ਲੁਧਿਆਣਾ, 16 ਜਨਵਰੀ – ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਵਾਰਡ ਨੰਬਰ 1 ਅਧੀਨ ਭੌਰਾ ਸਮਸ਼ਾਨਘਾਟ ਲਈ ਨਵੀਂ ਮੌਰਚਰੀ ਵੈਨ ਦੀਆਂ ਚਾਬੀਆਂ ਸਪੁਰਦ ਕੀਤੀਆਂ।
ਵਿਧਾਇਕ ਬੱਗਾ ਨੇ ਦੱਸਿਆ ਕਿ ਭੌਰਾ ਸ਼ਮਸ਼ਾਨਘਾਟ ਕਮੇਟੀ ਕੋਲ ਕੋਈ ਵੀ ਮੌਰਚਰੀ ਵੈਨ ਨਹੀਂ ਸੀ ਅਤੇ ਮ੍ਰਿਤਕ ਦੇਹਾਂ ਦੀਆਂ ਅੰਤਿਮ ਰਸਮਾਂ ਲਈ ਵਾਹਨ ਦਾ ਦੂਸਰੇ ਸ਼ਮਸ਼ਾਨਘਾਟਾਂ ਤੋਂ ਪ੍ਰਬੰਧ ਕਰਵਾਉਣਾ ਪੈਂਦਾ ਸੀ। ਵਿਧਾਇਕ ਬੱਗਾ ਨੇ ਦੱਸਿਆ ਮੌਰਚਰੀ ਵੈਨ ਲਈ ਘੰਟਿਆਂ ਬੱਧੀ ਲੋਕਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਸੀ ਜਿਸ ਕਾਰਨ ਸਸਕਾਰ ਮੌਕੇ ਦੂਰ-ਦੁਰਾਡੇ ਤੋਂ ਆਏ ਰਿਸ਼ਤੇਦਾਰਾਂ ਲਈ ਬੜੀ ਮੁਸ਼ਕਿਲ ਪੇਸ਼ ਆਉਂਦੀ ਸੀ।
ਵਿਧਾਇਕ ਮਦਨ ਲਾਲ ਬੱਗਾ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਦੀ ਮੰਗ ਅਨੁਸਾਰ, ਕਰੀਬ 24 ਲੱਖ ਰੁਪਏ ਦੀ ਲਾਗਤ ਨਾਲ ਮੌਰਚਰੀ ਵੈਨ ਤਿਆਰ ਕਰਵਾਕੇ, ਸਮਸ਼ਾਨਘਾਟ ਨੂੰ ਸੌਂਪੀ ਗਈ ਹੈ ਤਾਂ ਜੋ ਪੂਰੇ ਸਨਮਾਨ ਅਤੇ ਰੀਤੀ ਰਿਵਾਜਾਂ ਅਨੁਸਾਰ ਸਮੇਂ ਸਿਰ ਸਸਕਾਰ ਕੀਤੇ ਜਾ ਸਕਣ।
ਇਸ ਮੌਕੇ ਭੌਰਾ ਸਮਸ਼ਾਨਘਾਟ ਕਮੇਟੀ ਦੇ ਨੁਮਾਇੰਦਿਆਂ ਤੋਂ ਇਲਾਵਾ ਇਲਾਕਾ ਨਿਵਾਸੀ ਵੀ ਮੌਜੂਦ ਸਨ।


