ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਟਿਕਾਣਿਆਂ ‘ਤੇ ਸੀਬੀਆਈ ਦੀ ਰੇਡ 21 ਘੰਟਿਆਂ ਬਾਅਦ ਖਤਮ ਹੋ ਗਈ ਹੈ। ਡੀਆਈਜੀ ਦੇ ਚੰਡੀਗੜ੍ਹ ਦੇ ਸੈਕਟਰ-40 ਸਥਿਤ ਘਰ ਤੋਂ ਬਰਾਮਦ ਰਕਮ 7 ਕਰੋੜ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ 15 ਤੋਂ ਵੱਧ ਪ੍ਰਾਪਰਟੀ, ਆਡੀ ਤੇ ਮਰਸਡੀਜ਼ ਦੀ ਚਾਬੀ, ਲਗਜ਼ਰੀ ਘੜੀਆਂ ਤੇ ਵਿਦੇਸ਼ੀ ਸ਼ਰਾਬ ਤੇ 3 ਹਥਿਆਰ ਵੀ ਮਿਲੇ। ਇਹ ਸਾਰਾ ਸਾਮਾਨ ਜ਼ਬਤ ਕਰਕੇ ਸੀਬੀਆਈ ਆਫਿਸ ਲਿਜਾਇਆ ਗਿਆ ਹੈ। ਥੋੜ੍ਹੀ ਦੇਰ ਵਿਚ ਡੀਆਈਜੀ ਭੁੱਲਰ ਨੂੰ ਸੀਬੀਆਈ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।
ਗ੍ਰਿਫਤਾਰੀ ਦੇ ਬਾਅਦ DIG ਦੀ ਪਹਿਲੀ ਤਸਵੀਰ ਸਾਹਮਣੇ ਆਈ। ਜਦੋਂ ਸੀਬੀਆਈ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-16 ਹਸਪਤਾਲ ਵਿਚ ਮੈਡੀਕਲ ਜਾਂਚ ਲਈ ਲੈ ਕੇ ਪਹੁੰਚੀ ਤਾਂ ਉਹ ਪੈਂਟ ਤੇ ਸ਼ਰਟ ਪਹਿਨੇ ਹੋਏ ਸਨ ਤੇ ਹੱਥ ਵਿਚ ਘੜੀ ਸੀ। ਉੁਨ੍ਹਾਂ ਨੇ ਰੁਮਾਲ ਨਾਲ ਆਪਣਾ ਚਿਹਰਾ ਢਕਿਆ ਹੋਇਆ ਸੀ। ਗੱਡੀ ਵਿਚ ਉਹ ਪਿੱਛੇ ਦੀ ਸੀਟ ‘ਤੇ ਬੈਠੇ ਸੀ ਤੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ।
DIG ਨੇ ਵਿਚੌਲੀਏ ਜ਼ਰੀਏ ਫਤਿਹਗੜ੍ਹ ਸਾਹਿਬ ਵਿਚ ਮੰਡੀ ਗੋਬਿੰਦਗੜ੍ਹ ਦੇ ਸਕਰੈਪ ਕਾਰੋਬਾਰੀ ਤੋਂ 8 ਲੱਖ ਦੀ ਰਿਸ਼ਵਤ ਮੰਗੀ ਸੀ। ਰਿਸ਼ਵਤ ਨਾ ਦੇਣ ‘ਤੇ ਉਸ ਦੇ 2 ਸਾਲ ਪਹਿਲਾਂ ਸਰਹਿੰਦ ਵਿਚ ਦਰਜ ਪੁਰਾਣੇ ਕੇਸ ਵਿਚ ਚਾਰਜਸ਼ੀਟ ਪੇਸ਼ ਕਰਨ ਤੇ ਨਵੇਂ ਫਰਜੀ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਗਈ। ਕਾਰੋਬਾਰੀ ਨੇ ਇਸ ਦੀ ਸ਼ਿਕਾਇਤ ਸੀਬੀਆਈ ਨੂੰ ਕਰ ਦਿੱਤੀ। ਸੀਬੀਆਈ ਨੇ ਜਾਂਚ ਦੇ ਬਾਅਦ ਟ੍ਰੈਪ ਲਗਾ ਕੇ ਡੀਆਈਜੀ ਨੂੰ ਗ੍ਰਿਫਤਾਰ ਕਰ ਲਿਆ। ਕਾਰੋਬਾਰੀ ਨੂੰ ਉਸ ‘ਤੇ 2023 ਵਿਚ ਸਰਹਿੰਦੇ ਥਾਣੇ ਵਿਚ ਦਰਜ ਫਰਜ਼ੀ ਬਿਲ ਬਿਲਟੀ ਦੇ ਸਹਾਰੇ ਦਿੱਲੀ ਤੋਂ ਮਾਲ ਲਿਆ ਕੇ ਫਰਨੇਸ਼ ਵਿਚ ਵੇਚਣ ਦੇ ਕੇਸ ਵਿਚ ਚਾਲਾਨ ਪੇਸ਼ ਕਰਨ ਦੀ ਧਮਕੀ ਦੇ ਕੇ ਰਿਸ਼ਵਤ ਮੰਗੀ ਗਈ ਸੀ ਜਿਸ ਦੀ ਸ਼ਿਕਾਇਤ ਉਸ ਨੇ ਸੀਬੀਆਈ ਨੂੰ ਦਿੱਤੀ ਸੀ।