ਲੁਧਿਆਣਾ, 31 ਜਨਵਰੀ – ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਲੁਧਿਆਣਾ ਵਰਿੰਦਰ ਸਿੰਘ ਟਿਵਾਣਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ‘ਸਾਡੇ ਬਜ਼ੁਰਗ, ਸਾਡਾ ਮਾਣਾ ਮੁਹਿੰਮ-2026’ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਵੱਖ-ਵੱਖ ਥਾਵਾਂ ’ਤੇ ਬਜੁਰਗਾਂ ਦੀ ਸਿਹਤ ਜਾਂਚ ਕੈਂਪ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੌਰਾਨ ਖਾਸ ਕਰਕੇ ਬਜੁਰਗਾਂ ਦੀ ਸਿਹਤ ਜਾਂਚ, ਮਾਨਸਿਕ ਕਾਊਂਸਲਿੰਗ, ਕਾਨੂੰਨੀ ਅਧਿਕਾਰ/ਸੀਨੀਅਰ ਸਿਟੀਜਨ ਐਕਟ ਦੀ ਜਾਣਕਾਰੀ, ਬੁਢਾਪਾ ਪੈਨਸ਼ਨ ਫਾਰਮ ਅਤੇ ਸੀਨੀਅਰ ਸਿਟੀਜਨ ਕਾਰਡ ਮੌਕੇ ’ਤੇ ਹੀ ਆਨਲਾਈਨ ਭਰੇ ਜਾਣੇ, ਬੈਂਕ ਧੋਖਾਧੜੀ ਤੋਂ ਬਚਣ ਸਬੰਧੀ ਜਾਣਕਾਰੀ, ਯੋਗਾ ਤੇ ਮੈਡੀਟੇਸ਼ਨ ਦੇ ਲਾਭ ਬਾਰੇ ਜਾਣਕਾਰੀ, ਸੈਲਫ ਹੈਲਪ ਗਰੁੱਪਾਂ ਵੱਲੋਂ ਬਜ਼ੁਰਗਾ ਨੂੰ ਉੰਨ ਬੁਣਾਈ, ਕਰੋਸ਼ੀਆ ਆਦਿ ਸਿਖਾਇਆ ਜਾਣਾ, ਪੁਰਾਤਨ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨਾ, ਬੱਚਿਆਂ ਅਤੇ ਬਜ਼ੁਰਗਾਂ ਦਾ ਆਪਸੀ ਤਾਲਮੇਲ ਵਧਾਉਣਾ ਆਦਿ ਸ਼ਾਮਲ ਹਨ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਲੁਧਿਆਣਾ ਵਰਿੰਦਰ ਸਿੰਘ ਟਿਵਾਣਾ ਵੱਲੋਂ ਕੈਂਪਾਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਫਰਵਰੀ ਮਹੀਨੇ ਵਿੱਚ ਕੁੱਲ ਚਾਰ ਕੈਂਪ ਲਗਾਏ ਜਾਣੇ ਹਨ ਜਿਸ ਵਿੱਚ ਪਹਿਲਾ ਕੈਂਪ 04 ਫਰਵਰੀ ਨੂੰ ਸਵਾਮੀ ਵਿਵੇਕਾਨੰਦ ਚੈਰੀਟੇਬਲ ਹਸਪਤਾਲ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਜਦਕਿ ਦੂਸਰਾ ਕੈਂਪ 11 ਫਰਵਰੀ ਨੂੰ ਗੁਰੂ ਅਮਰਦਾਸ ਬਿਰਧ ਆਸ਼ਰਮ, ਪਿੰਡ ਸਰਾਭਾ, ਤੀਸਰਾ ਕੈਂਪ 18 ਫਰਵਰੀ ਨੂੰ ਨਿਸ਼ਕਾਮ ਸੇਵਾ ਬਿਰਧ ਆਸ਼ਰਮ, ਪਿੰਡ ਬੀਹਲਾ ਅਤੇ ਚੌਥਾ ਕੈਂਪ 25 ਫਰਵਰੀ ਗੁਰੂ ਨਾਨਕ ਚੈਰੀਟੇਬਲ ਟਰੱਸਟ, ਗੁਰਮਤਿ ਭਵਨ, ਮੁੱਲਾਂਪੁਰ ਵਿਖੇ ਲਗਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦਾ ਸਰਮਾਇਆ ਹਨ, ਇਹਨਾਂ ਨੂੰ ਸੰਭਾਲਣਾ ਸਾਡਾ ਫ਼ਰਜ਼ ਵੀ ਹੈ ਅਤੇ ਸਾਡੀ ਨੈਤਿਕ ਜ਼ਿੰਮੇਵਾਰੀ ਵੀ ਹੈ ਕਿਉਂਕਿ ਸਾਡੇ ਬਜ਼ੁਰਗਾਂ ਅਤੇ ਮਾਤਾ-ਪਿਤਾ ਦਾ ਸਮਾਜ ਦੀ ਤਰੱਕੀ ਵਿੱਚ ਬਹੁਤ ਵੱਡਾ ਯੋਗਦਾਨ ਹੈ। ਬਜ਼ੁਰਗਾਂ ਦੀ ਯੋਗ ਅਗਵਾਈ ਸਦਕਾ ਹੀ ਅਸੀਂ ਅੱਜ ਹਰ ਖੇਤਰ ਵਿੱਚ ਨਾਮਣਾ ਖੱਟ ਰਹੇ ਹਾਂ ਅਤੇ ਤਰੱਕੀ ਦੀਆਂ ਨਵੀਂਆਂ ਮੰਜਿਲਾ ਛੂਹ ਰਹੇ ਹਾਂ। ਉਹਨਾਂ ਕਿਹਾ ਕਿ ਪੁਰਾਣੇ ਸਮੇਂ ਤੋਂ ਹੀ ਸਾਡੇ ਭਾਰਤੀ ਸਮਾਜ ਅਤੇ ਪਰੰਪਰਾ ਵਿੱਚ ਸਾਂਝੇ ਪਰਿਵਾਰਾਂ ਦਾ ਬਹੁਤ ਮਹੱਤਵ ਰਿਹਾ ਹੈ। ਇਸ ਰੀਤੀ ਨੂੰ ਅੱਗੇ ਵਧਾਉਦੇ ਹੋਏ ਸਾਨੂੰ ਅੱਜ ਵੀ ਬਜ਼ੁਰਗਾਂ ਨੂੰ ਪੂਰਾ ਮਾਣ-ਸਤਿਕਾਰ ਦੇਣਾ ਸਮੇਂ ਦੀ ਲੋੜ ਹੈ ਕਿਉਂਕਿ ਸਾਂਝੇ ਪਰਿਵਾਰ ਵਿੱਚ ਰਹਿੰਦੇ ਹੋਏ ਅਸੀਂ ਤਰੱਕੀ ਕਰ ਸਕਦੇ ਹਾਂ ਅਤੇ
ਖੁਸ਼ਹਾਲ ਜ਼ਿੰਦਗੀ ਦਾ ਆਨੰਦ ਲੈ ਸਕਦੇ ਹਾਂ।
ਉਹਨਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਜ਼ੁਰਗਾਂ ਦਾ ਤਨੋ-ਮਨੋਂ ਸਤਿਕਾਰ ਕਰਨ ਤਾਂ ਕਿ ਸੱਭਿਅਕ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਬਜ਼ੁਰਗਾਂ ਦੀ ਸੁਰੱਖਿਆ ਲਈ ਕੁੱਝ ਨਿਯਮ/ਕਾਨੂੰਨ ਬਣਾਏ ਗਏ ਹਨ ਜਿਸਦੇ ਤਹਿਤ ਜੇਕਰ ਕਿਸੇ ਵੀ ਬਜ਼ੁਰਗ ਦੀ ਉਹਨਾਂ ਦੇ ਪਰਿਵਾਰ ਵੱਲੋਂ ਦੇਖ-ਭਾਲ ਨਹੀਂ ਕੀਤੀ ਜਾਂਦੀ ਜਾਂ ਘਰ ਤੋਂ ਕੱਢ ਦਿੱਤਾ ਜਾਂਦਾ ਹੈ ਤਾਂ ਉਹ ਬਜ਼ੁਰਗ ਆਪਣੀ ਸ਼ਿਕਾਇਤ ਸਮਾਜਿਕ ਸੁਰੱਖਿਆ ਵਿਭਾਗ ਨੂੰ ਜ਼ਿਲ੍ਹਾ ਪੱਧਰ/ਸਬ-ਡਵੀਜ਼ਨ ਪੱਧਰ ‘ਤੇ ਕਰ ਸਕਦੇ ਹਨ। ਕਾਨੂੰਨ ਅਨੁਸਾਰ ਉਸ ਬਜ਼ੁਰਗ ਨੂੰ ਬਣਦੇ ਹੱਕ ਦਿਵਾਏ ਜਾਣਗੇ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਲੁਧਿਆਣਾ ਵਰਿੰਦਰ ਸਿੰਘ ਟਿਵਾਣਾ ਵੱਲੋਂ ਜ਼ਿਲ੍ਹੇ ਦੇ ਸਮੂਹ ਸੀਨੀਅਰ ਸਿਟੀਜਨ, ਸੀਨੀਅਰ ਸਿਟੀਜਨ ਐਸੋਸੀਏਸ਼ਨ, ਕਲੱਬਾਂ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਉਨ੍ਹਾਂ ਕਿਹਾ ਆਉਣ ਵਾਲੇ ਸਮੇਂ ਵਿੱਚ ਅਜਿਹੇ ਹੋਰ ਕੈਂਪ ਵੀ ਲਗਾਏ ਜਾਣੇ ਹਨ ਤਾਂ ਜੋ ਸਾਡੇ ਬਜ਼ੁਰਗ ਬੁਨਿਆਦੀ ਸਹੂਲਤਾਂ ਤੋ ਵਾਂਝੇ ਨਾ ਰਹਿ ਸਕਣ।


