ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ’ਚ ਸੋਮਵਾਰ ਨੂੰ ਦੁਪਹਿਰ ਸਮੇਂ ਇਕ ਵਾਰ ਫਿਰ ਤੋਂ ਮਾਹੌਲ ਗਰਮਾ ਗਿਆ। ਪੁਲਿਸ ਅਤੇ ਵਿਦਿਆਰਥੀਆਂ ’ਚ ਧੱਕਾ-ਮੁੱਕੀ ਹੋਈ। ਵਿਦਿਆਰਥੀਆਂ ਨੇ ਗੇਟ ਨੰਬਰ ਦੋ ਨੂੰ ਬੰਦ ਕਰਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਸਥਿਤ ਤਣਾਅਪੂਰਨ ਬਣਦਿਆਂ ਦੇਖ ਵਾਧੂ ਪੁਲਿਸ ਬੁਲਾਈ ਗਈ। ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਚੰਡੀਗੜ੍ਹ ਪੁਲਿਸ ਵਾਪਸ ਜਾਓ ਦੇ ਨਾਅਰੇ ਵੀ ਲਗਾਏ।ਫਰੀਦਕੋਟ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਵੀ ਵਿਦਿਆਰਥੀਆਂ ਦੇ ਵਿਰੋਧ ਵਿਚ ਸ਼ਾਮਲ ਹੋਏ। ਸੰਸਦ ਮੈਂਬਰ ਨੇ ਵਿਦਿਆਰਥੀਆਂ ਨਾਲ ਆਪਣੀ ਇਕਜੁੱਟਤਾ ਪ੍ਰਗਟਾਈ ਅਤੇ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ। ਯੂਨੀਵਰਸਿਟੀ ਦੇ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ ਦੇ ਵਿਦਿਆਰਥੀ ਅਭਿਸ਼ੇਕ ਡਾਗਰ ਪਿਛਲੇ ਚਾਰ ਦਿਨਾਂ ਤੋਂ ਮਰਨ ਵਰਤ ’ਤੇ ਹਨ। ਉਥੇ ਬੋਰਡਾਂ ’ਤੇ ‘ਵਿਦਿਆਰਥੀਓ ਸੈਨੇਟ ਬਚਾਓ’ ਅਤੇ ‘ਪੀਯੂ ਬਚਾਓ’ ਨਾਅਰੇ ਵੀ ਲਿਖੇ ਹੋਏ ਸਨ। ਇਸੇ ਦੌਰਾਨ ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀ ਸ਼ਰਾਬੀ ਸਨ ਅਤੇ ਉਨ੍ਹਾਂ ਵੱਲੋਂ ਸਾਡੇ ਨਾਲ ਬਦਸਲੂਕੀ ਕੀਤੀ ਗਈ। ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਮੁਨੀਸ਼ ਤਿਵਾੜੀ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਵੀ ਭੁੱਖ ਹੜਤਾਲ ’ਤੇ ਬੈਠੇ ਵਿਦਿਆਰਥੀ ਦਾ ਹਾਲ ਜਾਨਣ ਲਈ ਪਹੁੰਚੇ। ਜਿਕਰਯੋਗ ਹੈ ਕਿ ਡਾਗਰ ਵਿਦਿਆਰਥੀ ਆਰਗੇਨਾਈਜੇਸ਼ਨ ਆਫ਼ ਪੰਜਾਬ ਯੂਨੀਵਰਸਿਟੀ ਦੇ ਆਗੂ ਹਨ ਅਤੇ ਕੌਂਸਲ ਦੇ ਜਨਰਲ ਸਕੱਤਰ ਵੀ ਹਨ। ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਚੱਲ ਰਹੇ ਧਰਨੇ ਪ੍ਰਦਰਸ਼ਨ ਨੂੰ ਹਟਾਉਣ ਦੀ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਗਈ।
ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਦੀ ਸੀਨੇਟ ਅਤੇ ਸਿੰਡੀਕੇਟ ਨੂੰ ਵੀ ਭੰਗ ਕਰ ਦਿੱਤਾ ਹੈ, ਜਿਸ ’ਤੇ ਵਿਵਾਦ ਸ਼ੁਰੂ ਹੋ ਗਿਆ ਹੈ ਅਤੇ ਵਿਦਿਆਰਥੀ ਆਗੂਆਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਅਪਣਾਏ ਜਾ ਰਹੇ ਰਵੱਈਏ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਵਿਦਿਆਰਥੀਆਂ ਨੂੰ ਹਲਫਨਾਮਾ ਦੇਣ ਦਾ ਦਿੱਤਾ ਹੁਕਮ : ਪੰਜਾਬ ਯੂਨੀਵਰਸਿਟੀ ਨੇ ਜੂਨ 2025 ’ਚ ਹੁਕਮ ਦਿੱਤਾ ਸੀ ਕਿ ਇਥੇ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਇਕ ਹਲਫ਼ੀਆ ਬਿਆਨ ਦੇਣਾ ਹੋਵੇਗਾ, ਜਿਸ ’ਚ 11 ਤਰ੍ਹਾਂ ਦੀਆਂ ਸ਼ਰਤਾਂ ਦਿੱਤੀਆਂ ਗਈਆਂ ਹਨ। ਇਸ ’ਚ ਯੂਨੀਵਰਸਿਟੀ ’ਚ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ’ਚ ਹਿੱਸਾ ਨਾ ਲੈਣ ਦੇ ਨਾਲ-ਨਾਲ ਅਪਰਾਧਿਕ ਕੇਸ ’ਚ ਨਾ ਹੋਣ ਦੀ ਗੱਲ ਕੀਤੀ ਗਈ ਹੈ। ਵੱਖ-ਵੱਖ ਵਿਦਿਆਰਥੀ ਯੂਨੀਅਨਾਂ ਦੇ ਮੈਂਬਰ ਇਸ ਦੇ ਖ਼ਿਲਾਫ਼ ਪਹਿਲਾਂ ਤੋਂ ਹੀ ਪ੍ਰਦਰਸ਼ਨ ਕਰਦੇ ਆ ਰਹੇ ਹਨ।ਵਿਦਿਆਰਥੀਆਂ ਨੇ ਯਾਦ ਕਰਵਾਇਆ ਕਿ ਹਲਫ਼ਨਾਮੇ ਨੂੰ ਚੁਣੌਤੀ ਦੇਣ ਵਾਲੀ ਇੱਕ ਪਟੀਸ਼ਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਦਾਇਰ ਕੀਤੀ ਗਈ ਸੀ, ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਦਿਆਰਥੀ ਵਿਰੋਧੀ ਰੁਖ਼ ਅਪਣਾਇਆ, ਜੋ ਕਿ ਲੋਕਤੰਤਰੀ ਜਵਾਬਦੇਹੀ ਨੂੰ ਬਰਕਰਾਰ ਰੱਖਣ ਦੀ ਆਪਣੀ ਇੱਛਾ ਨੂੰ ਦਰਸਾਉਂਦਾ ਹੈ।
ਹਲਫ਼ਨਾਮੇ ਵਿੱਚ ਰੱਖੀਆਂ ਗਈਆਂ ਸ਼ਰਤਾਂ :
* ਰਿਹਾਇਸ਼ੀ ਖੇਤਰਾਂ ਅਤੇ ਯੂਨੀਵਰਸਿਟੀ ਕੈਂਪਸ ਵਿੱਚ ਵਿਰੋਧ ਪ੍ਰਦਰਸ਼ਨ ਨਹੀਂ ਕੀਤੇ ਜਾਣਗੇ।
* ਨਿਰਧਾਰਤ ਡੈਸੀਬਲ ਪੱਧਰ ਤੋਂ ਉੱਪਰ ਨਾਅਰੇਬਾਜ਼ੀ ਕਰਨ ਦੀ ਮਨਾਹੀ ਹੋਵੇਗੀ।
* ਵਿਦਿਆਰਥੀਆਂ ਨੂੰ ਹਮੇਸ਼ਾ ਪਛਾਣ ਪੱਤਰ ਪਹਿਨਣੇ ਚਾਹੀਦੇ ਹਨ।
* ਹਥਿਆਰਾਂ ਜਾਂ ਨੁਕਸਾਨਦੇਹ ਵਸਤੂਆਂ ਦੀ ਮਨਾਹੀ ਹੋਵੇਗੀ।
* ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਦਾਖਲ ਹੋਣ ਤੋਂ ਰੋਕਿਆ ਜਾਵੇਗਾ।
* ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿੱਚ ਬੈਠਣ ਤੋਂ ਰੋਕਿਆ ਜਾਵੇਗਾ।
* ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਦਿਆਰਥੀਆਂ ਦਾ ਦਾਖਲਾ ਰੱਦ ਕਰ ਦਿੱਤਾ ਜਾਵੇਗਾ।
* ਯੂਨੀਵਰਸਿਟੀ ਦੀਆਂ ਕੰਧਾਂ ’ਤੇ ਪੋਸਟਰ ਜਾਂ ਸਟਿੱਕਰ ਲਗਾਉਣ ਦੀ ਇਜਾਜ਼ਤ ਨਹੀਂ ਹੋਵੇਗੀ।
* ਜੇਕਰ ਕੋਈ ਪੋਸਟਰ ਜਾਂ ਇਸ਼ਤਿਹਾਰ ਪਾਇਆ ਜਾਂਦਾ ਹੈ, ਤਾਂ ਉਨ੍ਹਾਂ ਨੂੰ ਹਟਾਉਣ ਦੀ ਲਾਗਤ ਬਿਨੈਕਾਰ ਦੁਆਰਾ ਸਹਿਣ ਕੀਤੀ ਜਾਵੇਗੀ।
* ਕੈਂਪਸ ਵਿੱਚ ਵਾਹਨ ਚਲਾਉਣ ਅਤੇ ਪਾਰਕ ਕਰਨ ਦੀ ਮਨਾਹੀ ਹੋਵੇਗੀ।
* ਆਊਟਸੋਰਸ ਕੀਤੇ ਕਰਮਚਾਰੀਆਂ ਨੂੰ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਹੋਵੇਗੀ।


