ਰੂਪਨਗਰ, 19 ਜਨਵਰੀ: ਰੂਪਨਗਰ ਪੁਲਿਸ ਨੇ ਇੱਕ ਸੰਗਠਿਤ ਗਿਰੋਹ ਦਾ ਪਰਦਾਫਾਸ਼ ਕੀਤਾ ਜੋ ਬੋਗਸ/ਨਕਲੀ ਵੈੱਬਸਾਈਟ/ਸਿਸਟਮ ਰਾਹੀਂ ਨਕਲੀ “ਕਿਊ ਫਾਰਮ” ਤਿਆਰ ਕਰਕੇ ਸਪਲਾਈ ਕਰਦਾ ਸੀ। ਇਹ ਨਕਲੀ ਕਿਊ ਫਾਰਮ ਰੇਤ, ਬਜਰੀ ਆਦਿ ਨਿਰਮਾਣ ਸਮੱਗਰੀ ਦੀ ਗੈਰਕਾਨੂੰਨੀ ਢੁਆਈ ਲਈ ਵਰਤੇ ਜਾ ਰਹੇ ਸਨ ਜਿਸ ਨਾਲ ਪੰਜਾਬ ਸਰਕਾਰ ਨੂੰ ਵੱਡਾ ਵਿੱਤੀ ਨੁਕਸਾਨ ਹੋ ਰਿਹਾ ਸੀ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਮਨਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਅਰੁਣ ਕੁਮਾਰ ਉਰਫ਼ ਰਾਣਾ ਵਾਸੀ ਪਿੰਡ ਨੈਨਵਾ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ, ਹਰਿੰਦਰਪਾਲ ਭੱਲਾ ਉਰਫ਼ ਨੋਨੂ (ਨੋਨੂ ਭੱਲਾ) ਵਾਸੀ ਪਿੰਡ ਭਰਤਗੜ੍ਹ ਜ਼ਿਲ੍ਹਾ ਰੂਪਨਗਰ, ਗੁਰਮੀਤ ਸਿੰਘ ਵਾਸੀ ਸਰਸਾ ਨੰਗਲ ਜ਼ਿਲ੍ਹਾ ਰੂਪਨਗਰ ਅਤੇ ਅਖਿਲੇਸ਼ ਪ੍ਰਤਾਪ ਸ਼ਾਹੀ ਵਾਸੀ ਵਿਵੇਕ ਪੁਰਮ ਤਾਰਾਮੰਡਲ ਸਿੱਧਾਰਥ ਇਨਕਲੇਵ ਐਸਓ ਗੋਰਖਪੁਰ ਉੱਤਰ ਪ੍ਰਦੇਸ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਨ੍ਹਾਂ ਉੱਤੇ ਐਫਆਈਆਰ ਨੰਬਰ 0014 ਮਿਤੀ 16/01/2026 ਥਾਣਾ ਨੰਗਲ ਵਿੱਚ ਧਾਰਾ 318 (4), 336 (2), 336(3), 340 (2), 338, 61(2) ਬੀਐਨਐਸ ਅਤੇ ਧਾਰਾ 66, 66 (ਸੀ), 66 (ਡੀ) ਆਈ ਟੀ ਐਕਟ 2000 ਤਹਿਤ ਦਰਜ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇਹ ਸਫਲ ਕਾਰਵਾਈ ਡੀਆਈਜੀ ਰੂਪਨਗਰ ਰੇਂਜ ਸ. ਨਾਨਕ ਸਿੰਘ ਦੀ ਅਗਵਾਈ ਹੇਠ ਐਸਪੀ (ਹੈਡਕਵਾਟਰ) ਸ਼੍ਰੀ ਅਰਵਿੰਦ ਮੀਨਾ ਅਤੇ ਐਸਪੀ (ਇਨਵੈਸਟੀਗੇਸ਼ਨ) ਸ. ਗੁਰਦੀਪ ਸਿੰਘ ਗੋਸਲ ਦੀ ਨਿਗਰਾਨੀ ਹੇਠ ਕੀਤੀ ਗਈ।ਉਨ੍ਹਾਂ ਦੱਸਿਆ ਕਿ ਵੱਖ-ਵੱਖ ਟੀਮਾਂ ਡੀਐਸਪੀ ਡਿਟੈਕਟਿਵ ਸ਼੍ਰੀ ਜਤਿੰਦਰ ਚੌਹਾਨ ਅਤੇ ਡੀਐਸਪੀ ਨੰਗਲ ਸ. ਹਰਕੀਰਤ ਸਿੰਘ ਦੀ ਅਗਵਾਈ ਹੇਠ ਬਣਾਈਆਂ ਗਈਆਂ। ਇਹ ਕਾਰਵਾਈ ਸਪੈਸ਼ਲ ਬ੍ਰਾਂਚ ਟੀਮ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ, ਸੀਏਆਈ ਸਟਾਫ ਇੰਚਾਰਜ ਇੰਸਪੈਕਟਰ ਮਨਦੀਪ ਸਿੰਘ ਦੇ ਨਾਲ ਸਹਿਯੋਗ ਨਾਲ ਥਾਣਾ ਨੰਗਲ ਦੀ ਟੀਮ ਮੁਖੀ ਇੰਸਪੈਕਟਰ ਸਿਮਰਨਜੀਤ ਸਿੰਘ ਅਤੇ ਨਿਆ ਨੰਗਲ ਇੰਚਾਰਜ ਸਰਤਾਜ ਸਿੰਘ ਦੀ ਸਹਿਯੋਗ ਨਾਲ ਸਾਂਝੇ ਤੌਰ ‘ਤੇ ਅੰਜਾਮ ਦਿੱਤੀ ਗਈ।ਸ. ਮਨਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਮੁਤਾਬਕ ਦੋਸ਼ੀਆਂ ਨੇ ਇੱਕ ਸੁਚੱਜਾ ਗਿਰੋਹ ਬਣਾ ਕੇ ਪੰਜਾਬ ਸਰਕਾਰ ਦੇ ਮਾਈਨਜ਼ ਐਂਡ ਜੀਓਲੋਜੀ ਪੋਰਟਲ ਵਰਗੀ ਦਿੱਖ ਵਾਲੀ ਨਕਲੀ ਵੈੱਬਸਾਈਟ ਤਿਆਰ ਕੀਤੀ ਤਾਂ ਜੋ ਟਰਾਂਸਪੋਰਟਰਾਂ ਅਤੇ ਐਨਫੋਰਸਮੈਂਟ ਏਜੰਸੀਆਂ ਨੂੰ ਗੁੰਮਰਾਹ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਅਸਲੀ ਸਰਕਾਰੀ ਵੈੱਬਸਾਈਟ https://minesandgeology.punjab.gov.in/ ਹੈ ਪ੍ਰੰਤੂ ਇਨ੍ਹਾਂ ਵਲੋਂ ਨਕਲੀ/ਬੋਗਸ ਵੈੱਬਸਾਈਟ https://minesandgeology.punjabgou.in/ ਤਿਆਰ ਕੀਤੀ ਗਈ ਸੀ।ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਗੁਰਮੀਤ ਸਿੰਘ ਪਿਛਲੇ ਤਕਰੀਬਨ 2 ਸਾਲਾਂ ਤੋਂ ਅਖਿਲੇਸ਼ ਪ੍ਰਤਾਪ ਸ਼ਾਹੀ ਦੇ ਸੰਪਰਕ ਵਿੱਚ ਸੀ ਅਤੇ ਉਹ ਇਸ ਨਕਲੀ ਪੋਰਟਲ/ਵੈੱਬਸਾਈਟ ਨੂੰ ਉਸ ਸਮੇਂ ਤੋਂ ਤਿਆਰ ਅਤੇ ਟੈਸਟ ਕਰ ਰਹੇ ਸਨ। ਇਹ ਗੈਰਕਾਨੂੰਨੀ ਰੈਕੇਟ ਪਿਛਲੇ 5-6 ਮਹੀਨਿਆਂ ਤੋਂ ਸਰਗਰਮ ਤੌਰ ‘ਤੇ ਕੰਮ ਕਰ ਰਿਹਾ ਸੀ। ਇਸ ਬੋਗਸ ਪੋਰਟਲ ਰਾਹੀਂ ਦੋਸ਼ੀ ਵੱਖ-ਵੱਖ ਟਰੱਕ ਨੰਬਰਾਂ ਲਈ ਨਕਲੀ ਕਿਊ ਫਾਰਮ ਤਿਆਰ ਕਰਕੇ ਟਰੱਕ ਡਰਾਈਵਰਾਂ/ਟਰਾਂਸਪੋਰਟਰਾਂ ਨੂੰ ਸਪਲਾਈ ਕਰ ਰਹੇ ਸਨ। ਇਹ ਨਕਲੀ ਕਿਊ ਫਾਰਮ ਗੈਰਕਾਨੂੰਨੀ ਢੁਆਈ ਨੂੰ ਕਾਗਜ਼ਾਂ ‘ਤੇ ਕਾਨੂੰਨੀ ਦਰਸਾਉਣ ਲਈ ਵਰਤੇ ਜਾ ਰਹੇ ਸਨ ਜਿਸ ਨਾਲ ਵਾਹਨਾਂ ਦੀ ਆਵਾਜਾਈ ਆਸਾਨ ਹੋ ਜਾਂਦੀ ਸੀ ਅਤੇ ਪੰਜਾਬ ਸਰਕਾਰ ਨੂੰ ਵੱਡਾ ਨੁਕਸਾਨ ਹੋ ਰਿਹਾ ਸੀ।ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਇਹ ਸਾਹਮਣੇ ਆਇਆ ਹੈ ਕਿ ਦੋਸ਼ੀਆਂ ਵੱਲੋਂ ਲਗਭਗ 450-500 ਨਕਲੀ ਦੇ ਫਾਰਮ ਤਿਆਰ ਕੀਤੇ ਗਏ ਹਨ।ਸੀਨੀਅਰ ਕਪਤਾਨ ਪੁਲਿਸ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਕੋਲੋ 9 ਮੋਬਾਈਲ ਫੋਨ ਅਤੇ 2 ਲੈਪਟਾਪ ਵੀ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਅਗਲੀ ਜਾਂਚ ਜਾਰੀ ਹੈ ਜਿਸ ਅਧੀਨ ਨਕਲੀ ਕਿਊ ਫਾਰਮ ਵਰਤਣ ਵਾਲੇ ਹੋਰ ਲਾਭਪਾਤਰੀਆਂ/ਟਰਾਂਸਪੋਰਟਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਸ਼ਾਮਿਲ ਟਰੱਕਾਂ ਦੀ ਪੂਰੀ ਸੂਚੀ ਅਤੇ ਮੂਵਮੈਂਟ ਡੀਟੇਲਜ਼ ਦੀ ਤਸਦੀਕ ਕੀਤੀ ਜਾ ਰਹੀ ਹੈ। ਵੈੱਬਸਾਈਟ ਟ੍ਰੇਲ, ਹੈਸਟਿੰਗ ਡੀਟੇਲਜ, ਲਾਗਿਨ ਅਤੇ ਭੁਗਤਾਨ ਆਦਿ ਸਬੰਧੀ ਪੂਰੇ ਡਿਜ਼ੀਟਲ ਸਬੂਤ ਟ੍ਰੇਸ ਕੀਤੇ ਜਾ ਰਹੇ ਹਨ। ਇਸ ਰੈਕੇਟ ਨਾਲ ਜੁੜੇ ਪੂਰੇ ਨੈੱਟਵਰਕ ਅਤੇ ਵਿੱਤੀ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਰੂਪਨਗਰ ਪੁਲਿਸ ਨਕਲੀ ਦਸਤਾਵੇਜ਼ ਤਿਆਰ ਕਰਨ ਵਾਲਿਆਂ ਅਤੇ ਗੈਰਕਾਨੂੰਨੀ ਢੁਆਈ ਨਾਲ ਜੁੜੀਆਂ ਗਤੀਵਿਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਵਚਨਬੱਧ ਹੈ।


