ਖੰਨਾ, (ਲੁਧਿਆਣਾ), 18 ਨਵੰਬਰ:
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 21 ਨਵੰਬਰ ਨੂੰ ਨੋਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਖੰਨਾ ਪਹੁੰਚੇਗਾ। ਇਸ ਸੰਬੰਧੀ ਉਹਨਾਂ ਨੇ ਮਹਾਂਪੁਰਖ ਸੰਤ ਬਾਬਾ ਲੱਖਾ ਸਿੰਘ ਜੀ (ਨਾਨਕਸਰ ਸਾਹਿਬ ਵਾਲਿਆਂ) ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਅਸੀਸਾਂ ਪ੍ਰਾਪਤ ਕੀਤੀਆਂ।
ਕੈਬਨਿਟ ਮੰਤਰੀ ਸੌਂਦ ਨੇ ਦੱਸਿਆ ਕਿ ਉਹ ਨਾਨਕਸਰ ਸਾਹਿਬ ਪਹੁੰਚੇ ਜਿੱਥੇ ਸੰਤ ਬਾਬਾ ਲੱਖਾ ਸਿੰਘ ਜੀ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਵੱਡੀ ਆਤਮਕ ਖੁਸ਼ੀ ਮਿਲੀ। ਗੁਰੂ ਘਰ ਦੀਆਂ ਅਨੰਦ ਭਰੀਆਂ ਘੜੀਆਂ ਨੇ ਉਹਨਾਂ ਨੂੰ ਬੜਾ ਹੌਂਸਲਾ ਤੇ ਆਨੰਦ ਦਿੱਤਾ। ਇਸ ਦੌਰਾਨ 21 ਨਵੰਬਰ ਨੂੰ ਆ ਰਹੇ ਵਿਸ਼ਾਲ ਨਗਰ ਕੀਰਤਨ ਬਾਰੇ ਵੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੰਤਰੀ ਨੇ ਕਿਹਾ ਕਿ ਇਹ ਨਗਰ ਕੀਰਤਨ ਨੋਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੱਡੀ ਸ਼ਹੀਦੀ ਅਤੇ ਸਾਰੇ ਮਨੁੱਖਤਾ ਲਈ ਦਿੱਤੇ ਬੇਮਿਸਾਲ ਯੋਗਦਾਨ ਨੂੰ ਸਮਰਪਿਤ ਹੈ। ਉਹਨਾਂ ਨੇ ਦੱਸਿਆ ਕਿ ਇਹ ਪਵਿੱਤਰ ਨਗਰ ਕੀਰਤਨ 21 ਨਵੰਬਰ ਨੂੰ ਬਾਅਦ ਦੁਪਹਿਰ 3 ਵਜੇ ਖੰਨਾ ਦੇ ਰਸਤੇ ਹੋਕੇ ਗੁਜ਼ਰੇਗਾ। ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਸੰਗਤਾਂ ਵੱਲੋਂ ਲੰਗਰ, ਪਾਣੀ ਅਤੇ ਸਜਾਵਟੀ ਪੰਡਾਲ ਲਗਾਏ ਜਾਣਗੇ।
ਸੌਂਦ ਨੇ ਖੰਨਾ ਦੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਪਵਿੱਤਰ ਸਮਾਗਮ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਗੁਰੂ ਸਾਹਿਬ ਦੀ ਦਿੱਤੀ ਸਿੱਖਿਆ—ਏਕਤਾ, ਭਾਈਚਾਰਾ ਅਤੇ ਸੱਚੇ ਧਰਮ—ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਉਣ। ਮੰਤਰੀ ਨੇ ਕਿਹਾ ਕਿ ਅਜਿਹੇ ਸਮਾਗਮ ਸਾਨੂੰ ਆਪਣੇ ਇਤਿਹਾਸ, ਸਨਾਤਨ ਸਿਧਾਂਤਾਂ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਰੱਖਣ ਦਾ ਮੌਕਾ ਦਿੰਦੇ ਹਨ।
ਉਨ੍ਹਾਂ ਨੇ ਨਗਰ ਕੀਰਤਨ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਪ੍ਰਸ਼ਾਸਨਕ ਅਧਿਕਾਰੀਆਂ ਨਾਲ ਵੀ ਚਰਚਾ ਕੀਤੀ ਅਤੇ ਸਮੂਹ ਪ੍ਰਬੰਧਾਂ ਨੂੰ ਸੁਚੱਜਾ ਬਣਾਉਣ ਦੇ ਹੁਕਮ ਦਿੱਤੇ।


