। ਇਸ ਫ਼ੈਸਲੇ ਦੀ ਹਮਾਇਤ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਇਸ ‘ਤੇ ਗਿਆਨੀ ਹਰਪ੍ਰੀਤ ਸਿੰਘ ਨੇ ਬਾਕਾਇਦਾ ਅਖ਼ਬਾਰ ਵਿਚ ਪ੍ਰਕਾਸ਼ਿਤ ਉਕਤ ਬਿਆਨ ਦੀ ਕਟਿੰਗ ਲਿਆਂਦੀ ਤੇ ਪੂਰਾ ਬਿਆਨ ਵੀ ਪੜ੍ਹ ਕੇ ਸੁਣਾਇਆ। ਚੰਦੂਮਾਜਰਾ ਨੇ ਮੁੜ ਕਿਹਾ ਕਿ ਇਹ ਬਿਆਨ ਮੈਂ ਆਪ ਨਹੀਂ ਦਿੱਤਾ। ਇਸ ‘ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਬਿਆਨ ਝੂਠਾ ਸੀ ਤਾਂ ਉਨ੍ਹਾਂ ਨੇ ਇਸ ਦਾ ਖੰਡਨ ਕਿਉਂ ਨਹੀਂ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਚੰਦੂਮਾਜਰਾ ਉਹ ਕੋਈ ਨਵੇਂ ਸਿਆਸਤਦਾਨ ਨਹੀਂ ਹਨ ਸਗੋਂ ਪਾਰਲੀਮੈਂਟ ਵਿਚ ਵੀ ਰਹਿ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਇਸ ਦਾ ਖੰਡਨ ਕਰਨਾ ਚਾਹੀਦਾ ਸੀ। ਉਨ੍ਹਾਂ ਇਹ ਵੀ ਪੁੱਛਿਆ ਕੇ ਜੇ ਤੁਹਾਡਾ ਝੂਠਾ ਬਿਆਨ ਲੱਗਿਆ ਸੀ ਤਾਂ ਤੁਸੀਂ ਉਕਤ ਪੱਤਰਕਾਰ ‘ਤੇ ਕੇਸ ਕਿਉਂ ਨਹੀਂ ਕੀਤਾ। ਇਸ ਮਗਰੋਂ ਜਥੇਦਾਰ ਸਾਹਿਬ ਨੇ ਚੰਦੂਮਾਜਰਾ ਨੂੰ ਸੰਗਤ ਦੇ ਸਾਹਮਣੇ ਆਪਣਾ ਪੱਖ ਰੱਖਣ ਦੀ ਗੱਲ ਆਖ਼ੀ। ਇਸ ‘ਤੇ ਚੰਦੂਮਾਜਰਾ ਨੇ ਸਮੂਹ ਸੰਗਤ ਨੂੰ ਸੰਬੋਧਨ ਹੋ ਕੇ ਕਿਹਾ ਕਿ ਮੈਂ ਇਸ ਵਿਚ ਸ਼ਾਮਲ ਨਹੀਂ ਸੀ।


 
									 
					 
