ਲੁਧਿਆਣਾ, 16 ਮਾਰਚ – ਵਸਨੀਕਾਂ ਨੂੰ ਸਾਫ ਸੁਥਰਾ ਅਤੇ ਹਰਿਆਵਲ ਭਰਿਆ ਵਾਤਾਵਰਣ ਮੁਹੱਈਆ ਕਰਾਉਣ ਦੇ ਮੰਤਵ ਨਾਲ, ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਹਲਕਾ ਸਾਹਨੇਵਾਲ ਅਧੀਨ ਅਰਬਨ ਅਸਟੇਟ, ਫੇਸ-2 ਵਿੱਚ ਪੈਂਦੇ ਪਾਰਕ ਦੇ ਨਵੀਨੀਕਰਣ ਤੇ ਸੁੰਦਰੀਕਰਨ ਕਾਰਜਾਂ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਕੌਂਸਲਰ ਅਨੀਤਾ ਨਨਚਾਹਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਮੁੰਡੀਆਂ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਚਿਰੌਕਣੀ ਮੰਗ ਨੂੰ ਬੂਰ ਪਿਆ ਹੈ ਕਿਉਂਕਿ ਲੰਮੇ ਸਮੇਂ ਤੋਂ ਕਿਸੇ ਨੇ ਇਸ ਪਾਰਕ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਇਸ ਪਾਰਕ ਦੇ ਨਵੀਨੀਕਰਣ ਪ੍ਰੋਜੈਕਟ ਤਹਿਤ ਕਰੀਬ 1.7 ਕਰੋੜ ਰੁਪਏ ਖਰਚ ਕੀਤੇ ਜਾਣਗੇ ਜਿਸ ਵਿੱਚ ਪਾਰਕ ਦੇ ਸੁੰਦਰੀਕਰਨ ਲਈ ਨਵੇਂ ਫੁੱਲਾਂ ਦੇ ਬੂਟੇ, ਬੱਚਿਆਂ ਲਈ ਝੂਲੇ, ਬੱਚਿਆਂ ਲਈ ਸਵਿੰਗਜ਼, ਨੌਜਵਾਨਾਂ ਨੂੰ ਕਸਰਤ ਕਰਨ ਲਈ ਓਪਨ ਜਿੰਮ, ਪਾਰਕ ਦੀ ਚਾਰ ਦਿਵਾਰੀ ਦੀ ਮੁਰੰਮਤ, ਗ੍ਰਿੱਲਾਂ ਲਗਾਉਣਾ, ਛਾਂਦਾਰ ਰੁੱਖਾਂ ਦੇ ਬੂਟੇ ਲਗਾਉਣਾ, ਬਜ਼ੁਰਗਾਂ ਨੂੰ ਸਵੇਰ-ਸ਼ਾਮ ਦੀ ਸੈਰ ਲਈ ਸਮਰਪਿਤ ਫੁੱਟਪਾਥ ਆਦਿ ਸ਼ਾਮਲ ਹਨ।
ਇਸ ਚਿਰੌਕਣੀ ਮੰਗ ਨੂੰ ਬੂਰ ਪੈਣ ਤੋਂ ਬਾਅਦ ਸਥਾਨਕ ਵਸਨੀਕਾਂ ਵਲੋਂ ਆਪਣੇ ਹਰਮਨ ਪਿਆਰੇ ਕੈਬਨਿਟ ਮੰਤਰੀ ਦਾ ਤਹਿਦਿਲੋਂ ਧੰਨਵਾਦ ਵੀ ਕੀਤਾ ਗਿਆ।
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਵਸਨੀਕਾਂ ਨੂੰ ਸਾਫ-ਸੁੱਥਰਾ ਤੇ ਹਰਿਆ ਭਰਿਆ ਵਾਤਾਵਰਨ ਪ੍ਰਦਾਨ ਕਰਨ ਲਈ ਵਚਨਬੱਧ ਹੈ।


