ਪਹਾੜਾਂ ਵਿਚ ਹੋ ਰਹੀ ਤੇਜ਼ ਬਾਰਿਸ਼ ਕਾਰਨ ਰਣਜੀਤ ਸਾਗਰ ਡੈਮ ਦਾ ਪਾਣੀ ਵਧ ਗਿਆ ਹੈ। ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ 13 ਮੀਟਰ ਹੇਠਾਂ ਰਹਿ ਗਿਆ ਹੈ। ਨੇੜਲੇ ਇਲਾਕਿਆਂ ਵਿਚ ਹੜ੍ਹਾਂ ਵਰਗੀ ਸਥਿਤੀ ਬਣ ਸਕਦੀ ਹੈ।
ਰਣਜੀਤ ਸਾਗਰ ਡੈਮ ਦਾ ਪਾਣੀ ਪੱਧਰ 514 ਮੀਟਰ ਦੇ ਕਰੀਬ ਪਹੁੰਚ ਚੁੱਕਿਆ ਹੈ ਅਤੇ ਖਤਰੇ ਦੇ ਨਿਸ਼ਾਨ ਤੋਂ 13 ਮੀਟਰ ਹੇਠਾਂ ਰਹਿ ਗਿਆ ਹੈ। ਦੱਸ ਦਈਏ ਕਿ ਭਾਰੀ ਮੀਂਹ ਅਤੇ ਹੜ੍ਹਾਂ ਦੀ ਸੰਭਾਵਨਾ ਦੇ ਮੱਦੇਨਜ਼ਰ ਇਥੇ ਨੇੜਲੇ ਸਕੂਲਾਂ ਵਿਚ ਕੱਲ੍ਹ ਛੁੱਟੀ ਕਰ ਦਿੱਤੀ ਗਈ ਸੀ। ਲਗਾਤਾਰ ਪੈ ਰਹੇ ਮੀਂਹ ਕਾਰਨ ਪੰਜਾਬ ਦੇ ਸਰਹੱਦੀ ਖੇਤਰ ਵਿਚ ਪੈਂਦੇ ਉੱਝ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਨਾਲ ਡੀਸੀ ਪਠਾਨਕੋਟ ਅਦਿੱਤਿਆ ਉੱਪਲ ਨੇ ਸਰਹੱਦੀ ਬਲਾਕ ਬਮਿਆਲ ਅਧੀਨ ਪੈਂਦੇ ਸਾਰੇ ਸਕੂਲਾਂ ਵਿੱਚ ਘੋਸ਼ਿਤ ਕਰ ਦਿੱਤੀ ਸੀ।
ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਨਰੇਸ਼ ਪਨਿਆੜ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਉੱਝ ਦਰਿਆ ਵਿਚ ਵੱਧ ਰਹੇ ਪਾਣੀ ਦੇ ਪੱਧਰ ਅਤੇ ਭਾਰੀ ਮੀਂਹ ਦੇ ਮੱਦੇਨਜ਼ਰ ਸਮੂਹ ਸਕੂਲਾਂ ਵਿੱਚ ਛੁੱਟੀ ਦਾ ਐਲਾਨੀ ਗਈ ਸੀ। ਬਮਿਆਲ ‘ਚ ਪਾਣੀ ਦਾ ਪੱਧਰ ਖਤਰੇ ਦੇ ਲੈਵਲ ਤੋਂ ਉੱਪਰ ਚਲਾ ਗਿਆ।
ਜਾਣਕਾਰੀ ਅਨੁਸਾਰ ਕੱਲ੍ਹ ਸਵੇਰੇ 8:15 ਵਜੇ ਉਝ ਦਰਿਆ ਵਿੱਚੋਂ ਇੱਕ ਲੱਖ 19 ਹਜ਼ਾਰ ਕਿਊਸਿਕ ਪਾਣੀ ਵਗ ਰਿਹਾ ਸੀ, ਜੋ ਕਿ ਆਮ ਪੱਧਰ ਤੋਂ ਵੱਧ ਸੀ, ਪਰ ਬਾਅਦ ਵਿੱਚ ਇਹ ਪਾਣੀ ਘਟਨਾ ਸ਼ੁਰੂ ਹੋ ਗਿਆ। ਜੇਕਰ ਪਾਣੀ ਡੇਢ ਲੱਖ ਕਿਊਸਿਕ ਤੱਕ ਪਹੁੰਚ ਜਾਂਦਾ ਤਾਂ ਇਹ ਪਾਣੀ ਬਮਿਆਲ ਨਗਰ ਅੰਦਰ ਦਾਖਲ ਹੋ ਸਕਦਾ ਸੀ।
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਦਿਨ ਭਰ ਹੋਈ ਬਾਰਿਸ਼ ਕਾਰਨ ਮਾਲਾਨਾ ਘਾਟੀ ਵਿਚ ਹੜ੍ਹ ਆ ਗਿਆ। ਇੱਥੇ ਲਗਾਤਾਰ ਭਾਰੀ ਬਾਰਿਸ਼ ਕਾਰਨ ਨਦੀਆਂ ਅਤੇ ਨਾਲੇ ਉੱਛਲ ਗਏ। ਮਣੀਕਰਨ ਘਾਟੀ ਦੇ ਬਲਾਧੀ ਪਿੰਡ ਲਈ ਇਕਲੌਤਾ ਫੁੱਟ ਬ੍ਰਿਜ ਮਾਲਾਨਾ ਘਾਟੀ ਵਿੱਚ ਵਹਿ ਗਿਆ ਹੈ, ਜਿਸ ਕਾਰਨ ਪਿੰਡ ਵਾਸੀਆਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ।


