ਲੁਧਿਆਣਾ, 27 ਜਨਵਰੀ:
ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ੇਸ਼ ਤੌਰ ‘ਤੇ ਵਿਸ਼ੇਸ਼ ਲੋੜਾਂ ਵਾਲੇ ਖਿਡਾਰੀਆਂ ਨੂੰ ਸਸ਼ਕਤ ਬਣਾਉਣ ਪ੍ਰਤੀ ਆਪਣੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਹਿਮਾਂਸ਼ੂ ਜੈਨ ਦੇ ਨਾਲ, ਐਨ.ਜੀ.ਓ ਫਿਲਨ ਥਰੋਪੀਕਲੱਬ ਦੀ ਪ੍ਰਧਾਨ ਸ੍ਰੀਮਤੀ ਲਖਵਿੰਦਰ ਕੌਰ ਅਤੇ ਪ੍ਰੋਜੈਕਟ ਅਮੋਦਨੀ (ਵਰਸਟਾਈਲ ਗਰੁੱਪ) ਲੁਧਿਆਣਾ ਤੋਂ ਸ੍ਰੀਮਤੀ ਗੀਤਾਂਜਲੀ ਸੇਠ ਨੇ ਦਫਤਰ ਡਿਪਟੀ ਕਮਿਸ਼ਨਰ ਲੁਧਿਆਣਾ ਵਿਖੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਪੈਰਾ-ਬੈਡਮਿੰਟਨ ਖਿਡਾਰੀ ਸ਼ਬਾਨਾ ਨੂੰ 08 ਤੋਂ 14 ਫਰਵਰੀ ਤੱਕ ਬਹਿਰੀਨ ਪੈਰਾ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ 2026 ਵਿੱਚ ਖੇਡਣ ਜਾਣ ਲਈ ਚੈਂਪੀਅਨਸ਼ਿਪ ਫੀਸ, ਵੀਜ਼ਾ ਫੀਸ ਅਤੇ ਬਹਿਰੀਨ ਜਾਣ ਅਤੇ ਆਉਣ ਲਈ ਟਿਕਟ ਲੈਣ ਲਈ ਵਿੱਤੀ ਸਪੋਰਟ ਕੀਤੀ।
ਇਸ ਮੌਕੇ ਇੰਡੀਅਨ ਰੈਡ ਕਰਾਸ ਸੁਸਾਇਟੀ, ਲੁਧਿਆਣਾ ਦੇ ਸਕੱਤਰ ਸ੍ਰੀ ਨਵਨੀਤ ਜੋਸ਼ੀ ਵੀ ਮੌਜੂਦ ਸੀ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਵਿਸ਼ਵ ਪੱਧਰ ‘ਤੇ ਸ਼ਬਾਨਾ ਦੀਆਂ ਬੇਮਿਸਾਲ ਪ੍ਰਾਪਤੀਆਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ਼ਬਾਨਾ ਨੇ ਲਗਾਤਾਰ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਅਣਗਿਣਤ ਨੌਜਵਾਨ ਐਥਲੀਟਾਂ, ਖਾਸ ਕਰਕੇ ਪੈਰਾ ਸਪੋਰਟਸ ਭਾਈਚਾਰੇ ਦੇ ਖਿਡਾਰੀਆਂ ਲਈ ਪ੍ਰੇਰਨਾ ਦਾ ਸਰੋਤ ਬਣ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਸ਼ਬਾਨਾ ਦੇ ਸਮਰਪਣ ਅਤੇ ਸ਼ਾਨਦਾਰ ਪ੍ਰਦਰਸ਼ਨ ਨੇ ਲੁਧਿਆਣਾ, ਪੰਜਾਬ ਅਤੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸ਼ਬਾਨਾ ਜੇਕਰ ਬਹਿਰੀਨ ਪੈਰਾ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ 2026 ਵਿੱਚ ਜਿੱਤ ਹਾਸਲ ਕਰ ਲੈਂਦੀ ਹੈ ਤਾਂ ਸ਼ਬਾਨਾ ਏਸ਼ੀਅਨ ਗੇਮਜ਼ 2026 ਲਈ ਕੁਆਲੀਫਾਈ ਕਰ ਜਾਵੇਗੀ। ਉਨ੍ਹਾਂ ਸ਼ਬਾਨਾ ਨੂੰ ਬਹਿਰੀਨ ਪੈਰਾ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਜਿੱਤ ਪ੍ਰਾਪਤ ਕਰਨ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ ਅਤੇ ਐਨ.ਜੀ.ਓ ਫਿਲਨਥਰੋਪੀ ਕਲੱਬ ਦੀ ਪ੍ਰਧਾਨ ਸ੍ਰੀਮਤੀ ਲਖਵਿੰਦਰ ਕੌਰ ਅਤੇ ਪ੍ਰੋਜੈਕਟ ਅਮੋਦਨੀ (ਵਰਸਟਾਈਲ ਗਰੁੱਪ) ਲੁਧਿਆਣਾ ਤੋਂ ਸ੍ਰੀਮਤੀ ਗੀਤਾਂਜਲੀ ਸੇਠ ਦਾ ਸ਼ਬਾਨਾ ਦੀ ਸਪੋਰਟ ਕਰਨ ਲਈ ਵੀ ਸਰਾਹਨਾ ਕੀਤੀ।
ਹਿਮਾਂਸ਼ੂ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ, ਇੰਡੀਅਨ ਰੈੱਡ ਕਰਾਸ ਸੁਸਾਇਟੀ ਲੁਧਿਆਣਾ, ਐਨ.ਜੀ.ਓ ਫਿਲਨਥਰੋਪੀ ਕਲੱਬ ਅਤੇ ਪ੍ਰੋਜੈਕਟ ਅਮੋਦਨੀ (ਵਰਸਟਾਈਲ ਗਰੁੱਪ) ਲੁਧਿਆਣਾ ਵੱਲੋਂ ਪਹਿਲਾਂ ਵੀ ਅੰਤਰਰਾਸ਼ਟਰੀ ਪੈਰਾ-ਬੈਡਮਿੰਟਨ ਖਿਡਾਰੀ ਸ਼ਬਾਨਾ ਦੀ ਵੱਖ-ਵੱਖ ਦੇਸ਼ਾਂ ਵਿੱਚ ਖੇਡਣ ਲਈ ਸਪੋਰਟ ਕੀਤੀ ਜਾਂਦੀ ਹੈ ਤਾਂ ਜੋ ਸ਼ਬਾਨਾ ਵਰਗੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਇਹ ਯਕੀਨੀ ਬਣਾਉਣ ਲਈ ਹਮੇਸ਼ਾਂ ਤੱਤਪਰ ਹੈ ਕਿ ਸ਼ਬਾਨਾ ਵਰਗੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਉਹ ਪਲੇਟਫਾਰਮ ਮਿਲ ਸਕੇ ਜਿਸਦੀ ਉਹ ਸੱਚਮੁੱਚ ਹੱਕਦਾਰ ਹੈ। ਉਨ੍ਹਾਂ ਇਹ ਵੀ ਵਿਸ਼ਵਾਸ ਪ੍ਰਗਟ ਕੀਤਾ ਕਿ ਉਹ ਬਹਿਰੀਨ ਪੈਰਾ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵਲੋਂ ਹੋਰਨਾਂ ਐਨ.ਜੀ.ਓਜ ਨੂੰ ਵੀ ਅਪੀਲ ਕੀਤੀ ਅਜਿਹੇ ਨੇਕ ਕਾਰਜ਼ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਤਾਂ ਜੋ ਕੋਈ ਵੀ ਕਾਬਿਲ ਖਿਡਾਰੀ ਮੁੱਢਲੀਆਂ ਜਰੂਰਤਾਂ ਤੋਂ ਵਾਂਝਾ ਨਾ ਰਹਿ ਸਕੇ।
ਅੰਤਰਰਾਸ਼ਟਰੀ ਪੈਰਾ-ਬੈਡਮਿੰਟਨ ਖਿਡਾਰੀ ਸ਼ਬਾਨਾ ਨੇ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪ੍ਰਸ਼ਾਸਨ, ਐਨ.ਜੀ.ਓ ਫਿਲਨਥਰੋਪੀ ਕਲੱਬ ਅਤੇ ਪ੍ਰੋਜੈਕਟ ਅਮੋਦਨੀ (ਵਰਸਟਾਈਲ ਗਰੁੱਪ) ਲੁਧਿਆਣਾ ਦਾ ਉਨ੍ਹਾਂ ਦੇ ਅਟੁੱਟ ਸਮਰਥਨ ਲਈ ਧੰਨਵਾਦ ਵੀ ਕੀਤਾ।


