ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤਾ। ਇਸ ਦੌਰਾਨ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਤੋਂ ਇਲਾਵਾ ਕਈ ਸਮਰਥਕ ਉਨ੍ਹਾਂ ਨਾਲ ਮੌਜੂਦ ਸਨ।
ਉਨ੍ਹਾਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਕੇਜਰੀਵਾਲ ਨੇ ਲੋਕਾਂ ਨੂੰ ਕੰਮ ਕਰਨ ਵਾਲੀ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇੱਕ ਪਾਸੇ ਵਰਕਿੰਗ ਪਾਰਟੀ ਹੈ ਅਤੇ ਦੂਜੇ ਪਾਸੇ ਗਾਲਾਂ ਕੱਢਣ ਵਾਲੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਦਸ ਸਾਲਾਂ ਦੇ ਆਪਣੇ ਕੰਮ ਅਤੇ ਅਗਲੇ ਪੰਜ ਸਾਲਾਂ ਵਿੱਚ ਕੀ ਕਰਾਂਗੇ, ਦੇ ਆਧਾਰ ‘ਤੇ ਚੋਣਾਂ ਲੜ ਰਹੇ ਹਾਂ।
ਨਾਮਜ਼ਦਗੀ ਲਈ ਰਵਾਨਾ ਹੋਣ ਤੋਂ ਪਹਿਲਾਂ ਕੇਜਰੀਵਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਜਾ ਰਹੇ ਹਨ। ਇਸ ਦੌਰਾਨ ਦਿੱਲੀ ਦੇ ਹਰ ਕੋਨੇ ਤੋਂ ਮਾਵਾਂ ਅਤੇ ਭੈਣਾਂ ਇੱਥੇ ਇਕੱਠੀਆਂ ਹੋਈਆਂ ਹਨ। ਇਹ ਸਾਰੇ ਮੇਰੇ ਨਾਲ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਜਾਣਗੇ। ਉਨ੍ਹਾਂ ਕਿਹਾ ਕਿ ਹਰ ਕੋਈ ਜਿੱਥੇ ਵੀ ਹੋਵੇ, ਆਪਣੀਆਂ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਮੈਨੂੰ ਉਥੋਂ ਹੀ ਭੇਜਣ ਤਾਂ ਜੋ ਇਸ ਵਾਰ ਵੀ ਇਤਿਹਾਸਕ ਜਿੱਤ ਪ੍ਰਾਪਤ ਹੋਵੇ। ਇਸ ਤੋਂ ਬਾਅਦ ਉਹ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰ ਗਏ ਅਤੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ।
ਦੱਸਣਾ ਬਣਦਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 70 ਸੀਟਾਂ ਲਈ ਵੋਟਿੰਗ 5 ਫਰਵਰੀ ਨੂੰ ਇੱਕ ਪੜਾਅ ’ਚ ਹੋਵੇਗੀ, ਜਦੋਂ ਕਿ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ। ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਹੈਂਡਲ ਤੋਂ ਕੀਤੀ ਗਈ ਇੱਕ ਪੋਸਟ ’ਚ ਕਿਹਾ ਗਿਆ, “ਦਿੱਲੀ ਦੀਆਂ ਮਾਵਾਂ ਅਤੇ ਭੈਣਾਂ ਦੇ ਨਾਲ, ਅਰਵਿੰਦ ਕੇਜਰੀਵਾਲ ਨੇ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਆਪਣੀ ਨਾਮਜ਼ਦਗੀ ਦਾਖ਼ਲ ਕੀਤੀ ਹੈ। ਅਸੀਂ ਪਹਿਲਾਂ ਵੀ ਮਾਵਾਂ ਅਤੇ ਭੈਣਾਂ ਲਈ ਕੰਮ ਕਰਦੇ ਰਹੇ ਹਾਂ ਅਤੇ ਭਵਿੱਖ ੦’ਚ ਵੀ ਕਰਦੇ ਰਹਾਂਗੇ। ਭਾਜਪਾ ਆਮ ਆਦਮੀ ਪਾਰਟੀ ਅਤੇ ਸਾਡੇ ਨੇਤਾਵਾਂ ਵਿਰੁੱਧ ਕਿੰਨੀ ਵੀ ਸਾਜ਼ਿਸ਼ ਕਿਉਂ ਨਾ ਰਚੇ, ਦਿੱਲੀ ਦੇ ਲੋਕ ਕੇਜਰੀਵਾਲ ਨੂੰ ਦੁਬਾਰਾ ਲਿਆਉਣ ਵਾਲੇ ਹਨ।”


