ਤਰਨਤਾਰਨ, 4 ਨਵੰਬਰ: ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਵਿਰੋਧੀ ਧਿਰਾਂ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਵਿਕਾਸ ਦੀ ਰਾਜਨੀਤੀ ਕਰ ਰਹੀ ਹੈ, ਜਦਕਿ ਕਾਂਗਰਸ ਅਤੇ ਅਕਾਲੀ ਦਲ ਵਰਗੀਆਂ ਰਵਾਇਤੀ ਪਾਰਟੀਆਂ ਕੋਲ ਲੋਕਾਂ ਨੂੰ ਦੱਸਣ ਲਈ ਕੁੱਝ ਨਹੀਂ ਹੈ, ਇਸ ਲਈ ਉਹ ਸਮਾਜ ਨੂੰ ਤੋੜਨ ਵਾਲੀ ਨਕਾਰਾਤਮਕ ਰਾਜਨੀਤੀ ਕਰ ਰਹੀਆਂ ਹਨ। ਇੱਥੇ ਜਾਰੀ ਇੱਕ ਬਿਆਨ ਵਿੱਚ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਹਮੇਸ਼ਾ ‘ਖਜ਼ਾਨਾ ਖਾਲੀ’ ਹੋਣ ਦਾ ਰੋਣਾ ਰੋਂਦੀਆਂ ਸਨ ਕਿਉਂਕਿ ਉਨ੍ਹਾਂ ਦੀ ਨੀਅਤ ‘ਚ ਖੋਟ ਸੀ। ਉਹ ਖੁਦ ਚੋਰ ਬਣੇ ਬੈਠੇ ਸਨ, ਇਸ ਲਈ ਨਾ ਜੀਐਸਟੀ ਵਧਿਆ ਨਾ ਟੈਕਸ। ‘ਆਪ’ ਸਰਕਾਰ ਨੇ ਤਿੰਨ ਸਾਲਾਂ ਵਿੱਚ ਹੀ ਕਾਂਗਰਸ-ਅਕਾਲੀਆਂ ਦੇ ਪੰਜ-ਪੰਜ ਸਾਲਾਂ ਨਾਲੋਂ ਵੱਧ ਮਾਲੀਆ ਇਕੱਠਾ ਕੀਤਾ ਹੈ ਅਤੇ ਉਸਨੂੰ ਲੋਕਾਂ ‘ਤੇ ਖਰਚ ਵੀ ਕੀਤਾ ਹੈ। ਚੀਮਾ ਨੇ ਸਵਾਲ ਕੀਤਾ ਕਿ ਜੇ ਖਜ਼ਾਨਾ ਭਰ ਨਾ ਰਿਹਾ ਹੁੰਦਾ ਤਾਂ 56,000 ਨੌਕਰੀਆਂ ਕਿੱਥੋਂ ਦਿੱਤੀਆਂ ਜਾਂਦੀਆਂ? ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਚੀਮਾ ਨੇ ਕਿਹਾ ਕਿ ਗੋਇੰਦਵਾਲ ਸਾਹਿਬ ਦਾ ਥਰਮਲ ਪਲਾਂਟ, ਜਿਸ ਨੂੰ ਅਕਾਲੀ-ਭਾਜਪਾ ਸਰਕਾਰ ਨੇ ਪ੍ਰਾਈਵੇਟ ਹੱਥਾਂ ‘ਚ ਵੇਚ ਦਿੱਤਾ ਸੀ, ‘ਆਪ’ ਸਰਕਾਰ ਨੇ ਹਿੰਮਤ ਦਿਖਾ ਕੇ ਉਸਨੂੰ ਵਾਪਸ ਖਰੀਦਿਆ ਅਤੇ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ। ਖ਼ਜ਼ਾਨਾ ਮੰਤਰੀ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ, ਜਿਨ੍ਹਾਂ ਨੇ ਸਾਂਝੀਵਾਲਤਾ ਅਤੇ ਜਾਤ-ਪਾਤ ਨੂੰ ਖਤਮ ਕਰਨ ਦਾ ਸੰਦੇਸ਼ ਦਿੱਤਾ ਸੀ। ਪਰ ਕਾਂਗਰਸ ਪਾਰਟੀ ਗੈਰ-ਸੰਵਿਧਾਨਕ ਭਾਸ਼ਾ ਦੀ ਵਰਤੋਂ ਕਰਕੇ ਅਤੇ ਇਤਰਾਜ਼ਯੋਗ ਟਿੱਪਣੀਆਂ ਕਰਕੇ ਉਸ ਸਾਂਝ ਨੂੰ ਤੋੜਨ ਦਾ ਯਤਨ ਕਰ ਰਹੀ ਹੈ, ਜਿਸਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਗੁੰਡਾਗਰਦੀ ਅਤੇ ਗੈਂਗਸਟਰਵਾਦ ਨੂੰ ਸ਼ਹਿ ਦੇਣ ਦਾ ਰਿਹਾ ਹੈ। ਉਨ੍ਹਾਂ ਮੁਖਤਾਰ ਅੰਸਾਰੀ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਕਿਵੇਂ ਯੂਪੀ ਦੇ ਗੈਂਗਸਟਰ ਨੂੰ ਰੋਪੜ ਜੇਲ੍ਹ ‘ਚ ਰੱਖ ਕੇ ਉਸਦੀ ਪੁਸ਼ਤ-ਪਨਾਹੀ ਕੀਤੀ ਗਈ। ਇਸੇ ਤਰ੍ਹਾਂ ਅਕਾਲੀ-ਕਾਂਗਰਸ ਦੇ ਰਾਜ ਵਿੱਚ ਮਾਝੇ ਦਾ ਇਹ ਇਲਾਕਾ ਨਸ਼ਿਆਂ ਦੇ ਹੜ੍ਹ ਲਈ ਬਦਨਾਮ ਸੀ। ਪਰ ‘ਆਪ’ ਸਰਕਾਰ ਨੇ ਐਂਟੀ-ਗੈਂਗਸਟਰ ਫੋਰਸ ਬਣਾ ਕੇ ਗੈਂਗਸਟਰਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਹੈ ਅਤੇ ਨਸ਼ਿਆਂ ਖਿਲਾਫ਼ ਵੱਡੀ ਜੰਗ ਛੇੜੀ ਹੈ। ਹਰਪਾਲ ਚੀਮਾ ਨੇ ਕਿਹਾ ਕਿ ਅੱਜ ਤਰਨਤਾਰਨ ਦੇ ਲੋਕ ਸਿਰਫ਼ ਵਿਕਾਸ ਚਾਹੁੰਦੇ ਹਨ। ਲੋਕ ਦੇਖ ਰਹੇ ਹਨ ਕਿ ਕੌਣ ਉਨ੍ਹਾਂ ਦੇ ਬੱਚਿਆਂ ਨੂੰ ਨੌਕਰੀਆਂ, ਚੰਗੀ ਸਿੱਖਿਆ, ਸਿਹਤ ਸਹੂਲਤਾਂ ਅਤੇ ਮੁਫ਼ਤ ਬਿਜਲੀ ਦੇ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਿਕਾਸ ਦੀ ਲੜੀ ਨੂੰ ਜਾਰੀ ਰੱਖਣ ਲਈ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ।
Trending
- ਉੱਚ-ਪੱਧਰੀ ਕਮੇਟੀ ਨੇ ਤਿਆਰ ਕੀਤਾ ਖਾਕਾ
- ਸਿਰਫ਼ 2 ਦਿਨ ਬਾਕੀ! NTA ਨੇ ਜਾਰੀ ਕੀਤਾ ‘Urgent’ ਨੋਟਿਸ, 7 ਨਵੰਬਰ ਤੋਂ ਬਾਅਦ…
- ਕੇਂਦਰ ਨੇ Panjab University ਦੀ Senate ਅਤੇ Syndicate ਨੂੰ ਭੰਗ ਕਰਨ ਵਾਲਾ ਨੋਟੀਫਿਕੇਸ਼ਨ ਕੀਤਾ ਰੱਦ
- ਕਾਂਗਰਸ ਗੈਂਗਸਟਰਵਾਦ ਤੇ ਨਸ਼ਿਆਂ ਦੀ ਜਨਮਦਾਤਾ, ‘ਆਪ’ ਨੇ ਵਿਕਾਸ ਦੀ ਰਾਜਨੀਤੀ ਸ਼ੁਰੂ ਕੀਤੀ: ਹਰਪਾਲ ਸਿੰਘ ਚੀਮਾ
- ਸਿਆਸਤਦਾਨਾਂ ਦੇ ਵਿਗੜੇ ਬੋਲ ਸਿਆਸੀ ਤੌਰ ਤੇ ਜੁੱਲੀ ਬਿਸਤਰਾ ਕਰ ਦਿੰਦੇ ਨੇ ਗੋਲ
- ਭਾਰਗੋ ਕੈਂਪ ਨਗਰ ‘ਚ ਸੁਨਿਆਰੇ ਦੀ ਦੁਕਾਨ ’ਚ ਲੁੱਟ ਦੇ ਮਾਮਲੇ ’ਚ ਕਮਿਸ਼ਨਰੇਟ ਪੁਲਿਸ ਨੂੰ ਵੱਡੀ ਸਫ਼ਲਤਾ
- 80,000 ਵਾਲਾ Phone ਮਿਲ ਰਿਹਾ ‘ਅੱਧੀ ਕੀਮਤ’ ‘ਤੇ, ਜਲਦੀ ਕਰੋ…Google ਦਾ ‘AI’ ਫੋਨ ਹੋਇਆ ‘ਸੁਪਰ ਸਸਤਾ’
- ‘World Cup’ ਚੈਂਪੀਅਨ 3 ਸ਼ੇਰਨੀਆਂ’ ਨੂੰ ਕੀਤੀ Video Call!-CM MAAN


