ਜਲੰਧਰ, 5 ਨਵੰਬਰ: ਜਲੰਧਰ ਕਮਿਸ਼ਨਰੇਟ ਪੁਲਿਸ ਨੇ ਭਾਰਗੋ ਕੈਂਪ ਨਗਰ ਵਿੱਚ ਸੁਨਿਆਰੇ ਦੀ ਦੁਕਾਨ ’ਚ ਹੋਈ ਲੁੱਟ ਦੀ ਘਟਨਾ ਨੂੰ ਸੁਲਝਾਉਂਦਿਆਂ ਤਿੰਨ ਮੁਲਜ਼ਮਾਂ ਸਮੇਤ ਪਨਾਹਗਾਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਲੁੱਟਿਆ ਸੋਨਾ, ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਅਤੇ ਕਪੜੇ ਬਰਾਮਦ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜੈ ਕੁਮਾਰ ਵਾਸੀ ਅਵਤਾਰ ਨਗਰ ਦੀ ਸ਼ਿਕਾਇਤ ’ਤੇ ਥਾਣਾ ਭਾਰਗੋ ਕੈਂਪ ਜਲੰਧਰ ਵਿੱਚ ਮੁਕੱਮਦਾ ਨੰਬਰ 167 ਮਿਤੀ 30.10.2025 ਨੂੰ ਧਾਰਾ 309(4), 3(5) ਬੀ.ਐਨ.ਐਸ. ਅਤੇ 25-54-59 ਆਰਮਜ਼ ਐਕਟ ਤਹਿਤ ਦਰਜ ਕੀਤਾ ਗਿਆ ਸੀ। ਅਜੈ ਕੁਮਾਰ ਨੇ ਦੱਸਿਆ ਸੀ ਕਿ 30 ਅਕਤੂਬਰ ਨੂੰ ਸਵੇਰੇ ਕਰੀਬ 10 ਵਜੇ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਬੰਦੂਕ ਦੀ ਨੋਕ ’ਤੇ ਉਸ ਦੀ ਵਿਜੈ ਜਿਊਲਰਜ਼ ਦੀ ਦੁਕਾਨ ’ਤੇ ਲੁੱਟ ਦੀ ਵਾਰਦਾਤ ਕੀਤੀ ਗਈ ਸੀ।ਇਸ ਸਬੰਧੀ ਕਾਰਵਾਈ ਕਰਦਿਆਂ ਡੀ.ਸੀ.ਪੀ. (ਇਨਵੈਸਟੀਗੇਸ਼ਨ) ਮਨਪ੍ਰੀਤ ਸਿੰਘ ਢਿੱਲੋਂ, ਏ.ਡੀ.ਸੀ.ਪੀ. (ਇਨਵੈਸਟੀਗੇਸ਼ਨ) ਜਯੰਤ ਪੂਰੀ, ਏ.ਡੀ.ਸੀ.ਪੀ.- II ਹਰਿੰਦਰ ਸਿੰਘ ਗਿੱਲ, ਏ.ਸੀ.ਪੀ. (ਕ੍ਰਾਈਮ) ਅਮਰਬੀਰ ਸਿੰਘ ਅਤੇ ਏ.ਸੀ.ਪੀ. (ਵੈਸਟ) ਸਰਵਨਜੀਤ ਸਿੰਘ ਦੀ ਨਿਗਰਾਨੀ ਹੇਠ ਵਿਸ਼ੇਸ਼ ਪੁਲਿਸ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿੱਚ ਇੰਚਾਰਜ ਸੀ.ਆਈ.ਏ. ਸਟਾਫ਼, ਇੰਚਾਰਜ ਸਪੈਸ਼ਲ ਸੈੱਲ ਅਤੇ ਇੰਚਾਰਜ ਕ੍ਰਾਈਮ ਬ੍ਰਾਂਚ ਅਤੇ ਥਾਣਾ ਭਾਰਗੋ ਕੈਂਪ ਦੀਆਂ ਪੁਲਿਸ ਟੀਮਾਂ ਵੱਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ, ਤਕਨੀਕੀ ਸਹਾਇਤਾ ਅਤੇ ਮਨੁੱਖੀ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਕੇ ਤਿੰਨੇ ਮੁਲਜ਼ਮਾਂ, ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ, ਸਮੇਤ ਪਨਾਹਗਾਰ ਨੇੜੇ ਬ੍ਰਹਮਾ ਮੰਦਰ, ਪੁਸ਼ਕਰ, ਜ਼ਿਲ੍ਹਾ ਅਜਮੇਰ (ਰਾਜਸਥਾਨ) ਤੋਂ ਗ੍ਰਿਫ਼ਤਾਰ ਕੀਤਾ ਸੀ।ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਪੁਲਿਸ ਰਿਮਾਂਡ ਦੌਰਾਨ ਪੁਲਿਸ ਵੱਲੋਂ ਮੁਲਜ਼ਮ ਕੁਸ਼ਲ ਕੋਲੋਂ 8 ਸੋਨੇ ਦੇ ਸੈੱਟ, ਮੁਲਜ਼ਮ ਕਰਨ ਕੋਲੋਂ 40 ਸੋਨੇ ਦੇ ਟੋਪਸ ਅਤੇ ਮੁਲਜ਼ਮ ਗਗਨ ਪਾਸੋਂ 12 ਸੋਨੇ ਦੀਆਂ ਚੇਨਾਂ, 7 ਸੋਨੇ ਦੀਆਂ ਮੁੰਦਰੀਆਂ, ਮੋਟਰਸਾਈਕਲ, ਦਾਤਰ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਤਿੰਨੇ ਮੁਲਜ਼ਮਾਂ ਪਾਸੋਂ ਵਾਰਦਾਤ ਦੌਰਾਨ ਪਹਿਨੀਆਂ ਹੁੱਡੀਆਂ ਵੀ ਬਰਾਮਦ ਕੀਤੀਆਂ ਗਈਆਂ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਵਾਰਦਾਤ ਵਿੱਚ ਵਰਤਿਆ ਗਿਆ ਪਿਸਤੌਲ ਮੁਲਜ਼ਮਾਂ ਨੇ ਘਟਨਾ ਤੋਂ ਬਾਅਦ ਆਪਣੇ ਇੱਕ ਦੋਸਤ ਨੂੰ ਸੌਂਪ ਦਿੱਤਾ ਸੀ, ਜਿਸ ਦੀ ਗ੍ਰਿਫ਼ਤਾਰੀ ਅਤੇ ਹਥਿਆਰ ਦੀ ਬਰਾਮਦਗੀ ਲਈ ਕਾਰਵਾਈ ਜਾਰੀ ਹੈ।ਮੁਲਜ਼ਮ ਕੁਸ਼ਲ ਨੇ ਰਿਕਵਰੀ ਦੌਰਾਨ ਪੁਲਿਸ ਹਿਰਾਸਤ ’ਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਸਦਾ ਪੈਰ ਫਰੈਕਚਰ ਹੋ ਗਿਆ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।


