ਲੁਧਿਆਣਾ, 06 ਜੂਨ – ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਸ੍ਰੀ ਹਿਮਾਂਸ਼ੂ ਜੈਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ 64-ਲੁਧਿਆਣਾ ਪੱਛਮੀ ਜਿਮਨੀ ਚੋਣ ਲਈ ਸਮੂਹ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ/ਨੁਮਾਇੰਦਿਆਂ ਨੂੰ ਚੋਣਾਂ ਦੌਰਾਨ ਕੀਤੇ ਜਾਣ ਵਾਲੇ ਖਰਚਿਆਂ ਸਬੰਧੀ ਟ੍ਰੇਨਿੰਗ ਸੈਸ਼ਨ ਆਯੋਜਿਤ ਕੀਤਾ ਗਿਆ।
ਟ੍ਰੇਨਿੰਗ ਸੈਸ਼ਨ ਦੌਰਾਨ, ਲੁਧਿਆਣਾ ਪੱਛਮੀ ਜਿਮਨੀ ਚੋਣ ਖਰਚਾ ਆਬਜ਼ਰਵਰ ਸ੍ਰੀ ਇੰਡਾਨਾ ਅਸ਼ੋਕ ਕੁਮਾਰ, ਆਈ.ਆਰ.ਐਸ., ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਅਮਰਜੀਤ ਬੈਂਸ, ਏ.ਸੀ.ਐਫ.ਏ. ਸ. ਹਰਜਸਦੀਪ ਸਿੰਘ ਸਿੱਧੂ, ਏ.ਸੀ.ਐਫ.ਏ. ਸ੍ਰੀ ਰਾਕੇਸ਼ ਬਾਂਸਲ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਵੱਖ-ਵੱਖ 14 ਉਮੀਦਵਾਰਾਂ/ਨੁਮਾਇੰਦਿਆਂ ਦੀ, ਚੋਣਾਂ ਦੌਰਾਨ ਕੀਤੇ ਜਾ ਸਕਣ ਵਾਲੇ ਖਰਚੇ ਅਤੇ ਮਾਡਲ ਕੋਡ ਆਫ਼ ਕੰਡਕਟ ਦੇ ਨਿਯਮਾਂ ਦੀ ਪਾਲਣਾ ਸਬੰਧੀ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਸਥਾਨਕ ਬੱਚਤ ਭਵਨ ਵਿਖੇ ਕੀਤਾ ਗਿਆ।
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਰਜੀਤ ਬੈਂਸ ਵੱਲੋਂ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਚੋਣ ਲੜਨ ਵਾਲੇ ਉਮੀਦਵਾਰਾਂ ਲਈ ਚੋਣਾਂ ਦੌਰਾਨ ਕੀਤੇ ਜਾਣ ਵਾਲੇ ਖਰਚੇ ਦੀ ਸੀਮਾ 40 ਲੱਖ ਨਿਰਧਾਰਿਤ ਕੀਤੀ ਗਈ ਹੈ। ਕੋਈ ਵੀ ਉਮੀਦਵਾਰ ਉਸ ਸੀਮਾਂ ਤੋਂ ਵੱਧ ਖਰਚਾ ਨਹੀਂ ਕਰ ਸਕਦਾ। ਇਸ ਖਰਚੇ ਨੂੰ ਕਿਵੇਂ ਮੈਨਟੇਨ ਕਰਨਾ ਹੈ, ਇਸ ਸਬੰਧੀ ਭਾਰਤ ਚੋਣ ਕਮਿਸ਼ਨ ਨੇ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ। ਇਨ੍ਹਾਂ ਹਦਾਇਤਾਂ ਬਾਰੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ/ਨੁਮਾਇੰਦਿਆਂ ਨੂੰ ਬਰੀਕੀ ਨਾਲ ਸਮਝਾਇਆ ਗਿਆ।
ਉਨ੍ਹਾਂ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਆਪਣਾ ਖਰਚਾ ਰਜਿਸਟਰ ਜਰੂਰੀ ਤੌਰ ‘ਤੇ ਮੈਨਟੇਨ ਕਰਨਗੇ, ਅਜਿਹਾ ਨਾ ਕਰਨ ਵਾਲੇ ਉਮੀਦਵਾਰ ਨੂੰ ਜੁਰਮਾਨਾ ਜਾਂ ਬੀ.ਐਨ.ਐਸ. ਦੀ ਧਾਰਾ 171 ਤਹਿਤ ਦੰਡ ਮਿਲ ਸਕਦਾ ਹੈ। ਲੋਕ ਪ੍ਰਤੀਨਿਧੀ ਐਕਟ 152 ਦੀ ਧਾਰਾ 77 ਤਹਿਤ ਰਾਜਨੀਤਿਕ ਪਾਰਟੀ ਦੇ ਉਮੀਦਵਾਰ ਨੂੰ ਆਪਣੇ ਨੋਮੀਨੇਸ਼ਨ ਭਰਨ ਵਾਲੇ ਦਿਨ ਤੋਂ ਚੋਣਾਂ ਦੇ ਨਤੀਜੇ ਵਾਲੇ ਦਿਨ ਤੱਕ ਆਪਣੇ ਖਰਚੇ ਦਾ ਹਿਸਾਬ ਇਸ ਰਜਿਸਟਰ ਵਿੱਚ ਦਰਜ ਕਰਨਾ ਪਵੇਗਾ, ਜਿਸਦੀ ਹੱਦ ਚੋਣ ਕਮਿਸ਼ਨ ਵੱਲੋਂ 40 ਲੱਖ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਦੇ ਨਤੀਜੇ ਆਉਣ ਤੋਂ 30 ਦਿਨਾਂ ਦੇ ਅੰਦਰ-ਅੰਦਰ ਇਸ ਖਰਚੇ ਦਾ ਹਿਸਾਬ ਉਮੀਦਵਾਰ ਨੂੰ ਦੇਣਾ ਪਵੇਗਾ।
ਉਪਰੋਕਤ ਤੋਂ ਇਲਾਵਾ ਚੋਣ ਸਮੱਗਰੀ ਛਪਵਾਉਣ ਸਬੰਧੀ, ਹੋਰ ਚੋਣ ਪ੍ਰਚਾਰ ਸਬੰਧੀ ਅਤੇ ਆਦਰਸ਼ ਚੋਣ ਜਾਬਤੇ ਦੇ ਨਿਯਮਾਂ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਸਾਂਝੀ ਕੀਤੀ ਗਈ।