ਪਾਇਲ,ਖੰਨਾ (ਲੁਧਿਆਣਾ) 05 ਸਤੰਬਰ: ਸੂਬੇ ਅੰਦਰ ਹੜ੍ਹਾਂ ਦੀ ਮਾਰ ਤੋਂ ਪੰਜਾਬ ਨੂੰ ਬਚਾਉਣ ਅਤੇ ਲੋਕਾਂ ਦੀ ਖੁਸ਼ਹਾਲੀ ਲਈ ਪਾਇਲ ਹਲਕੇ ਦੇ ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਆਪਣੀ ਪਤਨੀ ਰਮਨਜੀਤ ਕੌਰ ਅਤੇ ਸੰਗਤਾਂ ਸਮੇਤ ਇਤਿਹਾਸਕ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਘੁਡਾਣੀ ਕਲਾਂ ਵਿਖੇ ਸੁਖਮਨੀ ਸਾਹਿਬ ਦੇ ਪਾਠ ਕੀਤੇ। ਇਸ ਮੌਕੇ ਸਰਬੱਤ ਦੇ ਭਲੇ ਲਈ ਵਿਸ਼ੇਸ਼ ਅਰਦਾਸ ਵੀ ਕੀਤੀ ਗਈ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਦੀ ਬਹੁਤ ਵੱਡੀ ਮਹੱਤਤਾ ਹੈ। ਇਥੇ ਕੀਤੀ ਅਰਦਾਸ ਕਦੇ ਵੀ ਵਿਅਰਥ ਨਹੀਂ ਜਾਂਦੀ।
ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਗੁਰੂ ਸਾਹਿਬ ਦੀ ਮਿਹਰ ਨਾਲ ਪੰਜਾਬ ‘ਚ ਹੋਈ ਕੁਦਰਤੀ ਆਫ਼ਤਾਂ ਦਾ ਦੌਰ ਹੁਣ ਰੁਕੇਗਾ ਅਤੇ ਸੂਬਾ ਮੁੜ ਖੁਸ਼ਹਾਲੀ ਦੀ ਰਾਹ ‘ਤੇ ਤੁਰੇਗਾ। ਇਤਿਹਾਸਕ ਸੰਦਰਭ ਦਿੰਦੇ ਹੋਏ ਵਿਧਾਇਕ ਨੇ ਕਿਹਾ ਕਿ ਜਦੋਂ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਅੰਮ੍ਰਿਤਸਰ ਸਾਹਿਬ ਵੱਲ ਆ ਰਹੇ ਸਨ, ਤਾਂ ਉਹ ਘੁਡਾਣੀ ਕਲਾਂ ਵਿਖੇ ਸਭ ਤੋਂ ਵੱਧ ਸਮਾਂ ਠਹਿਰੇ ਸਨ। ਗੁਰੂ ਸਾਹਿਬ ਨੇ ਇਸ ਧਰਤੀ ਨੂੰ ਵਰ ਦਿੱਤੇ ਸੀ। ਗੁਰੂ ਘਰ ਅੰਦਰ ਅੱਜ ਵੀ 52 ਕਲੀਆਂ ਵਾਲਾ ਪਵਿੱਤਰ ਚੋਲਾ ਸ਼ੁਸ਼ੋਭਿਤ ਹੈ।
ਉਨ੍ਹਾਂ ਕਿਹਾ ਕਿ ਇਹ ਗੁਰਦੁਆਰਾ ਸਿਰਫ ਪੰਜਾਬ ਹੀ ਨਹੀਂ, ਸਗੋਂ ਦੇਸ਼-ਵਿਦੇਸ਼ ਵਿਚ ਬੈਠੇ ਸਿੱਖ ਭਾਈਚਾਰੇ ਲਈ ਵੱਡੇ ਸਤਿਕਾਰ ਅਤੇ ਆਸਥਾ ਦਾ ਕੇਂਦਰ ਹੈ। ਹਰ ਸਾਲ ਹਜ਼ਾਰਾਂ ਸੰਗਤਾਂ ਇੱਥੇ ਦਰਸ਼ਨ ਕਰਨ ਆਉਂਦੀਆਂ ਹਨ ਅਤੇ ਗੁਰੂ ਸਾਹਿਬ ਦੇ ਚਰਨਾਂ ਵਿਚ ਨਤਮਸਤਕ ਹੋ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਦੀ ਅਰਦਾਸ ਕਰਦੀਆਂ ਹਨ।
ਵਿਧਾਇਕ ਗਿਆਸਪੁਰਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਵਿਚ ਲੋਕਾਂ ਨੂੰ ਸਿਰਫ ਸਰਕਾਰੀ ਯਤਨਾਂ ਨਾਲ ਨਹੀਂ, ਸਗੋਂ ਧਾਰਮਿਕ ਤੇ ਆਤਮਿਕ ਜੋੜ ਨਾਲ ਵੀ ਮੁਸ਼ਕਲਾਂ ਤੋਂ ਬਚਾਇਆ ਜਾ ਸਕਦਾ ਹੈ। ਗੁਰੂ ਘਰਾਂ ਵਿਚ ਹਾਜ਼ਰੀ ਭਰ ਕੇ ਤੇ ਸੱਚੀ ਨੀਅਤ ਨਾਲ ਅਰਦਾਸ ਕਰਕੇ ਹੀ ਲੋਕਾਂ ਦੇ ਦੁੱਖ ਦਰਦ ਦੂਰ ਹੋ ਸਕਦੇ ਹਨ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਗੁਰੂ ਸਾਹਿਬ ਦੀ ਸਿੱਖਿਆ ਅਨੁਸਾਰ ਸਾਂਝੇ ਪੱਖ ਨਾਲ ਕੰਮ ਕਰਨ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਇਕ ਵਾਰ ਫਿਰ ਖੁਸ਼ਹਾਲੀ ਦੇ ਰਾਹ ‘ਤੇ ਤੁਰ ਸਕੇ।