ਟੋਹਾਣਾ ਮਹਾਂਪੰਚਾਇਤ ਤੇ ਜਾ ਰਹੀ ਬੱਸ ਨਾਲ ਲੰਘੀ ਛੇ ਦਸੰਬਰ ਨੂੰ ਵਾਪਰਿਆ ਹਾਦਸਾ ਪਿੰਡ ਕੋਠਾ ਗੁਰੂ ਦੇ ਤਿੰਨ ਪ੍ਰੀਵਾਰਾਂ ਨੂੰ ਰੋਹੀ ਦਾ ਰੁੱਖ ਬਣਾ ਗਿਆ ਹੈ। ਬਠਿੰਡਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅੰਦਰ ਪੈਂਦੇ ਵੱਡੇ ਪਿੰਡ ਕੋਠਾ ਗੁਰੂ ਨਾਲ ਸਬੰਧਤ ਤਿਨ ਕਿਸਾਨ ਪ੍ਰੀਵਾਰਾਂ ਦੀਆਂ ਔਰਤਾਂ ਇਸ ਭਿਆਨਕ ਹਾਦਸੇ ਦੌਰਾਨ ਸਦਾ ਲਈ ਜਹਾਨੋ ਰੁਖਸਤ ਹੋ ਗਈਆਂ ਹਨ। ਮਹੱਤਵਪੂਰਨ ਇਹ ਵੀ ਹੈ ਕਿ ਇੰਨ੍ਹਾਂ ਤਿੰਨਾਂ ਕਿਸਾਨ ਔਰਤਾਂ ਦੀਆਂ ਮ੍ਰਿਤਕ ਦੇਹਾਂ ਸਰਕਾਰ ਦੀ ਬੇਰੁਖੀ ਕਾਰਨ ਸਰਕਾਰ ਦੇ ਮੁਰਦਾਘਰ ’ਚ ਰੁਲ ਰਹੀਆਂ ਹਨ। ਹੁਣ ਇਹ ਸਰਕਾਰ ਦੇ ਵਤੀਰੇ ਤੇ ਨਿਰਭਰ ਕਰਦਾ ਹੈ ਕਿ ਇੰਨ੍ਹਾਂ ਦੀ ਲਾਸ਼ ਨੂੰ ਮਿੱਟੀ ਕਦੋਂ ਨਸੀਬ ਹੋਵੇਗੀ ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਬਠਿੰਡਾ ਤੇ ਬਰਨਾਲਾ ਵਿੱਚ ਵੱਡੀ ਗਿਣਤੀ ਕਿਸਾਨ ਅਤੇ ਕਿਸਾਨ ਔਰਤਾਂ ਇੰਨ੍ਹਾਂ ਪੀੜਤ ਪ੍ਰੀਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦਿਵਾਉਣ ਲਈ ਸੜਕਾਂ ਤੇ ਉੱਤਰੀਆਂ ਹੋਈਆਂ ਹਨ। ਪਿੰਡ ਕੋਠਾ ਗੁਰੂ ਤੋਂ ਤਕਰੀਬਨ ਪੰਜ ਦਰਜਨ ਕਿਸਾਨਾਂ ਤੇ ਔਰਤਾਂ ਨੂੰ ਲੈਕੇ ਇਹ ਬੱਸ ਟੋਹਾਣਾ ਵਿਖੇ ਹੋ ਰਹੀ ਮਹਾਂਪੰਚਾਇਤ ’ਚ ਸ਼ਾਮਲ ਹੋਣ ਜਾ ਰਹੀ ਸੀ ਜਿੱਥੇ ਕਿਸਾਨਾਂ ਦੀ ਜਿੰਦਗੀ ਨੂੰ ਬੰਜਰ ਬਨਾਉਣ ਵਾਲੀ ਦਮ ਤੋੜ ਰਹੀ ਖੇਤੀ ਇਸ ਜਿੱਲ੍ਹਣ ਚੋਂ ਬਾਹਰ ਕੱਢਣ ਲਈ ਵਿਚਾਰਾਂ ਹੋਣੀਆਂ ਸਨ। ਜਦੋਂ ਇਹ ਬੱਸ ਬਰਨਾਲਾ ਵਿਖੇ ਪੁੱਜੀ ਤਾਂ ਇਹ ਮੰਦਭਾਗਾ ਹਾਦਸਾ ਵਾਪਰ ਗਿਆ ਜਿਸ ’ਚ ਕਿਸਾਨ ਔਰਤ ਬਲਵੀਰ ਕੌਰ, ਜਸਬੀਰ ਕੌਰ ਅਤੇ ਸਰਬਜੀਤ ਕੌਰ ਦੀ ਮੌਤ ਹੋ ਗਈ। ਬਜ਼ੁਰਗ ਬਲਵੀਰ ਕੌਰ ਜਹਾਨੋਂ ਕੀ ਰੁਖਸਤ ਹੋਈ ਉਸ ਦੇ ਤਾਂ ਘਰ ਨੂੰ ਹੀ ਜਿੰਦਰਾ ਵੱਜ ਗਿਆ ਹੈ। ਕੋਈ ਸਮਾਂ ਸੀ ਜਦੋਂ ਬਲਵੀਰ ਕੌਰ ਦੇ ਘਰ ਖੁਸ਼ੀਆਂ ਅਤੇ ਖੇੜਾ ਹੁੰਦਾ ਸੀ। ਇਹ ਬਜ਼ੁਰਗ, ਕਿਸਾਨ ਜੱਥੇਬੰਦੀ ਦੀ ਇਕਾਈ ਕੋਠਾ ਗੁਰੂ ਦੀਆਂ ਔਰਤਾਂ ਦੇ ਕਾਫਲੇ ਦੀ ਸਰਗਰਮ ਮੈਂਬਰ ਸੀ । ਬਜ਼ੁਰਗ ਬਲਵੀਰ ਕੌਰ ਦੇ ਹੌਂਸਲੇ ਦੇ ਬਾਵਜੂਦ ਹੋਣੀ ਨੂੰ ਤਾਂ ਕੁੱਝ ਹੋਰ ਹੀ ਮਨਜੂਰ ਸੀ।
ਇਸ ਬਿਰਧ ਦੀ ਕਹਾਣੀ ਸੁਣਨ ਵਾਲਿਆਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਜਿੰਦਗੀ ਦੇ ਝੱਖੜ ਝੋਲਿਆਂ ਦੌਰਾਨ ਬਜ਼ੁਰਗ ਬਲਵੀਰ ਕੌਰ ਦੇ ਦੋ ਲੜਕੇ ਅਤੇ ਪਤੀ ਇਹ ਫਾਨੀ ਜਹਾਨ ਤੋਂ ਕੂਚ ਕਰ ਚੁੱਕੇ ਹਨ। ਦਰਅਸਲ ਇਸ ਪ੍ਰੀਵਾਰ ਦੇ ਸਿਰ ਤੇ ਦੁੱਖਾਂ ਦੀ ਪੰਡ ਉਦੋਂ ਟਿਕਣੀ ਸ਼ੁਰੂ ਹੋਈ ਜਦੋਂ ਬਲਵੀਰ ਕੌਰ ਦਾ ਪਤੀ ਬੇਵਕਤ ਹੀ ਸਦਾ ਲਈ ਜਹਾਨੋਂ ਚਲਾ ਗਿਆ। ਬਿਰਧ ਮਾਤਾ ਅਜੇ ਸੰਭਲੀ ਵੀ ਨਹੀਂ ਸੀ ਕਿ ਉਸਦੇ ਦੋ ਪੁੱਤਰਾਂ ਚੋ ਛੋਟੇ ਨੇ ਘਰ ਦੀਆਂ ਤੰਗੀਆਂ ਤੁਰਸ਼ੀਆਂ ਨਾਂ ਸਹਾਰਦਿਆਂ ਆਤਮ ਹੱਤਿਆ ਕਰ ਲਈ ਜੋ ਇੱਕ ਵੱਡਾ ਸਦਮਾ ਸੀ। ਬਲਵੀਰ ਕੌਰ ਦਾ ਦੂਸਰਾ ਲੜਕਾ ਡਰਾਈਵਰ ਸੀ ਜੋ ਇੱਕ ਹਾਦਸੇ ਦੌਰਾਨ ਆਪਣੀ ਲੱਤ ਗੁਆ ਬੈਠਾ। ਪ੍ਰੀਵਾਰਕ ਦੁੱਖਾਂ ਦਾ ਅੰਤ ਏਥੇ ਹੀ ਨਹੀਂ ਹੋਇਆ ਬਲਕਿ ਇਸ ਲੜਕੇ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੇ ਘੇਰ ਲਿਆ। ਲੜਕੇ ਦੇ ਮਹਿੰਗੇ ਇਲਾਜ ਅਤੇ ਆਰਥਿਕ ਤੰਗੀ ਕਾਰਨ ਪ੍ਰੀਵਾਰ ਦੀ ਜ਼ਮੀਨ ਵੀ ਵਿਕ ਗਈ।
ਇਸ ਦੇ ਬਾਵਜੂਦ ਲੜਕੇ ਨੂੰ ਬਚਾਇਆ ਨਾਂ ਜਾ ਸਕਿਆ ਤਾਂ ਮਾਤਾ ਬਲਵੀਰ ਕੌਰ ਇਸ ਦੁਨੀਆਂ ’ਚ ਦੁੱਖਾਂ ਦੇ ਪਹਾੜ ਨਾਲ ਲੜਨ ਲਈ ਇਕੱਲੀ ਰਹਿ ਗਈ। ਦੱਸਦੇ ਹਨ ਕਿ ਵੱਡੇ ਦੁੱਖਾਂ ਦੇ ਬਾਵਜੂਦ ਬਲਵੀਰ ਕੌਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੀ ਦੇਖਿਆ ਜਾਂਦਾ ਸੀ। ਬਲਵੀਰ ਕੌਰ ਦੀ ਤਾਂ ਅਰਥੀ ਨੂੰ ਮੋਢਾ ਦੇਣ ਵਾਲਾ ਵੀ ਕੋਈ ਨਹੀਂ ਹੈ। ਇਸ ਹਾਦਸੇ ਦੌਰਾਨ ਮਾਰੀ ਗਈ ਜਸਬੀਰ ਕੌਰ ਦੇ ਪ੍ਰੀਵਾਰ ਦਾ ਸਬੰਧ ਵੀ ਖੇਤੀ ਸੰਕਟ ਤੋਂ ਪੀੜਤ ਅਤੇ ਛੋਟੀ ਕਿਸਾਨੀ ਨਾਲ ਹੈ। ਪ੍ਰੀਵਾਰ ਕੋਲ ਜਮੀਨ ਵੀ ਬਿਲਕੁਲ ਘੱਟ ਹੈ ਅਤੇ ਤਿੰਨ ਲੜਕੇ ਹਨ। ਕਿਸਾਨ ਆਗੂ ਗੁਰਪ੍ਰੀਤ ਸਿੰਘ ਅਨੁਸਾਰ ਜਸਬੀਰ ਕੌਰ ਦਾ ਇੱਕ ਲੜਕਾ ਫੌਜ ’ਚ ਭਰਤੀ ਹੋਕੇ ਦੇਸ਼ ਸੇਵਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪ੍ਰੀਵਾਰ ਕਰਜਈ ਹੋਣ ਦੇ ਬਾਵਜੂਦ ਜਸਬੀਰ ਕੌਰ ਸਮੂਹ ਕਿਸਾਨ ਘੋਲਾਂ ਲਈ ਲਾਮਬੰਦੀ ਕਰਨ ’ਚ ਮੋਹਰੀ ਹੁੰਦੀ ਸੀ।
ਤੀਸਰਾ ਵੀ ਸਧਾਰਨ ਕਿਸਾਨ ਪ੍ਰੀਵਾਰ
ਕਿਸਾਨ ਆਗੂ ਗੁਰਪ੍ਰੀਤ ਸਿੰਘ ਕੋਠਾ ਨੇ ਦੱਸਿਆ ਕਿ ਬੱਸ ਹਾਦਸੇ ’ਚ ਸਦੀਵੀ ਵਿਛੋੜਾ ਦੇ ਗਈ ਸਰਬਜੀਤ ਕੌਰ ਦੇ ਸਬੰਧ ਵੀ ਸਧਾਰਨ ਕਿਸਾਨ ਪ੍ਰੀਵਾਰ ਨਾਲ ਹੀ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਇੱਕ ਲੜਕਾ ਹੈ ਅਤੇ ਪ੍ਰੀਵਾਰ ਸਿਰ ਕਰਜਾ ਵੀ ਖਲੋਤਾ ਹੈ। ਇਸ ਕਿਸਾਨ ਔਰਤ ਨੇ ਵੀ ਕਿਸਾਨ ਸੰਘਰਸ਼ਾਂ ਦੌਰਾਨ ਮੋਹਰੀ ਭੂਮਿਕਾ ਨਿਭਾਈ ਪਰ ਪ੍ਰੀਵਰ ਨੂੰ ਹਾਦਸੇ ਦੇ ਦਰਦ ਨੇ ਪਿੰਜ ਸੁੱਟਿਆ ਹੈ। ਕਿਸਾਨ ਆਗੂ ਗੁਰਪ੍ਰੀਤ ਸਿੰਘ ਆਖਦਾ ਹੈ ਕਿ ਦੁੱਖਾਂ ਦੇ ਬਾਵਜੂਦ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ ਹੈ।
ਜੱਥੇਬੰਦੀ ਨੂੰ ਵੱਡਾ ਘਾਟਾ-ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਪ੍ਰਤੀਕਰਮ ਸੀ ਕਿ ਬਜ਼ਰਗ ਕਿਸਾਨ ਔਰਤਾਂ ਦੇ ਚਲੇ ਜਾਣ ਨਾਲ ਜੱਥੇਬੰਦੀ ਖਾਸ ਤੌਰ ਤੇ ਕੋਠਾ ਗੁਰੂ ਇਕਾਈ ਨੂੰ ਕਦੇ ਵੀ ਨਾਂ ਪੂਰਾ ਹੋਣ ਵਾਲੀ ਘਾਟਾ ਪਿਆ ਹੈ। ਕਿਸਾਨ ਆਗੂ ਨੇ ਕਿਹਾ ਕਿ ਜੱਥੇਬੰਦੀ ਨੇ ਤਿੰਨਾਂ ਕਿਸਾਨ ਔਰਤਾਂ ਦੇ ਰੂਪ ’ਚ ਨਿਧੜਕ ਸਿਪਾਹੀ ਗੁਆ ਲਏ ਹਨ। ਉਨ੍ਹਾਂ ਦੱਸਿਆ ਕਿ ਮਾਤਾ ਨੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਚੱਲੇ ਦਿੱਲੀ ਕਿਸਾਨ ਮੋਰਚੇ ਵਿੱਚ ਵੀ ਇੰਨ੍ਹਾਂ ਕਿਸਾਨ ਔਰਤਾਂ ਨੇ ਅਹਿਮ ਯੋਗਦਾਨ ਪਾਇਆ ਸੀ। ਕਿਸਾਨ ਆਗੂ ਨੇ ਤਿੰਨਾਂ ਪ੍ਰੀਵਾਰਾਂ ਨੂੰ ਬਣਦਾ ਮੁਆਵਾਜਾ ਦੇਣ, ਸਮੁੱਚਾ ਕਰਜਾ ਮੁਆਫ ਕਰਨ ਸਮੇਤ ਜੱਥੇਬੰਦੀ ਦੀਆਂ ਬਾਕੀ ਮੰਗਾਂ ਪ੍ਰਵਾਨ ਕਰਨ ਦੀ ਮੰਗ ਕੀਤੀ।