ਲੁਧਿਆਣਾ, 20 ਜਨਵਰੀ:
ਜ਼ਿਲ੍ਹਾ ਸੈਨਿਕ ਬੋਰਡ, ਲੁਧਿਆਣਾ ਦੀ ਤਿਮਾਹੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਕੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਬੱਚਤ ਭਵਨ ਲੁਧਿਆਣਾ ਵਿਖੇ ਹੋਈ ਜਿੱਥੇ ਜ਼ਿਲ੍ਹਾ ਸੈਨਿਕ ਬੋਰਡ ਦੇ ਮੈਂਬਰ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸ਼ਾਮਿਲ ਹੋਏ।
ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ:), ਸਕੱਤਰ, ਜ਼ਿਲ੍ਹਾ ਸੈਨਿਕ ਬੋਰਡ-ਕਮ-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਲੁਧਿਆਣਾ ਵੱਲੋਂ ਸਮੂਹ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਲੁਧਿਆਣਾ ਦੀ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਨੇ ਜ਼ਿਲ੍ਹੇ ਦੇ ਸਮੂਹ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ, ਸਾਬਕਾ ਸੈਨਿਕਾਂ, ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸੁਣਨ ਉਪਰੰਤ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦਾ ਭਰੋਸਾ ਦਵਾਇਆ। ਉਹਨਾਂ ਕਿਹਾ ਕਿ ਸੈਨਿਕ ਆਪਣੀ ਪੂਰੀ ਨੌਕਰੀ ਦੌਰਾਨ ਜਿੱਥੇ ਦੇਸ਼ ਦੀ ਆਨ-ਬਾਨ ਅਤੇ ਸ਼ਾਨ ਲਈ ਹਰ ਖ਼ਤਰਾ ਮੁੱਲ ਲੈਂਦੇ ਹਨ ਉਥੇ ਹੀ ਸੇਵਾ ਮੁਕਤੀ ਤੋਂ ਬਾਅਦ ਵੀ ਕਿਸੇ ਨਾ ਕਿਸੇ ਤਰੀਕੇ ਦੇਸ਼ ਸੇਵਾ ਅਤੇ ਲੋਕ ਸੇਵਾ ਵਿੱਚ ਯੋਗਦਾਨ ਪਾਉਂਦੇ ਰਹਿੰਦੇ ਹਨ। ਸਾਬਕਾ ਸੈਨਿਕਾਂ ਦੀਆਂ ਸੇਵਾਵਾਂ ਦਾ ਮੁੱਲ ਕਦੇ ਵੀ ਨਹੀਂ ਮੋੜਿਆ ਜਾ ਸਕਦਾ।
ਮੀਟਿੰਗ ਦੌਰਾਨ ਝੰਡਾ ਦਿਵਸ ਫੰਡ ਦੀ ਇਕੱਤਰਤਾ, ਸ਼ਿਕਾਇਤਾਂ ਦਾ ਨਿਵਾਰਨ, ਟਿਊਬਵੈਲ ਕੁਨੈਕਸ਼ਨ ਦੇਣ ਨਾਲ ਸਬੰਧਤ ਸਾਬਕਾ ਸੈਨਿਕਾਂ ਜਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ, ਸਾਬਕਾ ਸੈਨਿਕਾਂ ਦੇ ਕੁਦਰਤੀ ਵਾਰਸ ਸਰਟੀਫਿਕੇਟ ਜਾਰੀ ਕਰਨ ਸਬੰਧੀ ਆ ਰਹੀਆਂ ਮੁਸ਼ਕਿਲਾਂ ਆਦਿ ਸਬੰਧੀ ਵਿਸਥਾਰ ਸਹਿਤ ਵਿਚਾਰ-ਚਰਚਾ ਕੀਤੀ ਗਈ।
ਇਸ ਮੌਕੇ ਲੈਫ਼ਟੀਨੈਂਟ ਕਰਨਲ ਏ.ਕੇ. ਡਾਗੁਰ ਵੈਟਰਨ ਸਹਾਇਤਾ ਕੇਂਦਰ ਲੁਧਿਆਣਾ, ਜ਼ਿਲ੍ਹਾ ਸੈਨਿਕ ਬੋਰਡ ਦੇ ਮੈਂਬਰ ਸਾਹਿਬਾਨ, ਸਾਬਕਾ ਸੈਨਿਕ ਅਤੇ ਸਮੂਹ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦਾ ਸਟਾਫ ਹਾਜ਼ਰ ਸੀ।


