ਜਲੰਧਰ, 25 ਅਗਸਤ : ਆਰਜ਼ੀ ਪਟਾਖਾ ਮਾਰਕੀਟ ਲਈ ਨਵੀਂ ਥਾਂ ਨਿਰਧਾਰਿਤ ਕਰਨ ਨੂੰ ਲੈ ਕੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸਥਾਰਤ ਚਰਚਾ ਕੀਤੀ ਗਈ।
ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਸਬੰਧੀ ਹੋਈ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਨਗਰ ਨਿਗਮ ਜਲੰਧਰ ਵੱਲੋਂ ਸ਼ਹਿਰੀ ਖੇਤਰ ਵਿੱਚ ਉਪਲਬਧ ਖਾਲੀ ਥਾਵਾਂ ਦੀ ਪੇਸ਼ ਕੀਤੀ ਸੂਚੀ ’ਤੇ ਵਿਚਾਰ ਕਰਨ ਤੋਂ ਇਲਾਵਾ ਹੋਰਨਾਂ ਵਿਭਾਗਾਂ ਵੱਲੋਂ ਸੁਝਾਈਆਂ ਖਾਲੀ ਥਾਵਾਂ ’ਤੇ ਵੀ ਗੌਰ ਕੀਤੀ ਗਈ। ਉਨ੍ਹਾਂ ਨਗਰ ਨਿਗਮ, ਪੁਲਿਸ ਅਤੇ ਫਾਇਰ ਵਿਭਾਗ ਦੇ ਅਧਿਕਾਰੀਆਂ ਨੂੰ ਮੀਟਿੰਗ ਵਿੱਚ ਤਜਵੀਜ਼ ਕੀਤੀਆਂ ਖਾਲੀ ਥਾਵਾਂ ਦੀ ਸੁੱਰਖਿਆ ਤੇ ਹੋਰ ਲੋੜੀਂਦੇ ਪ੍ਰਬੰਧਾਂ ਪੱਖੋਂ ਮੁਕੰਮਲ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਲੰਧਰ ਸ਼ਹਿਰ ਵਿੱਚ ਹਰ ਸਾਲ ਦਿਵਾਲੀ ਦੇ ਤਿਉਹਾਰ ਮੌਕੇ ਪਟਾਖਾ ਮਾਰਕੀਟ ਬਰਲਟਨ ਪਾਰਕ ਵਿਖੇ ਲਗਾਈ ਜਾਂਦੀ ਹੈ ਪਰ ਇਸ ਵਾਰ ਪਾਰਕ ਵਿਖੇ ਨਵੀਨੀਕਰਨ ਦੇ ਕੰਮ ਦੇ ਚੱਲਦਿਆਂ ਪਾਰਕ ਨੂੰ ਆਰਜ਼ੀ ਪਟਾਖਾ ਮਾਰਕੀਟ ਲਈ ਵਰਤਣਾ ਸੁਰੱਖਿਆ ਪੱਖੋਂ ਉਚਿਤ ਨਹੀਂ ਹੋਵੇਗਾ।
ਉਨ੍ਹਾਂ ਅਧਿਕਾਰੀਆਂ ਨੂੰ ਪ੍ਰਸਤਾਵਿਤ ਥਾਵਾਂ ਬਾਰੇ 26 ਅਗਸਤ ਤੱਕ ਮੁਕੰਮਲ ਰਿਪੋਰਟ ਪੇਸ਼ ਦੀ ਹਦਾਇਤ ਕੀਤੀ ਤਾਂ ਜੋ ਆਰਜ਼ੀ ਪਟਾਖਾ ਮਾਰਕੀਟ ਸਥਾਪਤ ਕਰਨ ਸਬੰਧੀ ਅਗਲੇਰੀ ਪ੍ਰਕਿਰਿਆ ਤੁਰੰਤ ਅਮਲ ਵਿੱਚ ਲਿਆਂਦੀ ਜਾ ਸਕੇ।
ਇਸ ਮੌਕੇ ਨਗਰ ਨਿਗਮ, ਪੁਲਿਸ ਅਤੇ ਫਾਇਰ ਵਿਭਾਗ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।