ਖੰਨਾ, (ਲੁਧਿਆਣਾ) 4 ਸਤੰਬਰ: ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਕਿਰਤ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਸ਼ੁੱਕਰਵਾਰ ਨੂੰ ਪਲੈਨੇਟ ਈ ਸਕੂਲ, ਖੰਨਾ ਤੋਂ ਗੁਰਦਾਸਪੁਰ ਜ਼ਿਲੇ ਫਤਿਹਗੜ੍ਹ ਚੂੜੀਆਂ ਦੇ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਲੋਕਾਂ ਦੀ ਮੱਦਦ ਲਈ ਰਾਹਤ ਸਮੱਗਰੀ ਦਾ ਤੀਜਾ ਟਰੱਕ ਰਵਾਨਾ ਕੀਤਾ, ਜਿਸ ਵਿੱਚ ਸੁੱਕਾ ਰਾਸ਼ਨ, ਵੱਡੀ ਮਾਤਰਾ ਵਿੱਚ ਆਟੇ ਦੀਆਂ ਥੈਲੀਆਂ, ਦਾਲਾਂ, ਚਾਵਲ, ਪੀਣ ਵਾਲਾ ਬੋਤਲ ਬੰਦ ਪਾਣੀ, ਸਾਬਣ, ਸ਼ਰਫ਼ ਅਤੇ ਦਵਾਈਆਂ ਆਦਿ ਹੋਰ ਜ਼ਰੂਰੀ ਵਸਤਾਂ ਉਪਲਬਧ ਸਨ। ਇਹ ਰਾਹਤ ਸਮੱਗਰੀ ਖਾਲਸਾ ਏਡ ਨੂੰ ਮੁੱਹਈਆ ਕਰਵਾਈ ਗਈ ਹੈ, ਜੋ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਖਾਲਸਾ ਏਡ ਵੱਲੋਂ ਵੰਡੀ ਜਾਵੇਗੀ। ਇਸ ਤੋਂ ਪਹਿਲਾਂ ਪਿਛਲੇ ਦਿਨਾਂ ਦੌਰਾਨ ਮੰਤਰੀ ਸੌਂਦ ਵੱਲੋਂ ਖੰਨਾ ਤੋਂ ਫਾਜ਼ਿਲਕਾ ਜ਼ਿਲੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਸ਼ੂ ਧਨ ਦੀ ਮੱਦਦ ਲਈ ਫੀਡ ਦੇ ਦੋ ਟਰੱਕ ਭੇਜੇ ਜਾ ਚੁੱਕੇ ਹਨ।
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਪੰਜਾਬ ਵਿੱਚ ਹੜ੍ਹਾਂ ਨੇ ਵੱਡੇ ਪੱਧਰ ‘ਤੇ ਨੁਕਸਾਨ ਕੀਤਾ ਹੈ। ਪਸ਼ੂ ਭੁੱਖੇ ਬੈਠੇ ਹਨ ਅਤੇ ਲੋਕਾਂ ਦੇ ਘਰਾਂ ਵਿੱਚ ਹੜ੍ਹ ਦਾ ਪਾਣੀ ਆਉਣ ਕਰਕੇ ਲੋਕਾਂ ਨੂੰ ਆਪਣੇ ਘਰ ਛੱਡਣੇ ਪੈ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਦੇਸ਼ ਨੂੰ ਜਰੂਰਤ ਪਈ ਤਾਂ ਪੰਜਾਬੀਆਂ ਨੇ ਆਪਣਾ ਖੂਨ ਪਸੀਨਾ ਵਹਾਇਆ ਅਤੇ ਜਦੋਂ ਪੂਰਾ ਦੇਸ਼ ਭੁੱਖਾ ਸੀ ਤਾਂ ਉਦੋਂ ਪੰਜਾਬ ਨੇ ਅੰਨ ਭੰਡਾਰ ਭਰੇ । ਦੇਸ਼ ਦੀਆਂ ਸਰਹੱਦਾਂ ‘ਤੇ ਖੜ੍ਹ ਕੇ ਦੇਸ਼ ਲਈ ਕੁਰਬਾਨੀ ਕਰਨ ਦੀ ਗੱਲ ਆਈ ਤਾਂ ਪੰਜਾਬੀਆਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ। ਜਦੋਂ ਦੇਸ਼ ਆਜ਼ਾਦ ਕਰਵਾਉਣ ਦੀ ਗੱਲ ਹੋਈ ਤਾਂ 90 ਪ੍ਰਤੀਸ਼ਤ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ। ਅੱਜ ਪੰਜਾਬ ਵਿੱਚ ਹਲਾਤ ਅਜਿਹੇ ਹੋ ਗਏ ਕਿ ਕੁਦਰਤੀ ਆਫਤ ਹੜ੍ਹ ਨੇ ਬੜੀ ਵੱਡੀ ਮਾਰ ਕੀਤੀ। ਉਨ੍ਹਾਂ ਕਿਹਾ ਕਿ ਅੱਜ ਕਿੱਥੇ ਗਈਆਂ ਦੇਸ਼ ਦੀਆਂ ਬਾਕੀ ਸਟੇਟਾਂ ਅਤੇ ਕੇਂਦਰ ਦੀ ਸਰਕਾਰ ਲੱਭੀ ਨਹੀਂ ਥਿਆ ਰਹੀ।
ਉਨ੍ਹਾਂ ਕਿਹਾ ਕਿ ਕੱਲ੍ਹ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਪੰਜਾਬ ਆਏ ਸਨ ਅਤੇ ਉਨ੍ਹਾਂ ਦੇ ਨਾਲ ਭਾਜਪਾ ਪੰਜਾਬ ਪ੍ਰਧਾਨ ਵੀ ਮੌਜੂਦ ਸਨ। ਬੜੀਆਂ ਆਸਾਂ ਤੇ ਉਮੀਦਾਂ ਸਨ ਕਿ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਪੰਜਾਬ ਨੂੰ ਕੁੱਝ ਦੇ ਕੇ ਜਾਣਗੇ ਪਰ ਜਿਹੜੇ ਪੈਰੀਂ ਆਏ ਉਸੇ ਪੈਰੀਂ ਖਾਲੀ ਹੱਥ ਮੁੜ ਗਏ, ਬੜੇ ਹੀ ਦੁੱਖ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਮੈਂ ਸਮੂਹ ਪੰਜਾਬੀਆਂ ਦਾ ਧੰਨਵਾਦ ਕਰਦਾ ਹਾਂ ਜਿਹੜੇ ਵੱਧ ਚੜ੍ਹ ਕੇ ਇਸ ਆਫ਼ਤ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਇਸ ਮੌਕੇ ਉਨ੍ਹਾਂ ਪੰਜਾਬ ਦੇ ਕਲਾਕਾਰਾਂ ਦੀ ਵੀ ਸ਼ਲਾਘਾ ਕੀਤੀ ਜਿਹੜੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕੰਮ ਕਰ ਰਹੇ ਹਨ।
ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੇ ਆਦੇਸ਼ ਹਨ ਕਿ ਸਾਰੇ ਕੈਬਨਿਟ ਮੰਤਰੀ, ਵਿਧਾਇਕ, ਚੇਅਰਮੈਨ ਜਾਂ ਕੋਈ ਹੋਰ ਅਹੁਦੇਦਾਰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਦਿਨ ਰਾਤ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਹਰਿਆਣਾ ਨੇ ਕਿਹਾ ਸਾਡਾ ਪਾਣੀ ਦਾ ਕੋਟਾ ਘਟਾ ਦਿਓ। ਅੱਜ ਇਸੇ ਤਰ੍ਹਾਂ ਰਾਜਸਥਾਨ ਨੇ ਵੀ ਕਹਿ ਦਿੱਤਾ ਕਿ ਸਾਨੂੰ ਹੁਣ ਪਾਣੀ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਜਦੋਂ ਗਰਮੀ ਦੇ ਦਿਨ ਹੋਣ ਉਦੋ ਪੰਜਾਬ ਦੇ ਹੱਕਾਂ ‘ਤੇ ਡਾਕਾ ਮਾਰਨ ਕੇ ਵੀ ਪਾਣੀ ਚਾਹੀਦਾ, ਜਦੋਂ ਪੰਜਾਬ ਵਿੱਚ ਹੜ੍ਹ ਆਉਣ ਉਦੋਂ ਉਸ ਸਮੇਂ ਹਰਿਆਣਾ ਅਤੇ ਰਾਜਸਥਾਨ ਨੂੰ ਪਾਣੀ ਨਹੀਂ ਚਾਹੀਦਾ। ਮੰਤਰੀ ਸੌਂਦ ਨੇ ਕਿਹਾ ਕਿ ਇਹ ਮਤਰੇਈ ਮਾਂ ਵਾਲਾ ਸਲੂਕ ਹੈ ਜਿਹੜਾ ਹੋਣਾ ਨਹੀਂ ਚਾਹੀਦਾ।
ਇਸ ਮੌਕੇ ਪਲੈਨਟ ਈ ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਸ਼੍ਰੀਮਤੀ ਸੋਨੀਆ ਧਵਨ ਅਤੇ ਸਕੂਲ ਪ੍ਰਿੰਸੀਪਲ ਸ੍ਰੀ ਰਾਕੇਸ਼ ਠਾਕੁਰ, ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ ਰਤਨਹੇੜੀ, ਜ਼ਿਲ੍ਹਾ ਪਲਾਨਿੰਗ ਬੋਰਡ ਦੇ ਮੈਂਬਰ ਮਾਸਟਰ ਅਵਤਾਰ ਸਿੰਘ ਦਹਿੜੂ, ਕੌਂਸਲਰ ਪਰਮਪ੍ਰੀਤ ਸਿੰਘ ਪੌਪੀ, ਕੌਂਸਲਰ ਜਤਿੰਦਰ ਪਾਠਕ, ਕੌਂਸਲਰ ਸੁਨੀਲ ਕੁਮਾਰ ਨੀਟਾ, ਓ.ਐਸ.ਡੀ ਕਰਨ ਅਰੋੜਾ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਕੁਲਵੰਤ ਸਿੰਘ ਮਹਿਮੀ, ਸਾਬਕਾ ਕੌਂਸਲਰ ਰਾਜਿੰਦਰ ਸਿੰਘ ਜੀਤ, ਸਾਬਕਾ ਕੌਂਸਲਰ ਗੁਰਮੇਲ ਸਿੰਘ ਕਾਲਾ, ਕਿਸਾਨ ਵਿੰਗ ਦਾ ਪ੍ਰਧਾਨ ਯਾਦਵਿੰਦਰ ਸਿੰਘ ਲਿਬੜਾ, ਕਰਮਜੀਤ ਸਿੰਘ ਸਿਫਤੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।