ਦਿੜ੍ਹਬਾ ਮੰਡੀ,18 ਅਕਤੂਬਰ ਸਤਪਾਲ ਖਡਿਆਲ ਮਾਰਕਿਟ ਕਮੇਟੀ ਸੁਨਾਮ ਅਧੀਨ ਆਉਂਦੇ ਪਿੰਡ ਚੱਠਾ ਨੰਨਹੇੜਾ ਦੇ ਸਬ ਸੈਂਟਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਮੰਡੀ ਦੇ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਨਾਲ ਲੈਕੇ ਮਾਰਕਫੈੱਡ ਦੇ ਇੰਸਪੈਕਟਰ ਨਵਦੀਪ ਸਿੰਘ ਅਤੇ ਜਤਿਨ ਗਰਗ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਮੰਡੀ ਦਾ ਦੌਰਾ ਕਰਦਿਆਂ ਕਿਹਾ ਕਿ ਝੋਨੇ ਦੀ ਖਰੀਦ ਦੇ ਪ੍ਰਬੰਧ ਮੁਕੰਮਲ ਹਨ, ਕਿਸੇ ਵੀ ਕਿਸਾਨ ਜਾਂ ਆੜ੍ਹਤੀਏ ਨੂੰ ਕਿਸੇ ਤਰਾਂ ਦੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨ ਆਗੂ ਚੱਠਾ ਨੇ ਕਿਹਾ ਕਿ ਖਰੀਦ ਏਜੰਸੀ ਦੇ ਅਧਿਕਾਰੀ ਨੂੰ ਕਿਹਾ ਗਿਆ ਹੈ ਕਿ ਝੋਨੇ ਦੀ ਬੋਲੀ, ਲਿਫਟਿੰਗ ਅਤੇ ਅਦਾਇਗੀ ਨਾਲੋਂ ਨਾਲ ਕਰਵਾਈ ਜਾਵੇ। ਚੱਠਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੇਵਲ ਪੁਰੇ ਸੁੱਕੇ ਹੋਏ ਝੋਨੇ ਦੀ ਹੀ ਕਟਾਈ ਕਰਵਾਉਣ,ਹਰਾ ਅਤੇ ਵੱਧ ਨਮੀ ਵਾਲਾ ਝੋਨਾ ਨਾ ਕਟਵਾਉਣ ਤਾਂ ਕਿ ਉਨਾਂ ਨੂੰ ਮੰਡੀਆਂ ਵਿੱਚ ਆਪਣਾ ਝੋਨਾ ਵੇਚਣ ਵਿੱਚ ਕੋਈ ਮੁਸਕਿਲ ਪੇਸ਼ ਨਾ ਆਵੇ।
ਕਿਸਾਨ ਆਗੂ ਚੱਠਾ ਨੇ ਕਿਹਾ ਕਿ ਜੇਕਰ ਪੱਕਿਆ ਹੋਇਆ ਝੋਨਾ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਜਾਣਬੁੱਝ ਕੇ ਤੰਗ ਪੇ੍ਸਾਨ ਕੀਤਾ ਗਿਆ ਤਾਂ ਬੀਕੇਯੂ ਏਕਤਾ ਸਿੱਧੂਪੁਰ ਬਰਦਾਸ਼ਤ ਨਹੀਂ ਕਰੇਗੀ। ਕਿਸਾਨ ਆਗੂ ਚੱਠਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਝੋਨੇ ਦੀ 17 ਨਮੀ ਦੀ ਥਾਂ 20 ਨਮੀ ਵਾਲਾ ਝੋਨਾ ਖਰੀਦਣ ਲਈ ਆਪਣੇ ਅਧਿਕਾਰੀਆਂ ਨੂੰ ਆਦੇਸ਼ ਦੇਵੇ। ਚੀਨੀ ਵਾਇਰਸ ਨਾਲ ਹੋਏ ਝੋਨੇ ਦੇ ਖ਼ਰਾਬੇ ਕਾਰਨ ਸੂਬਾ ਅਤੇ ਕੇਂਦਰ ਸਰਕਾਰ ਕਿਸਾਨਾਂ ਨੂੰ ਪ੍ਰਤੀ ਕੁਇੰਟਲ 500 ਰੁਪਏ ਬੋਨਸ ਦੇਕੇ ਕਿਸਾਨਾਂ ਨੂੰ ਹਰ ਸਾਲ ਪੈਂਦੇ ਘਾਟੇ ਦੀ ਪੂਰਤੀ ਕਰੇ । ਇਸ ਮੌਕੇ ਮਾਰਕੀਟ ਕਮੇਟੀ ਦਾ ਅਧਿਕਾਰੀ ਤਰਸੇਮ ਸਿੰਘ, ਆੜਤੀਆਂ ਹਰਦੀਪ ਵਿੱਕੀ, ਸੁਰਿੰਦਰ ਕੁਮਾਰ,ਪ੍ਰਧਾਨ ਦਲੇਲ ਸਿੰਘ, ਕਰਨੈਲ ਸਿੰਘ,ਭੋਲਾ ਸਿੰਘ, ਸਰਬਜੀਤ ਸਿੰਘ, ਪ੍ਰਗਟ ਸਿੰਘ ਮਲਕ,ਜੀਵਨ ਸਿੰਘ, ਧੰਨਾ ਸਿੰਘ ਆਦਿ ਤੋਂ ਇਲਾਵਾ ਵੱਡੀ ਗਿੱਣਤੀ ਵਿੱਚ ਕਿਸਾਨ ਹਾਜ਼ਰ ਸਨ।