ਪੰਜਾਬ ਸਰਕਾਰ ਨੇ ਹੁਣ ਤੱਕ ਆਪਣੇ ਪ੍ਰਮੁੱਖ ਪ੍ਰਾਜੈਕਟ ਜੀਵਨਜੋਤ ਤੇ ਜੀਵਨਜੋਤ 2.0 ਤਹਿਤ 704 ਬੱਚਿਆਂ ਨੂੰ ਬਾਲ ਭੀਖ ਮੰਗਣ ਵਾਲਿਆਂ ਦੇ ਚੁੰਗਲ ਤੋਂ ਬਚਾਇਆ ਹੈ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪ੍ਰਾਜੈਕਟ ਜੀਵਨਜੋਤ ਜੁਲਾਈ 2024 ਤੋਂ ਪੰਜਾਬ ਭਰ ’ਚ ਲਾਗੂ ਕੀਤਾ ਗਿਆ, ਜੋ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਹਰ ਮਹੀਨੇ ਦੇ ਦੂਜੇ ਹਫ਼ਤੇ ਦੌਰਾਨ ਮਾਸਿਕ ਬਚਾਅ ਮੁਹਿੰਮਾਂ ਚਲਾਉਣ ’ਤੇ ਕੇਂਦ੍ਰਿਤ ਹੈ। ਭੀਖ ਮੰਗਣ ਤੋਂ ਬਚਾਏ ਗਏ ਬੱਚਿਆਂ ਦਾ ਉਨ੍ਹਾਂ ਦੀ ਉਮਰ, ਯੋਗਤਾ ਤੇ ਦਸਤਾਵੇਜ਼ਾਂ ਦੀ ਉਪਲਬਧਤਾ ਅਨੁਸਾਰ ਵੱਖ-ਵੱਖ ਭਲਾਈ ਸਕੀਮਾਂ ਰਾਹੀਂ ਪੁਨਰਵਾਸ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮਨੁੱਖੀ ਸਮੱਗਲਿੰਗ ਤੇ ਸੰਗਠਿਤ ਭੀਖ ਮੰਗਣ ਵਾਲੇ ਰੈਕੇਟਾਂ ਨੂੰ ਰੋਕਣ ਲਈ ਸਰਕਾਰ ਨੇ ਪ੍ਰਾਜੈਕਟ ਜੀਵਨਜੋਤ 2.0 ਸ਼ੁਰੂ ਕੀਤਾ ਹੈ। ਇਸ ਪਹਿਲਕਦਮੀ ਤਹਿਤ ਬਚਾਏ ਗਏ ਬੱਚਿਆਂ ਤੇ ਉਨ੍ਹਾਂ ਨਾਲ ਆਉਣ ਵਾਲੇ ਬਾਲਗਾਂ ਦੇ ਸਬੰਧਾਂ ਦੀ ਪੁਸ਼ਟੀ ਕਰਨ ਲਈ ਡੀ. ਐੱਨ. ਏ. ਟੈਸਟ ਕੀਤੇ ਜਾਂਦੇ ਹਨ। ਜੇ ਡੀ. ਐੱਨ. ਏ. ਨਤੀਜੇ ਮੇਲ ਨਹੀਂ ਖਾਂਦੇ ਤਾਂ ਅਪਰਾਧੀਆਂ ਵਿਰੁੱਧ ਐੱਫ. ਆਈ. ਆਰ. ਦਰਜ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


