ਲੁਧਿਆਣਾ, 18 ਨਵੰਬਰ (000) – ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੇ ਜਾ ਰਹੇ ਵਿਸ਼ਾਲ ਨਗਰ ਕੀਰਤਨ, ਜੋ ਕਿ 20 ਨਵੰਬਰ ਨੂੰ ਲੁਧਿਆਣਾ ਪਹੁੰਚਣ ਵਾਲਾ ਹੈ, ਦੇ ਮੱਦੇਨਜ਼ਰ, ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਇਤਿਹਾਸਕ ਧਾਰਮਿਕ ਸਮਾਗਮ ਲਈ ਵਿਆਪਕ ਅਤੇ ਢੁਕਵੇਂ ਪ੍ਰਬੰਧ ਕਰੇਗਾ।
ਗਲਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਓਜਸਵੀ ਅਲੰਕਾਰ, ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਕੁਲਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਇੱਕ ਵਿਸਤ੍ਰਿਤ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਡਿਪਟੀ ਕਮਿਸ਼ਨਰ ਨੇ ਦੁਹਰਾਇਆ ਕਿ ਪ੍ਰਸ਼ਾਸਨ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸ਼ਰਧਾਲੂ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਨਗਰ ਕੀਰਤਨ ਵਿੱਚ ਹਿੱਸਾ ਲੈ ਸਕਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਮੌਕੇ ਨੂੰ ਸੱਚਮੁੱਚ ਯਾਦਗਾਰੀ ਬਣਾਉਣ ਲਈ ਹਰ ਸੰਭਵ ਉਪਾਅ ਕੀਤੇ ਜਾਣਗੇ।
ਪੂਰੇ ਰਸਤੇ ਦੌਰਾਨ ਪਵਿੱਤਰ ਸ੍ਰੀ ਪਾਲਕੀ ਸਾਹਿਬ ‘ਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਜਗਰਾਉਂ, ਲੁਧਿਆਣਾ ਸ਼ਹਿਰ ਅਤੇ ਖੰਨਾ ਵਿੱਚ ਨਗਰ ਕੀਰਤਨ ਦੇ ਪ੍ਰਵੇਸ਼ ਸਥਾਨਾਂ ‘ਤੇ ਇੱਕ ਰਸਮੀ ਗਾਰਡ ਆਫ਼ ਆਨਰ ਵੀ ਦਿੱਤਾ ਜਾਵੇਗਾ।
}ਮੀਨੀ ਪੱਧਰ ‘ਤੇ ਪ੍ਰਭਾਵਸ਼ਾਲੀ ਤਾਲਮੇਲ ਲਈ, ਪ੍ਰਸ਼ਾਸਨ ਨੇ 10 ਪੰਜਾਬ ਸਿਵਲ ਸੇਵਾ (ਪੀ.ਸੀ.ਐਸ.) ਅਧਿਕਾਰੀਆਂ ਨੂੰ ਸੈਕਟਰ ਅਫਸਰ ਵਜੋਂ ਨਿਯੁਕਤ ਕੀਤਾ ਹੈ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਸਪੱਸ਼ਟ ਤੌਰ ‘ਤੇ ਪਰਿਭਾਸ਼ਿਤ ਹਨ ਜਿਨ੍ਹਾਂ ਵਿੱਚ ਸਫਾਈ, ਕੂੜੇ ਦੇ ਡੰਪਾਂ ਅਤੇ ਲਟਕਦੀਆਂ ਤਾਰਾਂ ਨੂੰ ਹਟਾਉਣਾ, ਸਹੀ ਰੋਸ਼ਨੀ, ਸੜਕਾਂ ਦੀ ਮੁਰੰਮਤ, ਟ੍ਰੈਫਿਕ ਪ੍ਰਬੰਧਨ, ਭੀੜ ਕੰਟਰੋਲ, ਐਂਬੂਲੈਂਸਾਂ ਵਾਲੀਆਂ ਮੈਡੀਕਲ ਟੀਮਾਂ, ਲੰਗਰ ਪ੍ਰਬੰਧ, ਫਾਇਰ ਟੈਂਡਰ, ਅਸਥਾਈ ਪਖਾਨੇ, ਨਗਰ ਨਿਗਮ ਸਟਾਫ ਦੀ ਤਾਇਨਾਤੀ, ਫੁੱਲਾਂ ਦੀ ਵਰਖਾ ਕਰਨੀ ਆਦਿ ਦੇ ਨਾਲ ਪੁਲਿਸ ਅਤੇ ਹੋਰ ਵਿਭਾਗਾਂ ਨਾਲ ਸਮੁੱਚਾ ਸੰਪਰਕ ਸ਼ਾਮਲ ਹੈ।
ਰੂਟ ਨੂੰ ਇਸ ਪ੍ਰਕਾਰ ਸੈਕਟਰਾਂ ਵਿੱਚ ਵੰਡਿਆ ਗਿਆ ਹੈ: ਐਸ.ਡੀ.ਐਮ. ਜਗਰਾਉਂ ਵੱਲੋਂ ਜਗਰਾਉਂ ਤੋਂ ਸੀ.ਟੀ. ਯੂਨੀਵਰਸਿਟੀ ਤੱਕ, ਅਸਟੇਟ ਅਫਸਰ ਗਲਾਡਾ ਸੀ.ਟੀ. ਯੂਨੀਵਰਸਿਟੀ ਤੋਂ ਨਗਰ ਨਿਗਮ ਸੀਮਾ ਤੱਕ, ਐਸ.ਡੀ.ਐਮ. ਪੱਛਮੀ (ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਦੇ ਤਾਲਮੇਲ ਨਾਲ) ਨਿਗਮ ਸੀਮਾ ਤੋਂ ਮਲਹਾਰ ਰੋਡ ਅਤੇ ਅੱਗੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ, ਐਸ.ਡੀ.ਐਮ. ਪੂਰਬੀ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਤੋਂ ਜਲੰਧਰ ਬਾਈਪਾਸ, ਨਿਗਮ ਜੁਆਇੰਟ ਕਮਿਸ਼ਨਰ ਜਲੰਧਰ ਬਾਈਪਾਸ ਤੋਂ ਸਮਰਾਲਾ ਚੌਕ, ਏ.ਈ.ਟੀ.ਸੀ-2 ਲੁਧਿਆਣਾ ਸਮਰਾਲਾ ਚੌਕ ਤੋਂ ਸ਼ੇਰਪੁਰ ਚੌਕ, ਆਰ.ਟੀ.ਏ. ਸਕੱਤਰ ਸ਼ੇਰਪੁਰ ਚੌਕ ਤੋਂ ਸਾਹਨੇਵਾਲ ਐਂਟਰੀ ਪੁਆਇੰਟ, ਐਸ.ਡੀ.ਐਮ. ਸਮਰਾਲਾ ਸਾਹਨੇਵਾਲ ਤੋਂ ਖੰਨਾ ਐਂਟਰੀ ਪੁਆਇੰਟ ਅਤੇ ਐਸ.ਡੀ.ਐਮ. ਖੰਨਾ ਐਂਟਰੀ ਪੁਆਇੰਟ ਖੰਨਾ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਤੱਕ ਪ੍ਰਬੰਧਾਂ ਦੀ ਨਿਗਰਾਨੀ ਕਰਨਗੇ।
ਸੁਚਾਰੂ ਪ੍ਰਬੰਧਾਂ ਨੂੰ ਹਰ ਪੱਖੋਂ ਯਕੀਨੀ ਬਣਾਉਣ ‘ਤੇ }ੋਰ ਦਿੰਦਿਆਂ, ਡਿਪਟੀ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨੂੰ ਪੂਰੀ ‘ਸੇਵਾ ਭਾਵਨਾਂ’ ਨਾਲ ਆਪਣੀ ਡਿਊਟੀ ਨਿਭਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਪਵਿੱਤਰ ਸਮਾਗਮ ਦੌਰਾਨ ਸ਼ਰਧਾਲੂਆਂ ਨੂੰ ਕੋਈ ਅਸੁਵਿਧਾ ਨਾ ਹੋਵੇ। ਉਨ੍ਹਾਂ ਲੁਧਿਆਣਾ ਦੇ ਸਾਰੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੀਵਨ ਵਿੱਚ ਇੱਕ ਵਾਰ ਆਉਣ ਵਾਲੇ ਅਲੌਕਿਕ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ।
ਫਰੀਦਕੋਟ, ਮੋਗਾ ਤੋਂ ਪਹੁੰਚਣ ਵਾਲਾ ਨਗਰ ਕੀਰਤਨ 20 ਨਵੰਬਰ ਨੂੰ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਰਾਤ ਦਾ ਠਹਿਰਾਅ ਕਰੇਗਾ ਅਤੇ ਫਿਰ ਆਪਣੀ ਅੱਗੇ ਦੀ ਯਾਤਰਾ ਜਾਰੀ ਰੱਖੇਗਾ। 20 ਨਵੰਬਰ ਨੂੰ ਇਹ ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਲਈ ਰਵਾਨਾ ਹੋਵੇਗਾ।


