ਲੁਧਿਆਣਾ, 27 ਅਕਤੂਬਰ (000) – ਭਾਰਤ ਚੋਣ ਕਮਿਸ਼ਨ ਵੱਲੋਂ ਆਮ ਲੋਕਾਂ ਅਤੇ ਵੋਟਰਾਂ ਦੀ ਸਹੂਲਤ ਲਈ ਵੋਟਰ ਸਰਵਿਸ ਪੋਰਟਲ ‘ਤੇ ਨਵੇਂ ਬਣੇ ਮਡਿਊਲ “ਬੁੱਕ ਏ ਕਾਲ ਵਿੱਦ ਬੀ.ਐਲ.ਓ” ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਵਿਸ਼ੇਸ਼ ਪਹਿਲਕਦਮੀ ਤਹਿਤ ਆਮ ਨਾਗਰਿਕ/ਵੋਟਰ ਵੋਟਰ ਸੂਚੀ ਸਬੰਧੀ ਫਾਰਮਾਂ ਦੀ ਜਾਣਕਾਰੀ, ਵੋਟਰ ਸਨਾਖਤੀ ਕਾਰਡ, ਵੋਟਰ ਸਲਿੱਪਾਂ, ਚੋਣਾਂ ਆਦਿ ਲਈ ਆਪਣੇ ਮਸਲਿਆ ਦਾ ਹੱਲ ਬੂਥ ਲੈਵਲ ਅਫਸਰ ਪਾਸੋਂ ਪ੍ਰਾਪਤ ਕਰ ਸਕਦੇ ਹਨ ਡਿਪਟੀ ਕਮਿਸ਼ਨਰ ਲੁਧਿਆਣਾ-ਕਮ-ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਜਦੋਂ ਵੀ ਕੋਈ ਨਾਗਰਿਕ ਵੋਟਰ ਸਰਵਿਸ ਪੋਰਟਲ ‘ਤੇ “ਬੁੱਕ ਏ ਕਾਲ ਵਿੱਦ ਬੀ.ਐਲ.ਓ” ਦੀ ਆਪਸ਼ਨ ਰਾਹੀਂ ਕਾਲ ਬੁੱਕ ਕਰੇਗਾ ਤਾਂ ਬੀ.ਐਲ.ਓ. ਅਤੇ ਪ੍ਰਾਰਥੀ ਦੋਵਾਂ ਨੂੰ ਕਾਲ ਬੁੱਕ ਕਰਨ ਲਈ ਇੱਕ ਟੈਕਸਟ ਮੈਸਿਜ ਪ੍ਰਾਪਤ ਹੋਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਬੂਥ ਲੈਵਲ ਅਫਸਰ ਪ੍ਰਾਰਥੀ ਨੂੰ ਫੋਨ ਕਰਕੇ ਉਸਦੀ ਸਮੱਸਿਆ ਦਾ ਹੱਲ ਕਰੇਗਾ।
ਉਪਰੰਤ ਬੂਥ ਲੈਵਲ ਅਫਸਰ ਐਪ ‘ਤੇ ਕਾਲ ਰਿਕੁਐਸਟ ਆਪਸ਼ਨ ਵਿੱਚ ਜਾ ਕੇ ਕਨਟੈਕਟਿਡ ਬਟਨ ‘ਤੇ ਕਲਿੱਕ ਕਰਕੇ ਸਟੇਟਸ ਅਪਡੇਟ ਕਰੇਗਾ। ਜ਼ਿਲ੍ਹਾ ਚੋਣ ਅਫ਼ਸਰ ਜੈਨ ਨੇ ਦੱਸਿਆ ਕਿ ਜੇਕਰ ਪ੍ਰਾਰਥੀ ਨੂੰ ਕਾਲ ਰਸੀਵ ਨਹੀ ਹੁੰਦੀ ਤਾਂ ਉਹ ਅਨਅਵੇਲੇਬਲ ਬਟਨ ‘ਤੇ ਕਲਿੱਕ ਕਰੇਗਾ ਅਤੇ ਬੀ.ਐਲ.ਓ. ਵੱਲੋਂ ਆਪਣੀ ਐਪ ਵਿੱਚ ਚੈਕ ਕਰਨ ‘ਤੇ ਕਾਲ ਦੀ ਰਿਪੋਰਟ ਈ.ਸੀ.ਆਈ. ਨੈੱਟ ਉੱਪਰ ਅੱਪਡੇਟ ਹੋ ਜਾਵੇਗੀ ਜਿਸ ਬਾਰੇ ਪ੍ਰਾਰਥੀ ਨੂੰ ਵੀ ਮੈਸੇਜ ਰਾਹੀਂ ਸੂਚਨਾ ਦਿੱਤੀ ਜਾਵੇਗੀ। ਜ਼ਿਲ੍ਹਾ ਚੋਣ ਅਫਸਰ ਹਿਮਾਂਸ਼ੂ ਜੈਨ ਵੱਲੋਂ ਜ਼ਿਲ੍ਹੇ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਸ਼ੋਸਲ ਮੀਡੀਆ ਪਲੇਟਫਾਰਮਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਤੇ ਗਤੀਵਿਧੀਆਂ ਦੀ ਤਾਜ਼ਾ ਜਾਣਕਾਰੀ ਮਿਲ ਸਕੇ।


