ਬਠਿੰਡਾ,31 ਅਕਤੂਬਰ 2025: ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਬਾਵਜੂਦ ਪੰਜਾਬ ’ਚ ਸਿਆਸੀ ਜਮੀਨ ਦੀ ਤਲਾਸ਼ ਲਈ ਭਾਜਪਾ ਨੇ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੈਦਾਨ ’ਚ ਉਤਾਰਿਆ ਹੈ। ਸਿਆਸੀ ਮਾਹਿਰਾਂ ਦਾ ਵੀ ਇਹ ਮੰਨਣਾ ਹੈ ਕਿ ਲੰਮੇਂ ਸਮੇਂ ਦੀ ਚੁੱਪ ਤੋਂ ਬਾਅਦ ਪੰਜਾਬ ਦੇ ਸਿਆਸੀ ਨਕਸ਼ੇ ਤੇ ਕੈਪਟਨ ਦਾ ਇੰਜ ਪ੍ਰਗਟ ਹੋਣਾ ਕੋਈ ਸਹਿਜ ਨਹੀਂ ਹੈ। ਕਈ ਮਹੀਨਿਆਂ ਬਾਅਦ ਪੰਜਾਬ ਪੁੱਜੇ ਕੈਪਟਨ ਨੇ ਆਪਣੇ ਹੀ ਪੁਰਾਣੇ ਸਾਥੀ ਨੂੰ ਭਾਜਪਾ ’ਚ ਸ਼ਾਮਲ ਕਰਵਾਇਆ ਤਾਂ ਉਦੋਂ ਹੀ ਕਿਆਸ ਅਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ ਕਿਧਰੇ ਭਾਜਪਾ ਕੈਪਟਨ ਸਹਾਰੇ ਆਪਣੀ ਬੇੜੀ ਪਾਰ ਲਾਉਣ ਦੇ ਚੱਕਰ ਵਿੱਚ ਤਾਂ ਨਹੀਂ। ਰਾਜਸੀ ਹਲਕਿਆਂ ਦਾ ਮੰਨਣਾ ਹੈ ਕਿ ਭਾਜਪਾ ਅੰਦਰ ਯੋਗ ਆਗੂਆਂ ਦਾ ਸੰਕਟ ਹੈ ਅਤੇ 11ਸਾਲਾਂ ਤੋਂ ਕੇਂਦਰ ਵਿੱਚ ਸਰਕਾਰ ਦੇ ਬਾਵਜੂਦ ਭਗਵਾਂ ਪਾਰਟੀ ਪੰਜਾਬੀਆਂ ’ਤੇ ਢੁੱਕਵਾਂ ਪ੍ਰਭਾਵ ਨਹੀਂ ਛੱਡ ਸਕੀ ਹੈ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਕੋਈ ਸਿਆਸੀ ਕ੍ਰਿਸ਼ਮਾ ਕਰਦੇ ਹਨ ਜਾਂ ਨਹੀਂ ਇਹ ਤਾਂ ਵਕਤ ਹੀ ਤੈਅ ਕਰੇਗਾ ਪਰ ਪਿਛਲੇ ਰਿਕਾਰਡ ਨੂੰ ਦੇਖਦਿਆਂ ਭਾਜਪਾ ਲੀਡਰਸ਼ਿਪ ਪੰਜਾਬ ’ਚ ਭਰਵਾਂ ਹੁੰਗਾਰਾ ਮਿਲਣ ਪ੍ਰਤੀ ਆਸਵੰਦ ਨਜ਼ਰ ਆ ਰਹੀ ਹੈ। ਰੌਚਕ ਪਹਿਲੂ ਇਹ ਵੀ ਕਿ ਕੈਪਟਨ ਆਪਣਾ ਖੂੰਡਾ ਵੀ ਨਾਲ ਲਿਆਏ ਹਨ ਤੇ ਮੁੱਦੇ ਵੀ ਪੁਰਾਣੇ ਹਨ ਜਿੰਨ੍ਹਾਂ ਦੇ ਸਿਰ ਤੇ ਉਨ੍ਹਾਂ ਦੋ ਵਾਰ ਸੱਤਾ ਦਾ ਸੁਆਦ ਚੱਖਿਆ ਸੀ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਵਕਤ ਦਰ ਵਕਤ ਪੰਜਾਬ ’ਚ ਨਵੇਂ ਤਜ਼ਰਬੇ ਕਰਦੀ ਰਹਿੰਦੀ ਹੈ ਅਤੇ ਹੁਣ ਕੈਪਟਨ ਦੇ ਰੂਪ ’ਚ ਨਵਾਂ ਸਿਆਸੀ ਪੱਤਾ ਚਲਦੀ ਦਿਖਾਈ ਦਿੰਦੀ ਹੈ। ਭਾਵੇਂ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਹਨ ਪਰ ਉਨ੍ਹਾਂ ਦੀਆਂ ਸਰਗਰਮੀਆਂ ਸੀਮਤ ਹੋਣ ਕਾਰਨ ਪਹਿਲਾਂ ਅਸ਼ਵਨੀ ਸ਼ਰਮਾ ਨੂੰ ਕਾਰਜਕਾਰੀ ਪ੍ਰਧਾਨ ਵਜੋਂ ਮੈਦਾਨ ’ਚ ਲਿਆਂਦਾ ਸੀ ਜੋ ਕੋਈ ਵੱਡਾ ਮਾਅਰਕਾ ਮਾਰਨ ਵਿੱਚ ਸਫਲ ਨਹੀਂ ਹੋ ਸਕੇ ਹਨ। ਪਾਰਟੀ ਸੂਤਰਾਂ ਦਾ ਦੱਸਣਾ ਹੈ ਕਿ ਭਾਜਪਾ ਨੇ ਪੰਜਾਬ ਵਿੱਚ ਖੁਦ ਨੂੰ ਮਜ਼ਬੂਤ ਕਰਨ ਦੀਆਂ ਤਿਆਰੀਆਂ ਖਿੱਚ ਲਈਆਂ ਹਨ, ਜਿੱਥੇ ਅੱਜ ਤੱਕ ਕਦੇ ਪਾਰਟੀ ਦੇ ਇਕੱਲਿਆਂ ਪੈਰ ਨਹੀਂ ਲੱਗੇ ਹਨ। ਇਸੇ ਕਾਰਨ ਹੀ ਭਾਜਪਾ ਅਕਾਲੀ ਦਲ ਨਾਲ ਗੱਠਜੋੜ ਕਰਨ ਦੀਆਂ ਗੱਲਾਂ ਨੂੰ ਨਕਾਰਦੀ ਰਹਿੰਦੀ ਹੈ। ਬੀਜੇਪੀ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਭਾਜਪਾ ਹਾਈਕਮਾਂਡ ਵੱਲੋਂ ਪਿਛਲੇ ਕੱੁਝ ਸਮੇਂ ਤੋਂ ਲਗਾਤਾਰ ਅੰਦਰਖਾਤੇ ਪੰਜਾਬ ਵਿੱਚ ਮਜ਼ਬੂਤੀ ਲਈ ਵਿਉਂਤਬੰਦੀ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਮੱਦੇਨਜ਼ਰ ਭਾਜਪਾ ਨੇ ਪੰਜਾਬ ਦੀ ਸਿਆਸਤ ਵਿੱਚ ਸਿੱਖ ਚਿਹਰਿਆਂ ਨੂੰ ਮੋਹਰੀ ਕਰਦਿਆਂ ਪਹਿਲਾਂ ਕਾਂਗਰਸ ਪਾਰਟੀ ਚੋਂ ਲਿਆ ਕੇ ਚੋਣ ਹਾਰ ਜਾਣ ਦੇ ਬਾਵਜੂਦ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਮੰਤਰੀ ਦਾ ਅਹੁਦਾ ਦਿੱਤਾ ਸੀ ਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਅੱਗੇ ਕਰਨਾ ਇਸ ਰਣਨੀਤੀ ਦਾ ਹਿੱਸਾ ਹੋਣ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਹੈ। ਦਰਅਸਲ ਭਾਜਪਾ ਵੱਲੋਂ ਤਰਨ ਤਾਰਨ ਜਿਮਨੀ ਚੋਣ ’ਚ ਪਾਰਟੀ ਦੀ ਕਾਰਗੁਜ਼ਾਰੀ ਨੂੰ ਉਡੀਕਿਆ ਜਾ ਰਿਹਾ ਹੈ। ਨਿਰੋਲ ਪੇਂਡੂ ਪੈਂਠ ਅਤੇ ਪੰਥਕ ਸੋਚ ਵਾਲੇ ਵਿਧਾਨ ਸਭਾ ਹਲਕਾ ਤਰਨਤਾਰਨ ’ਚ ਪਾਰਟੀ ਕੋਲ ਗੁਆਉਣ ਲਈ ਕੁੱਝ ਨਹੀਂ ਜਦੋਂਕਿ ਜਿੱਤਣ ਲਈ ਅਸਮਾਨ ਪਿਆ ਹੈ। ਪਾਰਟੀ ਹਲਕੇ ਮੰਨਦੇ ਹਨ ਕਿ ਜਿਸ ਤਰਾਂ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਨਤੀਜਾ ਭਾਜਪਾ ਲਈ ਆਪਣੀ ਪਿੱਠ ਥਾਪੜਨ ਵਾਲਾ ਰਿਹਾ ਸੀ ਅਤੇ ਤਰਨ ਤਾਰਨ ’ਚ ਚੰਗਾ ਹੰਗਾਰਾ ਮਿਲਿਆ ਤਾਂ ਪਾਰਟੀ ਆਉਂਦੇ ਦਿਨੀਂ ਪੰਜਾਬ ਦੀ ਕਮਾਂਡ ਇੱਕ ਸਿੱਖ ਚਿਹਰੇ ਨੂੰ ਦੇ ਸਕਦੀ ਹੈ ਜਿਸ ਲਈ ਕੈਪਟਨ ਵੀ ਹੋ ਸਕਦੇ ਹਨ। ਤਾਜਾ ਜਿਮਨੀ ਚੋਣ ਨੂੰ ਇਸ ਕਰਕੇ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਕੇ ਹੀ ਪੰਜਾਬ ਨੂੰ ਸੰਭਾਵੀ ਸੱਤਾ ਤੇ ਬਿਠਾਉਣ ਵਾਲੀ ਲੀਡਰਸ਼ਿਪ ਦਾ ਫੈਸਲਾ ਲਿਆ ਜਾਣਾ ਹੈ। ਤਜ਼ਰਬੇਕਾਰ ਲੀਡਰਸ਼ਿਪ ਦੀ ਘਾਟ ਨਾਲ ਜੂਝਦੀ ਭਾਜਪਾ ਵੱਲੋਂ ਹੁਣ ਤੱਕ ਹਿੰਦੂ ਵਰਗ ਨਾਲ ਸਬੰਧਤ ਆਗੂਆਂ ਨੂੰ ਹੀ ਸੂਬਾ ਪ੍ਰਧਾਨਗੀ ਦਿੱਤੀ ਜਾਂਦੀ ਰਹੀ ਹੈ। ਇਸ ਵਾਰੀ ਇਸ ਅਹੁਦੇ ਲਈ ਸਬੰਧਤ ਕਈ ਸਿੱਖ ਆਗੂ ਦਾਅਵੇਦਾਰੀ ਜਤਾ ਸਕਦੇ ਹਨ । ਪੰਜਾਬ ਵਿੱਚ ਭਾਜਪਾ ਦੇ ਸੂਬਾ ਪ੍ਰਧਾਨਾਂ ਦੀ ਨਿਯੁਕਤੀ ਦਾ ਇਤਿਹਾਸ ਦੇਖਿਆ ਜਾਵੇ ਤਾਂ ਇਸ ਅਹੁਦੇ ’ਤੇ ਆਰਐਸਐਸ ਨਾਲ ਸਬੰਧਤ ਵਿਅਕਤੀ ਨੂੰ ਹੀ ਬਿਠਾਇਆ ਜਾਂਦਾ ਰਿਹਾ ਹੈ। ਪਾਰਟੀ ਸੂਤਰਾਂ ਮੁਤਾਬਕ ਹਾਈ ਕਮਾਨ ਇਹ ਵੀ ਮਹਿਸੂਸ ਕਰ ਰਹੀ ਹੈ ਕਿ ਪੰਜਾਬ ਵਿੱਚ ਪ੍ਰਭਾਵਸ਼ਾਲੀ ਜਨ ਅਧਾਰ ਕੋਈ ਵੀ ਆਗੂ ਨਹੀਂ ਹੈ । ਪਾਰਟੀ ਨੇ ਪਿਛਲੇ ਸਮੇਂ ਦੌਰਾਨ ਕਈ ਸਿੱਖ ਆਗੂ ਨਾਲ ਤਾਂ ਰਲਾਏ ਹਨ ਪਰ ਉਨ੍ਹਾਂ ਵਿੱਚ ਕੈਪਟਨ ਵਰਗਾ ਸਿਰ ਕੱਢਵਾਂ ਆਗੂ ਨਹੀਂ ਹੈ । ਦਿਲਚਸਪ ਹਕੀਕਤ ਇਹ ਵੀ ਹੈ ਕਿ ਸਿਆਸੀ ਕੱਦ ਵੱਡਾ ਹੋਣ ਦੇ ਬਾਵਜੂਦ ਉਮਰ ਦੇ ਵੱਡੇਪਣ ਤੋਂ ਕੈਪਟਨ ਪਛੜ ਵੀ ਸਕਦੇ ਹਨ। ਖਾਲਾ ਜੀ ਦਾ ਵਾੜਾ ਨਹੀਂ ਪੰਜਾਬ‘ਮਿਸ਼ਨ 2027’ ਨੂੰ ਲੈ ਕੇ ਵਿਉਤਾਂ ਬਣਾ ਰਹੀ ਭਾਜਪਾ ਨੂੰ ਤਰਨਤਾਰਨ ਹਲਕੇ ਦਾ ਰੁਝਾਨ ਦੱਸ ਦੇਵੇਗਾ ਕਿ ਰਾਹ ਕਿੰਨੇ ਸੁਖਾਲੇ ਹਨ । ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਫੀ ਸਮਾਂ ਪਹਿਲਾਂ ਇੱਕ ਇੰਟਰਵਿਊ ’ਚ ਪੰਜਾਬ ਦੀਆਂ 2027 ਚੋਣਾਂ ਬਾਰੇ ਕਿਹਾ ਸੀ ਕਿ ‘ਪੰਜਾਬ ਬਾਰੇ ਕੋਈ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਹੈ।’ ਇਸ ਟਿੱਪਣੀ ਤੋਂ ਸਾਫ਼ ਹੈ ਕਿ ਭਾਜਪਾ ਲਈ ਪੰਜਾਬ ਖਾਲਾ ਜੀ ਦਾ ਵਾੜਾ ਨਹੀਂ ਹੈ।
	Trending
	
				- ਜਾਣੋ ਇਸ ‘ਚ India-US ਵਿਚਾਲੇ ਹੋਈ 10 ਸਾਲ ਦੀ Defence Deal ਕੀ-ਕੀ?
- Sanjay Raut ਦੀ ਵਿਗੜੀ ਤਬੀਅਤ, ਹਸਪਤਾਲ ‘ਚ ਹੋਏ ਦਾਖ਼ਲ
- ਪੰਜਾਬ ਵਿੱਚ ਸਿਆਸੀ ਕ੍ਰਿਸ਼ਮੇ ਦੀ ਝਾਕ ’ਚ ਭਾਜਪਾ ਨੇ ਸਿਆਲੂ ਲੀੜਿਆਂ ਵਾਂਗ ਕੈਪਟਨ ਨੂੰ ਹਵਾ ਲੁਆਈ
- IIT-UPSC ਜੀਓ ਸਾਇੰਟਿਸਟ ਪ੍ਰੀਖਿਆ ਵਿੱਚੋਂ ਤੀਸਰਾ ਰੈਂਕ ਹਾਸਲ
- ਖ਼ਤਮ ਹੋਇਆ ਮੈਚ, ਜਾਣੋ ਕਿਹੜੀ Team ਨੇ ਮਾਰੀ ਬਾਜ਼ੀ
- ਪੁਲਿਸ ਅਲਾ ਅਧਿਕਾਰੀਆਂ ਦੇ ਦਫਤਰਾਂ ਤੋਂ ਕੁਝ ਹੀ ਕਦਮਾਂ ਦੀ ਦੂਰੀ ਤੇ ਘਟੀ ਘਟਨਾ
- ਏ.ਡੀ.ਸੀ. ਨੇ ਲੁਧਿਆਣਾ ਵਾਸੀਆਂ ਨੂੰ ਸਰਦਾਰ ਪਟੇਲ ਦੀ 150ਵੀਂ ਜਨਮ ਜੰਤੀ ਮੌਕੇ ਪਦਯਾਤਰਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ
- ਚੇਅਰਮੈਨ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਜਲੰਧਰ ’ਚ ਪੋਕਸੋ ਕੇਸਾਂ ਦਾ ਲਿਆ ਜਾਇਜ਼ਾ


 
									 
					 
