ਅਮਰੀਕਾ ਦੇ ਲਾਸ ਏਂਜਲਸ ਖੇਤਰ ਵਿਚ ਇਸ ਹਫ਼ਤੇ ਅੱਗ ਲੱਗਣ ਦੀਆਂ ਦੋ ਵੱਡੀਆਂ ਘਟਨਾਵਾਂ ਵਿਚ ਘੱਟੋ-ਘੱਟ 10,000 ਘਰ, ਇਮਾਰਤਾਂ ਅਤੇ ਹੋਰ ਢਾਂਚੇ ਤਬਾਹ ਹੋ ਗਏ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਅੱਗ ਦੀ ਨਵੀਂ ਘਟਨਾ ਅਤੇ ਇਸ ਦੇ ਤੇਜ਼ੀ ਨਾਲ ਫੈਲਣ ਤੋਂ ਬਾਅਦ ਵੱਧ ਤੋਂ ਵੱਧ ਲੋਕਾਂ ਨੂੰ ਖ਼ਾਲੀ ਕਰਨ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਅੱਗ ਦੀ ਇਸ ਨਵੀਂ ਘਟਨਾ ਨੂੰ ‘ਕੇਨੇਥ ਫ਼ਾਇਰ’ ਕਿਹਾ ਜਾ ਰਿਹਾ ਹੈ।
ਵੈਸਟ ਹਿਲਜ਼ ਅਤੇ ਵੈਨਟੂਰਾ ਕਾਉਂਟੀ ਦੇ ਨੇੜੇ ਸੈਨ ਫਰਨਾਂਡੋ ਵੈਲੀ ਵਿਚ ਦੁਪਹਿਰ ਨੂੰ ਤੇਜ਼ੀ ਨਾਲ ਫੈਲ ਰਹੀ ਕੇਨੇਥ ਅੱਗ ਲੱਗ ਗਈ। ਇਸ ਤੋਂ ਪਹਿਲਾਂ ਲਾਸ ਏਂਜਲਸ ਦੇ ਆਲੇ-ਦੁਆਲੇ ਪੰਜ ਥਾਵਾਂ ’ਤੇ ਜੰਗਲੀ ਅੱਗ ਫੈਲ ਗਈ ਸੀ, ਜਿਸ ਨੂੰ ‘ਪੈਲੀਸੇਡਜ਼ ਫ਼ਾਇਰ’, ‘ਈਟਨ ਫ਼ਾਇਰ’, ‘ਲਿਡੀਆ ਫ਼ਾਇਰ’, ‘ਹਰਸਟ ਫ਼ਾਇਰ’ ਅਤੇ ‘ਸਨਸੈੱਟ ਫ਼ਾਇਰ’ ਕਿਹਾ ਜਾ ਰਿਹਾ ਹੈ। ਇਸ ਖੇਤਰ ਦੇ ਕੁਝ ਸਭ ਤੋਂ ਮਸ਼ਹੂਰ ਇਲਾਕਿਆਂ ਦੇ ਆਲੇ-ਦੁਆਲੇ ਅੱਗ ਦੀਆਂ ਲਪਟਾਂ ਦਾ ਇਕ ਘੇਰਾ ਬਣ ਗਿਆ ਹੈ।
ਜੰਗਲ ਦੀ ਅੱਗ ਨਾਲ ਹੁਣ ਤਕ ਸੱਤ ਲੋਕਾਂ ਦੀ ਮੌਤ ਹੋ ਚੁਕੀ ਹੈ। ਹਾਲਾਂਕਿ ਹਵਾਵਾਂ ਦੀ ਰਫ਼ਤਾਰ ਮੱਠੀ ਹੋਣ ਅਤੇ ਸੂਬੇ ਦੇ ਬਾਹਰੋਂ ਆਏ ਫ਼ਾਇਰ ਫ਼ਾਈਟਰਾਂ ਦੀ ਮਦਦ ਨਾਲ ਅੱਗ ’ਤੇ ਕੁਝ ਹੱਦ ਤਕ ਕਾਬੂ ਪਾਇਆ ਜਾ ਸਕਿਆ ਹੈ। ਲਾਸ ਏਂਜਲਸ ਦੇ ਮੇਅਰ ਕੈਰਨ ਬਾਸ ਨੇ ਕਿਹਾ, ‘ਸਾਨੂੰ ਡਰ ਹੈ ਕਿ ਤੇਜ਼ ਹਵਾਵਾਂ ਕਾਰਨ ਇਹ ਅੱਗ ਤੇਜ਼ੀ ਨਾਲ ਫੈਲੇਗੀ। ਉਨ੍ਹਾਂ ਵੀਰਵਾਰ ਸ਼ਾਮ ਤੋਂ ਸ਼ੁਕਰਵਾਰ ਸਵੇਰ ਤਕ ਤੇਜ਼ ਹਵਾਵਾਂ ਚੱਲਣ ਦੀ ਭਵਿੱਖਬਾਣੀ ਨੂੰ ਦੁਹਰਾਇਆ।