ਬਠਿੰਡਾ, 19 ਜਨਵਰੀ 2026: ਕੋਈ ਖ਼ਬਰ ਕਦੇ ਛੋਟੀ ਨਹੀਂ ਹੁੰਦੀ। ਕਈ ਲੋਕ ਕੁੱਜੇ ਵਿੱਚ ਸਮੁੰਦਰ ਬੰਦ ਕਰਨ ’ਚ ਮਾਹਿਰ ਹੁੰਦੇ ਹਨ। ਜਿਵੇਂ ਕਿ ਕੁੱਝ ਲਾਈਨਾਂ ਦੀ ਛਪੀ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਗੱਲ ਪਿੰਡ ਦਿਆਲਪੁਰਾ ਮਿਰਜਾ ਦੀ ਹੈ ਜਿੱਥੇ ਦੋ ਕਾਰ ਸਵਾਰ ਇੱਕ ਮਜ਼ਦੂਰ ਕੋਲੋਂ ਡੋਲੂ ਖੋਹ ਕੇ ਭੱਜ ਗਏ ਹਨ। ਨਿੱਕੀ ਜਿਹੀ ਖ਼ਬਰ ਪਿਛੇ ਸੱਚਮੁੱਚ ਮਸਲਾ ਵੱਡਾ ਹੈ। ਪੰਜਾਬ ਦੇ ਬੁਰੇ ਦਿਨਾਂ ਦੀ ਇਸ ਤੋਂ ਪਾਰ ਕੋਈ ਸੀਮਾ ਨਹੀਂ ਹੋ ਸਕਦੀ। ਭੁੱਖਿਆਂ ਨੂੰ ਰਜਾਉਣ ਵਾਲੇ ਪੰਜਾਬ ਵਿੱਚ ਕੀ ਵਾਪਰ ਰਿਹਾ ਹੈ? ਨੌਜਵਾਨਾਂ ਦੇ ਹੱਥ ਡੋਲੂਆਂ ਤੱਕ ਪੁੱਜ ਗਏ ਹਨ। ਡੋਲੂ ਵਿੱਚ ਲੱਸੀ ਸੀ ਜੋ ਪਿੰਡਾਂ ਵਾਲਿਆਂ ਲਈ ਕੋਈ ਮਹਿੰਗੀ ਸ਼ੈਅ ਨਹੀਂ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਮਜ਼ਦੂਰ ਲੱਡੂ ਸਿੰਘ ਟਰਾਂਸਪੋਰਟਰ ਤੀਰਥ ਸਿੰਘ ਸਿੱਧੂ ਦੇ ਘਰੋਂ ਡੋਲੂ ਲੈਕੇ ਘਰ ਜਾ ਰਿਹਾ ਸੀ। ਪਿੱਛੋਂ ਦੋ ਕਾਰਲ ਸਵਾਰ ਆਏ ਜਿੰਨ੍ਹਾਂ ਡੋਲੂ ਖੋਹ ਲਿਆ ’ਤੇ ਔਹ ਗਏ।
ਜਿਨ੍ਹਾਂ ਵੱਡਿਆਂ ਨੂੰ ਹਰ ਮਸਲਾ ਛੋਟਾ ਦਿਖਾਈ ਦਿੰਦਾ ਹੈ, ਉਹ ਆਪਣੇ ਦਿਮਾਗ ਤੇ ਬੋਝ ਪਾਕੇ ਜ਼ਰੂਰ ਸੋਚਣ । ਪੰਜਾਬ ’ਚ ਹੁਣ ਲੱਸੀ ਦਾ ਭਰਿਆ ਡੋਲੂ ਲਿਜਾਣ ਵਾਲਾ ਮਜ਼ਦੂਰ ਵੀ ਸੁਰੱਖਿਅਤ ਨਹੀਂ, ਇੱਕ ਵਾਰੀ ਉਹ ਦਿਮਾਗ ’ਤੇ ਜ਼ਰੂਰ ਬੋਝ ਪਾਉਣ। ਪਿਛਲੇ ਦਿਨੀਂ ਇੱਕ ਖ਼ਬਰ ਛਪੀ ਸੀ ਕਿ ਕਿਸੇ ਅਪਰਾਧਿਕ ਮਾਮਲੇ ’ਚ ਸ਼ਾਮਲ ਮੁੰਡਾ ਸਾਬਕਾ ਪੁਲਿਸ ਅਧਿਕਾਰੀ ਦਾ ਨਿਕਲਿਆ ਸੀ। ਪੁਲੀਸ ਅਫ਼ਸਰਾਂ ਦੇ ਮੁੰਡਿਆਂ ਦੇ ਨਾਂ ਅਕਸਰ ਕਿਸੇ ਨਾ ਕਿਸੇ ਘਟਨਾ ’ਚ ਸੁਣਾਈ ਦਿੰਦੇ ਰਹਿੰਦੇ ਹਨ। ਇਹ ਨਹੀਂ ਕਿ ਸਾਰੀ ਦੀ ਸਾਰੀ ਪੁਲਿਸ ਮਾੜੀ ਹੋ ਗਈ ਬਲਕਿ ਕਈ ਤਾਂ ਹਰ ਮਹੀਨੇ ਆਪਣੀ ਤਨਖਾਹ ਰੂਪੀ ਕਿਰਤ ਕਮਾਈ ਚੋਂ ਲੋੜਵੰਦਾਂ ਦੀ ਸਹਾਇਤਾ ਲਈ ਦਸਵੰਧ ਵੀ ਕੱਢਦੇ ਹਨ। ਬਠਿੰਡਾ ਪੁਲਿਸ ਦਾ ਇੱਕ ਮੁਲਾਜਮ ਅੱਧੇ ਬੋਲ ਤੇ ਖੂਨਦਾਨ ਕਰਦਾ ਹੈ। ਕਈ ਪੁਲਿਸ ਮੁਲਾਜਮਾਂ ਅਜਿਹੇ ਹਨ ਜਿੰਨ੍ਹਾਂ ਲਈ ਮਾਇਆ ਨਾਗਣੀ ਹੈ ਜਦੋਂਕਿ ਕਈਆਂ ਦੀਆਂ ਖਬਰਾਂ ਰਿਸ਼ਵਤ ਲੈਣ ਦੀਆਂ ਵੀ ਆਉਂਦੀਆਂ ਰਹਿੰਦੀਆਂ ਹਨ।ਪਿਛਲਾ ਸਮਾਂ ਕਈ ਸਿਆਸੀ ਨੇਤਾਵਾਂ ਲਈ ਗਾਹ ਪਾਉਣ ਵਾਲਾ ਰਿਹਾ ਹੈ। ਕਈਆਂ ਨੂੰ ਤਾਂ ਹੁਣ ਵੀ ਸੁੱਤਿਆਂ ਜਾਗਦਿਆਂ ਵਿਜੀਲੈਂਸ ਦਾ ਡਰ ਸਤਾਉਂਦਾ ਰਹਿੰਦਾ ਹੈ। ਉੱਪਰੋਂ ਆਹ ਨਵੀਂ ਚੱਲੀ ਚੰਦਰੀ ਈ.ਡੀ. ਗਾਹੇ ਬਗਾਹੇ ਸਿਆਸੀ ਲੀਡਰਾਂ ਦੇ ਮਗਰ ਪਈ ਰਹਿੰਦੀ ਹੈ। ਜਦੋਂ ਮਾਮਲਾਂ ਕਰੋੜਾਂ ਤੋਂ ਅਰਬਾਂ ਤੱਕ ਪੁੱਜ ਜਾਏ ਤਾਂ ਫਿਰ ਛਾਪੇ ਵੱਜਣ ਦੀ ਗੱਲ ਕੋਈ ਛੋਟੀ ਖਬਰ ਨਹੀਂ ਰਹਿ ਜਾਂਦੀ ਹੈ। ਪਿਛੇ ਜਿਹੇ ਇੱਕ ਗਰੀਬ ਨੂੰ ਕਿਸੇ ਦੀ ਮਾਇਆ ਕੀ ਲੱਭੀ ਸਾਰੀ ਰਾਤ ਨੀਂਦ ਨਾਂ ਆਈ। ਉਸ ਨੇ ਸਵੇਰ ਹੁੰਦਿਆਂ ਮਾਲਕ ਨੂੰ ਲੱਭਿਆ ਅਤੇ ਕਿਹਾ ਕਿ ਆਹ ਸਾਂਭੋ ਆਪਣੀ ਅਮਾਨਤ। ਹਾਲਾਂਕਿ ਉਸ ਗ਼ਰੀਬ ਦਾ ਪਰਿਵਾਰ ਮਜ਼ਦੂਰੀ ’ਤੇ ਹੀ ਪਲਦਾ ਹੈ ਪਰ ਜਮੀਰ ਦੇ ਧੱਕੇ ਨਾਂ ਝੱਲ ਸਕਿਆ। ਅਫ਼ਸੋਸ ਇਹੋ ਕਿ ਮਾਇਆ ਨੇ ਕਦੇ ਉਨ੍ਹਾਂ ਦੀ ਜ਼ਮੀਰ ਨੂੰ ਧੱਕੇ ਨਹੀਂ ਮਾਰੇ ਜੋ ਅਗਵਾਈ ਕਰਦੇ ਹਨ। ਅਜਿਹੇ ਲੋਕਾਂ ਨੂੰ ਇਸ ਦਿਹਾੜੀਦਾਰ ਮਜ਼ਦੂਰ ਤੋਂ ਸੇਧ ਲੈਣ ਦਾ ਮਸ਼ਵਰਾ ।ਹੁਣ ਗੱਲ ਉਸ ਰਿਕਸ਼ਾ ਚਾਲਕ ਦੇ ਦੀਨ ਇਮਾਨ ਦੀ ਕਰਦੇ ਹਾਂ ਜੋ ਗਹਿਣਿਆਂ ਦਾ ਲੱਭਿਆ ਬੈਗ ਥਾਣੇ ਲੈਕੇ ਗਿਆ ਤਾਂ ਉੱਥੇ ਮਾਲਕ ਵੀ ਮੌਜੂਦ ਸੀ। ਜਦੋਂ ਬੈਗ ਚੈੱਕ ਕੀਤਾ ਤਾਂ ਗਹਿਣੇੇ ਸਹੀ ਸਲਾਮਤ ਸਨ। ਵਪਾਰੀ ਨੇ ਰਿਕਸ਼ਾ ਚਾਲਕ ਨੂੰ ਇਨਾਮ ਦੇਣ ਲਈ ਸਿਰ ਉਤਾਂਹ ਚੁੱਕਿਆ ਤਾਂ ਉਹ ਜਾ ਚੁੱਕਾ ਸੀ। ਇੰਜ ਲੱਗਦਾ ਹੈ ਕਿ ਈਮਾਨ ਤਾਂ ਹੁਣ ਇਕੱਲੇ ਕਿਰਤੀਆਂ ’ਚ ਹੀ ਬਚਿਆ ਹੈ। ਦੋ ਨੰਬਰ ਦੀ ਮਾਇਆ ਨੇ ਬਹੁਤਿਆਂ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ ਹੈ। ਉਮੀਦ ਕਰਦੇ ਹਾਂ ਕਿ ਜੋ ਬੇਖ਼ਬਰ ਰਹਿੰਦੇ ਹਨ, ਉਹ ਵੀ ਇਨ੍ਹਾਂ ਖ਼ਬਰਾਂ ਦੇ ਪਾਤਰਾਂ ਦੀ ਹਕੀਕਤ ’ਤੇ ਝਾਤੀ ਮਾਰਨਗੇ। ਖ਼ਬਰ ਜ਼ਿਕਰਯੋਗ ਹੈ ਜਿਸ ਅਨੁਸਾਰ ਜਾਤੀ ਅਧਾਰਤ ਸ਼ਮਸ਼ਾਨਘਾਟ ਬਣ ਗਏ ਹਨ। ਖ਼ਬਰ ਦੇ ਅਰਥ ਇਹੋ ਹਨ ਕਿ ਹੁਣ ਮਰਨ ਵਾਲੇ ਦੀ ਪਹਿਲਾਂ ਜਾਤੀ ਵੇਖੀ ਜਾਏਗੀ। ਦੇਖਣਾ ਬਣਦਾ ਹੈ ਕਿ ਹੁਣ ਗੱਲ ਜਾਤ ਆਧਾਰਤ ਸ਼ਮਸ਼ਾਨਘਾਟਾਂ ’ਤੇ ਰੁਕਦੀ ਵੀ ਹੈ ਜਾਂ ਨਹੀਂ ।
ਚੜ੍ਹਿਆ ਨਵਾਂ ਸਿਆਸੀ ਸਾਲ
ਨਵਾਂ ਸਾਲ ਚੜ੍ਹਦਿਆਂ ਹੀ ਪੰਜਾਬ ’ਚ ਸਿਆਸੀ ਹਵਾ ਤੇਜ ਹੋ ਗਈ ਹੈ ਜਿਸ ਦਾ ਅੰਤ ਹੁੰਦਿਆਂ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜਣਾ ਹੈ। ਆਉਂਦੇ ਦਿਨੀਂ ਗਰੀਬੀ ਦੇ ਪੱਤੇ ਚੱਲਣੇ ਹਨ ਤਾਂ ਮਹਿੰਗਾਈ ਅਤੇ ਆਮ ਆਦਮੀ ਦੀਆਂ ਗੱਲਾਂ ਹੋਣਗੀਆਂ। ਸਿਆਸਤ ਵੋਟਰਾਂ ਦੀ ਲਾਜ ਰੱਖਣ ਵਾਲੀ ਹੁੰਦੀ ਤਾਂ ਇੰਜ ਨਹੀਂ ਹੋਣਾ ਸੀ। ਲੋਕ ਵੋਟਾਂ ਵਾਲਾ ਸਾਲ ਨਹੀਂ, ਚਿੱਤੋਂ ਪਹਿਰ ਲੀਡਰਾਂ ਨੂੰ ਉਡੀਕਦੇ। ਅਫਸੋਸ ਕਿ ਵਿਰੋਧੀ ਵੀ ਹੁਣ ਲੋਕਾਂ ਦੀ ਧਿਰ ਨਹੀਂ ਰਹੇ। ਸਭ ਇੱਕੋ ਥਾਲੀ ਦੇ ਚੱਟੇ ਵੱਟੇ ਹਨ ਅਤੇ ਪੰਜ ਸਾਲ ਮਗਰੋਂ ਚਿਹਰਾ ਦਿਖਾਉਣ ਵਾਲੇ ਹਨ। ਜਿਨ੍ਹਾਂ ਆਜ਼ਾਦ ਫਿਜ਼ਾ ਦੇ ਨਕਸ਼ ਤਰਾਸ਼ੇ ਹੋਣਗੇ, ਉਨ੍ਹਾਂ ਨੇ ਇਹ ਨਹੀਂ ਸੋਚਿਆ ਹੋਣਾ। ਜੋ ਸ਼ਹੀਦੀਆਂ ਪਾ ਗਏ ,ਉਹ ਦੇਖਦੇ ਤਾਂ ਉਨ੍ਹਾਂ ਨੂੰ ਅਫਸੋਸ ਹੋਣਾ ਸੀ।
ਜੇਲ੍ਹਾਂ ਵੀ ਸੁਰਖੀਆਂ ਬਣੀਆਂ
ਖਬਰ ਤਿਹਾੜ ਜੇਲ੍ਹ ਦੀ ਹੈ ਜਿੱਥੇ ਬੰਦ ਅਨਮੋਲ ਬਿਸ਼ਨੋਈ ਨੂੰ ਬਾਹਰ ਲਿਜਾਣ ਤੇ ਰੋਕ ਲਾਈ ਗਈ ਹੈ। ਚਰਚਾ ਤਾਂ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੀ ਵੀ ਹੈ ਜਿੱਥੇ ਗੈਂਗਸਟਰ ਲਾਰੈਂਸ ਬਿਸ਼ਨੋਈ ਬੰਦ ਹੈ। ਅਸਾਮ ਦੀ ਡਿਬਰੂਗੜ੍ਹ ਜੇਲ੍ਹ ਅੰਮ੍ਰਿਤਪਾਲ ਸਿੰਘ ਕਾਰਨ ਸੁਰਖੀਆਂ ਵਿੱਚ ਹੈ ਜਦੋਂਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਕਾਰਨ ਅਸਾਮ ਦੀ ਸਿਲਚਰ ਜੇਲ੍ਹ ਵੀ ਖਬਰਾਂ ਵਿੱਚ ਹੈ। ਦਿਲਚਸਪੀ ਵਾਲੀ ਗੱਲ ਹੈ ਕਿ ਇੰਨ੍ਹਾਂ ਕਾਰਨ ਸਿਆਸੀ ਠੱਪਾ ਵੀ ਲਗਦਾ ਹੈ। ਹੋਰ ਸਿਆਸਤ ਕਿੱਥੇ-ਕਿੱਥੇ ਆਪਣਾ ਠੱਪਾ ਲਾਏਗੀ ਹੁਣ ਤਾਂ ਇਸ ਵੱਲ ਹੀ ਨਜ਼ਰਾਂ ਹਨ।


