ਲੁਧਿਆਣਾ, 18 ਨਵੰਬਰ (000) – ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੀ ਅਗਵਾਈ ਵਿੱਚ, ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਆਗਾਮੀ 20 ਨਵੰਬਰ ਨੂੰ ਲੁਧਿਆਣਾ ਪਹੁੰਚਣ ਵਾਲੇ ਅਲੌਕਿਕ ਨਗਰ ਕੀਰਤਨ ਦੇ ਸੁਆਗਤ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਗਈ।
ਇਸ ਮੌਕੇ ਐਸ.ਡੀ.ਐਮ. ਜਸਲੀਨ ਕੌਰ ਭੁੱਲਰ, ਨਗਰ ਨਿਗਮ ਕੌਂਸਲਰ ਅਮਨ ਬੱਗਾ, ਐਕਸੀਅਨ ਰਮਨ ਕੌਸ਼ਲ, ਐਸ.ਡੀ.ਓ. ਅਕਸ਼ੇ ਬਾਂਸਲ, ਪਟਵਾਰੀ ਨੋਵਲ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
ਐਸ.ਡੀ.ਐਮ. ਭੁੱਲਰ ਨੇ ਦੱਸਿਆ ਕਿ ਸੜਕੀ ਮਾਰਗ ਦੀ ਸਮੀਖਿਆ ਦੇ ਨਾਲ ਸੁਆਗਤੀ ਗੇਟਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਪਵਿੱਤਰ ਸਮਾਗਮ ਦੌਰਾਨ ਸੰਗਤਾਂ ਦੀ ਸੁਵਿਧਾ ਲਈ ਪਹਿਲਾਂ ਹੀ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਸਾਫ ਸਫਾਈ, ਰੋਸ਼ਨੀ, ਸੜਕਾਂ ਦੀ ਮੁਰੰਮਤ, ਟ੍ਰੈਫਿਕ ਪ੍ਰਬੰਧਨ, ਭੀੜ ਕੰਟਰੋਲ, ਮੈਡੀਕਲ ਟੀਮਾਂ, ਲੰਗਰ ਪ੍ਰਬੰਧ, ਫਾਇਰ ਟੈਂਡਰ, ਮੋਬਾਇਲ ਟਾਇਲਟ ਅਤੇ ਹੋਰ ਸੁਖ-ਸੁਵਿਧਾ ਲਈ ਪ੍ਰਸ਼ਾਸ਼ਨ ਵੱਲੋਂ ਵੱਖ-ਵੱਖ ਵਿਭਾਗਾਂ ਨੂੰ ਜਿੰਮੇਵਾਰੀ ਸੌਂਪੀ ਗਈ ਹੈ।


