ਜਲੰਧਰ, 8 ਅਗਸਤ: ਸ਼ਹਿਰ ਦੇ ਖੇਡ ਢਾਂਚੇ ਨੂੰ ਹੋਰ ਮਜ਼ਬੂਤੀ ਦੇਣ ਵੱਲ ਇੱਕ ਵੱਡਾ ਕਦਮ ਚੁੱਕਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ (ਆਈਏਐਸ) ਨੇ ਸ਼ੁੱਕਰਵਾਰ ਨੂੰ ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਨਵੇਂ ਬਣੇ ਚਾਰ ਮਲਟੀਪਰਪਜ਼ ਕੋਰਟ ਅਤੇ ਇੱਕ ਆਧੁਨਿਕ ਰਨਿੰਗ ਟਰੈਕ ਦਾ ਉਦਘਾਟਨ ਕੀਤਾ। ਇਸ ਨਵੇਂ ਵਿਕਾਸ ਨਾਲ ਹੁਣ ਇਹ ਸਟੇਡੀਅਮ ਪੰਜਾਬ ਦਾ ਇਕੱਲਾ ਅਜਿਹਾ ਸਟੇਡੀਅਮ ਬਣ ਗਿਆ ਹੈ, ਜਿਸ ਵਿੱਚ ਕੁੱਲ 10 ਕੋਰਟ ਹਨ।
ਇਸ ਮੌਕੇ ਡਾ. ਅਗਰਵਾਲ ਵੱਲੋਂ ਉਨ੍ਹਾਂ ਖਿਡਾਰੀਆਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਪੰਜਾਬ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ। ਸਮਾਗਮ ਦੌਰਾਨ ਇੰਡੀਅਨ ਆਇਲ ਜਲੰਧਰ ਡਿਸਟ੍ਰਿਕਟ ਬੈਡਮਿੰਟਨ ਚੈਂਪੀਅਨਸ਼ਿਪ (28 ਤੋਂ 31 ਅਗਸਤ 2025) ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ।
ਸਭਾ ਨੂੰ ਸੰਬੋਧਨ ਕਰਦਿਆਂ ਡਾ. ਅਗਰਵਾਲ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਦੀ ਜ਼ਿੰਦਗੀ ਨੂੰ ਸੰਵਾਰਨ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਕਿਹਾ ‘ਖੇਡਾਂ ਨਾ ਸਿਰਫ਼ ਸਰੀਰਕ ਤੰਦਰੁਸਤੀ ਅਤੇ ਮਾਨਸਿਕ ਮਜ਼ਬੂਤੀ ਨੂੰ ਵਧਾਉਂਦੀਆਂ ਹਨ, ਸਗੋਂ ਅਨੁਸ਼ਾਸਨ, ਟੀਮ ਸਪਿਰਿਟ ਅਤੇ ਚਰਿੱਤਰ ਨਿਰਮਾਣ ਵਿਚ ਵੀ ਸਹਾਇਕ ਹੁੰਦੀਆਂ ਹਨ। ਇਹ ਇਨਸਾਨ ਨੂੰ ਆਤਮ ਵਿਸ਼ਵਾਸੀ, ਜ਼ਿੰਮੇਵਾਰ ਅਤੇ ਮਜ਼ਬੂਤ ਬਣਾਉਂਦੀਆਂ ਹਨ।
ਉਨ੍ਹਾਂ ਨੇ ਸਨਮਾਨਤ ਖਿਡਾਰੀਆਂ ਦੇ ਮਾਪਿਆਂ ਨੂੰ ਵੀ ਮੁਬਾਰਕਬਾਦ ਦਿੱਤੀ ਅਤੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵੱਲੋਂ ਖੇਤਰ ਵਿੱਚ ਬੈਡਮਿੰਟਨ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਲਾਹਿਆ। ਨਾਲ ਹੀ ਉਨ੍ਹਾਂ ਭਵਿੱਖ ਵਿੱਚ ਐਸੋਸੀਏਸ਼ਨ ਦੀਆਂ ਯੋਜਨਾਵਾਂ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਅਤੇ ਸਾਬਕਾ ਰਾਸ਼ਟਰੀ ਖਿਡਾਰੀ ਰਿਤਿਨ ਖੰਨਾ ਨੇ ਪ੍ਰਾਜੈਕਟ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੂਰੇ ਵਿਕਾਸ ਕਾਰਜ ਦੀ ਲਾਗਤ 25 ਲੱਖ ਰੁਪਏ ਰਹੀ ਅਤੇ ਇਹ ਸਿਰਫ ਤਿੰਨ ਮਹੀਨਿਆਂ ਵਿੱਚ ਪੂਰਾ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਖਿਡਾਰੀ ਬਹੁਤ ਹੀ ਕਿਫਾਇਤੀ ਦਰਾਂ ‘ਤੇ “ਪੇ ਐਂਡ ਪਲੇ” ਆਧਾਰ ‘ਤੇ ਹਡਲ ਐਪ ਰਾਹੀਂ ਜਾਂ ਸਿੱਧਾ ਐਸੋਸੀਏਸ਼ਨ ਰਾਹੀਂ ਆਪਣਾ ਸਲੌਟ ਬੁੱਕ ਕਰ ਸਕਣਗੇ। ਇਨ੍ਹਾਂ ਨਵੀਆਂ ਸਹੂਲਤਾਂ ਰਾਹੀਂ ਹੁਣ ਲੋਕ ਇੱਕੋ ਥਾਂ ‘ਤੇ ਬੈਡਮਿੰਟਨ ਅਤੇ ਪਿਕਲਬਾਲ ਦੋਹਾਂ ਦਾ ਆਨੰਦ ਲੈ ਸਕਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਸਟੇਡੀਅਮ ਨੂੰ ਹੋਰ ਅਧੁਨਿਕ ਬਣਾਉਣ ਲਈ ਕਈ ਹੋਰ ਪ੍ਰਾਜੈਕਟ ਵੀ ਪ੍ਰਕਿਰਿਆ ਅਧੀਨ ਹਨ।
ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ 5 ਸਾਲਾਂ ‘ਚ ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਦੇ ਵਿਕਾਸ ‘ਤੇ 1 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਜਾ ਚੁੱਕੇ ਹਨ। ਹੁਣ ਸਟੇਡੀਅਮ ਵਿੱਚ 10 ਕੋਰਟ, ਜਿਮਨੇਜ਼ੀਅਮ, ਯੋਗਾ ਅਤੇ ਏਰੋਬਿਕਸ ਸੈਂਟਰ, ਰੈਸਟੋਰੈਂਟ, ਫਿਜ਼ੀਓਥੈਰੇਪੀ ਸੈਂਟਰ, ਖੇਡ ਸਾਮਾਨ ਦੀ ਦੁਕਾਨ ਅਤੇ ਰਨਿੰਗ ਟਰੈਕ ਵਰਗੀਆਂ ਆਧੁਨਿਕ ਸੁਵਿਧਾਵਾਂ ਵੀ ਉਪਲਬਧ ਹਨ।
ਇਸ ਮੌਕੇ ਡੀ.ਬੀ.ਏ. ਚੇਅਰਮੈਨ ਰਣਦੀਪ ਸਿੰਘ ਹੀਰ (ਪੀ.ਸੀ.ਐਸ.), ਖਜ਼ਾਨਚੀ ਪਲਵਿੰਦਰ ਜੁਨੇਜਾ ਅਤੇ ਕਾਰਜਕਾਰੀ ਮੈਂਬਰ ਰਾਕੇਸ਼ ਖੰਨਾ, ਕੁਸੁਮ ਕੈਪੀ, ਮੁਕੁਲ ਵਰਮਾ, ਹਰਪ੍ਰੀਤ ਸਿੰਘ, ਅਮਨ ਮਿਤਲ ਅਤੇ ਰਵਨੀਤ ਤੱਖਰ ਵੀ ਮੌਜੂਦ ਸਨ।
1 ਫੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ, ਡੀਬੀਏ ਸਕੱਤਰ ਰਿਤਿਨ ਖੰਨਾ ਅਤੇ ਹੋਰ ਮੈਂਬਰਾਂ ਸਮੇਤ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ 4 ਮਲਟੀਪਰਪਜ਼ ਕੋਰਟ ਅਤੇ ਰਨਿੰਗ ਟਰੈਕ ਦਾ ਉਦਘਾਟਨ ਕਰਦੇ ਹੋਏ।
2 ਫੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ, ਡੀਬੀਏ ਸਕੱਤਰ ਰਿਤਿਨ ਖੰਨਾ ਅਤੇ ਹੋਰ ਮੈਂਬਰਾਂ ਸਮੇਤ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ ਵਿੱਚ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਦਾ ਪੋਸਟਰ ਜਾਰੀ ਕਰਦੇ ਹੋਏ।
3 ਫੋਟੋ ਕੈਪਸ਼ਨ: ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਅਤੇ ਡੀਬੀਏ ਸਕੱਤਰ ਰਿਤਿਨ ਖੰਨਾ ਸਮਾਰੋਹ ਦੌਰਾਨ ਰਾਸ਼ਟਰੀ ਖਿਡਾਰੀਆਂ ਨੂੰ ਸਨਮਾਨਤ ਕਰਦੇ ਹੋਏ।