ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ‘ਚ ਪੀਐੱਮ ਮੋਦੀ ਦੇ ਦੋਸ਼ਾਂ ‘ਤੇ ਪਲਟਵਾਰ ਕੀਤਾ। ਕੇਜਰੀਵਾਲ ਦਿੱਲੀ ਮੈਟਰੋ ਦੀ ਮੈਜੇਂਟਾ ਲਾਈਨ ਦੇ ਵਿਸਤਾਰ ਪ੍ਰੋਗਰਾਮ ‘ਚ ਪਹੁੰਚੇ ਸਨ। ਮੈਜੈਂਟਾ ਲਾਈਨ ਜਨਕਪੁਰੀ ਵੈਸਟ ਤੋਂ ਕ੍ਰਿਸ਼ਨਾ ਪਾਰਕ ਐਕਸਟੈਨਸ਼ਨ ਤੱਕ ਵਧਾਈ ਗਈ ਹੈ। ਇਸ ਮੌਕੇ ਕੇਜਰੀਵਾਲ ਨੇ ਪੀਐਮ ਮੋਦੀ ਅਤੇ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮੈਟਰੋ ਪ੍ਰੋਜੈਕਟ ’ਚ ਇਕੱਲੇ ਕੇਂਦਰ ਦਾ ਨਹੀਂ ਸਗੋਂ ਦਿੱਲੀ ਸਰਕਾਰ ਦਾ ਵੀ ਯੋਗਦਾਨ ਹੈ। ਇਸ ਮੈਟਰੋ ਲਾਈਨ ਦਾ ਉਦਘਾਟਨ ਉਨ੍ਹਾਂ ਲੋਕਾਂ ਨੂੰ ਕਰਾਰਾ ਜਵਾਬ ਹੈ ਜੋ ਕਹਿੰਦੇ ਹਨ ਕਿ ਦਿੱਲੀ ਸਰਕਾਰ ਦਿੱਲੀ ਤੋਂ ਬਾਹਰ ਦੇ ਲੋਕਾਂ ਲਈ ਕੰਮ ਨਹੀਂ ਕਰਦੀ।ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ਼ ਅਤੇ ਸਿਰਫ਼ ਦਿੱਲੀ ਦੇ ਲੋਕਾਂ ਲਈ ਕੰਮ ਕਰਦੀ ਹੈ।
ਸਾਡੀ ਪਾਰਟੀ ਦੇ ਵੱਡੇ ਆਗੂਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਸਾਡੇ ‘ਤੇ ਬਹੁਤ ਜ਼ੁਲਮ ਹੋਏ ਪਰ ਅਸੀਂ ਆਪਣੇ ‘ਤੇ ਅੱਤਿਆਚਾਰ ਨੂੰ ਮੁੱਦਾ ਨਹੀਂ ਬਣਾਇਆ। ਜੇਕਰ ਅਸੀਂ ਆਪਣੇ ‘ਤੇ ਹੋਏ ਅੱਤਿਆਚਾਰਾਂ ਨੂੰ ਦਿਲ ‘ਤੇ ਲਿਆ ਹੁੰਦਾ ਤਾਂ ਅੱਜ ਦਿੱਲੀ ਮੈਟਰੋ ਦੀ ਨਵੀਂ ਲਾਈਨ ਦਾ ਉਦਘਾਟਨ ਨਹੀਂ ਹੋਣਾ ਸੀ। ਅਸੀਂ ਕਿਹਾ ਕਿ ਉਹ ਜਿੰਨੇ ਮਰਜ਼ੀ ਅੱਤਿਆਚਾਰ ਕਰ ਲੈਣ, ਦਿੱਲੀ ਦੇ ਵਿਕਾਸ ਦਾ ਕੰਮ ਨਹੀਂ ਰੁਕਣਾ ਚਾਹੀਦਾ। ਪ੍ਰਧਾਨ ਮੰਤਰੀ ਹਰ ਰੋਜ਼ ਦਿੱਲੀ ਦੇ ਲੋਕਾਂ ਨੂੰ ਗਾਲ੍ਹਾਂ ਕੱਢ ਰਹੇ ਹਨ, ਦਿੱਲੀ ਦੇ ਲੋਕਾਂ ਦਾ ਅਪਮਾਨ ਕਰ ਰਹੇ ਹਨ। ਦਿੱਲੀ ਦੇ ਲੋਕ ਭਾਜਪਾ ਨੂੰ ਇਸ ਬੇਇੱਜ਼ਤੀ ਦਾ ਜਵਾਬ ਚੋਣਾਂ ’ਚ ਦੇਣਗੇ।
ਦਿੱਲੀ ਦੇ ਕਿਸਾਨਾਂ ਦਾ ਮੁੱਦਾ ਉਠਾਇਆ
ਅਰਵਿੰਦ ਕੇਜਰੀਵਾਲ ਨੇ ਦਿੱਲੀ ’ਚ ਕਿਸਾਨਾਂ ਦਾ ਮੁੱਦਾ ਵੀ ਉਠਾਇਆ ਅਤੇ ਕਿਹਾ ਕਿ ਭਾਜਪਾ ਨੇ 2020 ’ਚ ਆਪਣੇ ਚੋਣ ਮਨੋਰਥ ਪੱਤਰ ’ਚ ਕਈ ਵਾਅਦੇ ਕੀਤੇ ਸਨ, ਜੋ ਅੱਜ ਤੱਕ ਪੂਰੇ ਨਹੀਂ ਹੋਏ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਦਿੱਲੀ ਅੱਧਾ ਸੂਬਾ ਹੈ, ਜਿੱਥੇ ਅੱਧੀ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਅਤੇ ਅੱਧੀ ਕੇਂਦਰ ਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਕਾਰਨ ਦਿੱਲੀ ਦਾ ਵਿਕਾਸ ਠੱਪ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੀ ਵਾਰ ਜਦੋਂ ਪੀਐਮ ਮੋਦੀ ਦਿੱਲੀ ਵਿੱਚ ਬੋਲਣਗੇ ਤਾਂ ਉਨ੍ਹਾਂ ਨੂੰ ਕਿਸਾਨਾਂ ਦੇ ਮੁੱਦੇ ‘ਤੇ ਵੀ ਕੁਝ ਕਹਿਣਾ ਚਾਹੀਦਾ ਹੈ।
PM ਮੋਦੀ ਨੇ ਕੀ ਕਿਹਾ?
ਪੀਐਮ ਮੋਦੀ ਨੇ ਐਤਵਾਰ ਸਵੇਰੇ ਕਿਹਾ, “ਦਿੱਲੀ ਨੇ ਪਿਛਲੇ 10 ਸਾਲਾਂ ’ਚ ਜਿਸ ਤਰ੍ਹਾਂ ਦੀ ਰਾਜ ਸਰਕਾਰ ਦੇਖੀ ਹੈ, ਉਹ ‘ਆਪਦਾ’ ਤੋਂ ਘੱਟ ਨਹੀਂ ਹੈ। ਅੱਜ ਦਿੱਲੀ ਦੀ ਜਨਤਾ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਹੈ। ਇਸ ਲਈ ਹੁਣ ਦਿੱਲੀ ’ਚ ਇੱਕ ਹੀ ਆਵਾਜ਼ ਗੂੰਜ ਰਹੀ ਹੈ- ‘ਆਪਦਾ’ ਬਰਦਾਸ਼ਤ ਨਹੀਂ ਕਰੇਗੀ, ਬਦਲ ਕੇ ਰਹਾਂਗੇ।’’ ਪ੍ਰਧਾਨ ਮੰਤਰੀ ਨੇ ਵੋਟਰਾਂ ਨੂੰ ਕਿਹਾ ਕਿ ਉਹ ਦਿੱਲੀ ਦੇ ਉੱਜਵਲ ਭਵਿੱਖ ਲਈ ਭਾਜਪਾ ਨੂੰ ਇੱਕ ਮੌਕਾ ਦੇਣ ਕਿਉਂਕਿ ਇੱਥੇ ਸੱਤਾਧਾਰੀ ਪਾਰਟੀ ਕੇਂਦਰ ਦੀ ਸੱਤਾਧਾਰੀ ਪਾਰਟੀ ਹੀ ਵਿਕਾਸ ਕਰ ਸਕਦੀ ਹੈ।