ਇੰਡੀਗੋ ਏਅਰਲਾਈਨਜ਼ ਨੇ ਸ਼ੁੱਕਰਵਾਰ (1 ਅਗਸਤ, 2025) ਨੂੰ ਮੁੰਬਈ-ਕੋਲਕਾਤਾ ਉਡਾਣ ਵਿੱਚ ਇੱਕ ਸਹਿ-ਯਾਤਰੀ ਨੂੰ ਥੱਪੜ ਮਾਰਨ ਵਾਲੇ ਵਿਅਕਤੀ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਏਅਰਲਾਈਨ ਨੇ ਉਸ ਵਿਅਕਤੀ ਨੂੰ ਨੋ-ਫਲਾਈ ਲਿਸਟ ਵਿੱਚ ਪਾ ਦਿੱਤਾ ਹੈ, ਜਿਸਦਾ ਮਤਲਬ ਹੈ ਕਿ ਉਹ ਵਿਅਕਤੀ ਭਵਿੱਖ ਵਿੱਚ ਇੰਡੀਗੋ ਦੀ ਉਡਾਣ ਵਿੱਚ ਸਫਰ ਨਹੀਂ ਕਰ ਸਕੇਗਾ। ਇਸ ਵਿਅਕਤੀ ‘ਤੇ ਅਸਾਮ ਦੇ ਕਛਾਰ ਦੇ ਰਹਿਣ ਵਾਲੇ ਸਹਿ-ਯਾਤਰੀ ‘ਤੇ ਜਹਾਜ਼ ਵਿੱਚ ਥੱਪੜ ਮਾਰਨ ਦਾ ਦੋਸ਼ ਸੀ। ਉਡਾਣ ਦੌਰਾਨ ਕਥਿਤ ਤੌਰ ‘ਤੇ ਉਸ ਵਿਅਕਤੀ ਨੂੰ ਪੈਨਿਕ ਅਟੈਕ ਆਇਆ ਸੀ, ਜਿਸ ਦੌਰਾਨ ਦੋਸ਼ੀ ਨੇ ਸਹਿ ਯਾਤਰੀ ਨੂੰ ਥੱਪੜ ਜੜ ਦਿੱਤਾ।
ਇਸ ਘਟਨਾ ਤੋਂ ਬਾਅਦ ਹੋਏ ਵਿਵਾਦ ਤੋਂ ਇੱਕ ਦਿਨ ਬਾਅਦ, ਇੰਡੀਗੋ ਏਅਰਲਾਈਨਜ਼ ਨੇ ਸ਼ਨੀਵਾਰ (2 ਅਗਸਤ, 2025) ਨੂੰ ਇੱਕ ਬਿਆਨ ਜਾਰੀ ਕਰਕੇ ਦੋਸ਼ੀ ਯਾਤਰੀ ‘ਤੇ ਉਡਾਣ ਭਰਨ ‘ਤੇ ਰੋਕ ਲਾਉਣ ਦਾ ਐਲਾਨ ਕੀਤਾ। ਏਅਰਲਾਈਨ ਨੇ ਬਿਆਨ ਵਿੱਚ ਕਿਹਾ, “ਸਾਡੀਆਂ ਉਡਾਣਾਂ ਵਿੱਚ ਅਜਿਹੇ ਅਨੁਸ਼ਾਸਨਹੀਣ ਵਿਵਹਾਰ ਲਈ ਕੋਈ ਥਾਂ ਨਹੀਂ ਹੈ ਅਤੇ ਅਸੀਂ ਇਸ ‘ਤੇ ਕਾਰਵਾਈ ਕਰਨ ਲਈ ਵਚਨਬੱਧ ਹਾਂ। ਇਸ ਲਈ, ਸਬੰਧਤ ਵਿਅਕਤੀ ਨੂੰ ਨਿਯਮਕ ਪ੍ਰਬੰਧਾਂ ਦੇ ਤਹਿਤ ਭਵਿੱਖ ਵਿੱਚ ਕਿਸੇ ਵੀ ਇੰਡੀਗੋ ਉਡਾਣ ਵਿੱਚ ਯਾਤਰਾ ਕਰਨ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।”
ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਥੱਪੜ ਮਾਰਨ ਦੀ ਵੀਡੀਓ
ਇੰਡੀਗੋ ਫਲਾਈਟ ਵਿੱਚ ਵਾਪਰੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵਾਇਰਲ ਹੋ ਰਿਹਾ ਹੈ। ਇਸ ਘਟਨਾ ਵਿੱਚ ਦੋਸ਼ੀ ਯਾਤਰੀ ਨੇ ਬਿਨਾਂ ਕਿਸੇ ਕਾਰਨ ਆਪਣੇ ਸਹਿ-ਯਾਤਰੀ ਨੂੰ ਥੱਪੜ ਮਾਰ ਦਿੱਤਾ। ਜਹਾਜ਼ ਵਿੱਚ ਜਿਸ ਵਿਅਕਤੀ ਨੂੰ ਥੱਪੜ ਮਾਰਿਆ ਗਿਆ, ਉਸ ਵਿਅਕਤੀ ਦੀ ਪਛਾਣ ਅਸਾਮ ਦੇ ਰਹਿਣ ਵਾਲੇ ਹੁਸੈਨ ਮਜੂਮਦਾਰ ਵਜੋਂ ਹੋਈ ਹੈ। ਘਟਨਾ ਦੀ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਜੂਮਦਾਰ ਘਬਰਾਹਟ ਵਿੱਚ ਹੈ ਅਤੇ ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਉਸ ਨੂੰ ਉਸਦੀ ਸੀਟ ‘ਤੇ ਲੈ ਜਾ ਰਹੇ ਹਨ, ਫਿਰ ਦੋਸ਼ੀ ਵਿਅਕਤੀ ਨੇ ਉਸਨੂੰ (ਹੁਸੈਨ ਮਜੂਮਦਾਰ) ਥੱਪੜ ਮਾਰ ਦਿੱਤਾ।
ਹਾਲਾਂਕਿ, ਇਸ ਮਾਮਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਮੋੜ ਆਇਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਘਟਨਾ ਤੋਂ ਬਾਅਦ ਮਜੂਮਦਾਰ ਲਾਪਤਾ ਹੈ। ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਦੇ ਅਨੁਸਾਰ, ਉਡਾਣ ਦੌਰਾਨ ਜਿਸ ਯਾਤਰੀ ‘ਤੇ ਹਮਲਾ ਹੋਇਆ ਸੀ, ਉਸ ਨੇ ਕੋਲਕਾਤਾ ਤੋਂ ਸਿਲਚਰ ਪਹੁੰਚਣਾ ਸੀ, ਪਰ ਉਹ ਉੱਥੇ ਨਹੀਂ ਪਹੁੰਚਿਆ।


