–
ਜਲੰਧਰ, 1 ਨਵੰਬਰ : ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਅੱਜ ਲੋਕਾਂ ਨੂੰ ਸਮਾਨਤਾ, ਸ਼ਾਂਤੀ ਅਤੇ ਸਮਾਜਿਕ ਨਿਆਂ ਦੇ ਸਿਧਾਂਤਾਂ ‘ਤੇ ਆਧਾਰਿਤ ਸਦਭਾਵਨਾਪੂਰਣ ਅਤੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਉਨ੍ਹਾਂ ‘ਤੇ ਅਮਲ ਕਰਨ ਦੀ ਅਪੀਲ ਕੀਤੀ।ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ ਪਵਿੱਤਰ ਨਗਰ ਕੀਰਤਨ ਵਿੱਚ ਇੱਕ ਸ਼ਰਧਾਲੂ ਵਜੋਂ ਸ਼ਿਰਕਤ ਕਰਦਿਆਂ ਕੈਬਨਿਟ ਮੰਤਰੀ ਨੇ ਅਜੋਕੇ ਸਮੇਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੀ ਸਦੀਵੀ ਪ੍ਰਸੰਗਿਕਤਾ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਦੀਆਂ ਵਿਸ਼ਵਵਿਆਪੀ ਭਾਈਚਾਰਾ, ਮਹਿਲਾ ਸਸ਼ਕਤੀਕਰਨ, ਦਇਆ, ਭਾਈਚਾਰਕ ਸਦਭਾਵਨਾ ਅਤੇ ਵਾਤਾਵਰਣ ਸੰਭਾਲ ਦੀਆਂ ਸਿੱਖਿਆਵਾਂ ਮਨੁੱਖਤਾ ਲਈ ਚਾਨਣ ਮੁਨਾਰਾ ਹਨ। ਸ਼੍ਰੀ ਭਗਤ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਆਪਸੀ ਸਤਿਕਾਰ ਨੂੰ ਉਤਸ਼ਾਹਿਤ ਕਰਕੇ ਅਤੇ ਸਮਾਜ ਨੂੰ ਵੰਡਣ ਵਾਲੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਕੇ ਗੁਰੂ ਜੀ ਦੇ ਆਦਰਸ਼ਾਂ ਦੀ ਪਾਲਣਾ ਕੀਤੀ ਜਾਵੇ । ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਮਾਰਗ ‘ਤੇ ਚੱਲ ਕੇ ਅਸੀਂ ਸ਼ਾਂਤੀ, ਸਮਾਨਤਾ ਅਤੇ ਏਕਤਾ ’ਤੇ ਆਧਾਰਿਤ ਵਿਸ਼ਵ ਦਾ ਨਿਰਮਾਣ ਕਰ ਸਕਦੇ ਹਾਂ। ਉਨ੍ਹਾਂ ਨਗਰ ਕੀਰਤਨ ਵਿੱਚ ਹਿੱਸਾ ਲੈਣ ਵਾਲੀ ਸੰਗਤ ਨੂੰ ਲੰਗਰ ਛਕਾਉਣ ਦੀ ਸੇਵਾ ਵੀ ਕੀਤੀ।——–


