ਲੁਧਿਆਣਾ, 1 ਨਵੰਬਰ:
ਪੰਜਾਬ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨ ਖਿਡਾਰੀਆਂ ਨੂੰ ਬਿਹਤਰ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਲੁਧਿਆਣਾ ਵਿਖੇ ਕਰਵਾਈ ਜਾ ਰਹੀ ਪੰਜਾਬ ਸਟੇਟ ਜੂਨੀਅਰ ਅਤੇ ਸੀਨੀਅਰ ਬੈਡਮਿੰਟਨ ਚੈਂਪੀਅਨਸ਼ਿਪ-2026 ਨੂੰ ਕਾਰਪੋਰੇਟ ਸੈਕਟਰ ਵੱਲੋਂ ਆਪਣੀਆਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ.) ਪਹਿਲਕਦਮੀਆਂ ਤਹਿਤ ਭਰਵਾਂ ਸਮਰਥਨ ਮਿਲਿਆ ਹੈ।
ਬੈਡਮਿੰਟਨ ਐਸੋਸੀਏਸ਼ਨ ਆਫ਼ ਲੁਧਿਆਣਾ ਵੱਲੋਂ ਸ਼ਾਸਤਰੀ ਹਾਲ ਵਿਖੇ 30 ਅਕਤੂਬਰ ਤੋਂ 2 ਨਵੰਬਰ ਤੱਕ ਕਰਵਾਈ ਜਾ ਰਹੀ ਇਸ ਚੈਂਪੀਅਨਸ਼ਿਪ ਦੀ ਅਗਵਾਈ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਹਿਮਾਂਸ਼ੂ ਜੈਨ, ਆਈ.ਏ.ਐਸ. ਕਰ ਰਹੇ ਹਨ।
ਚੈਂਪੀਅਨਸ਼ਿਪ ਦੇ ਸਫਲ ਆਯੋਜਨ ਲਈ ਵਰਧਮਾਨ ਸਪੈਸ਼ਲ ਸਟੀਲਜ਼ ਵੱਲੋਂ 4 ਲੱਖ ਰੁਪਏ ਅਤੇ ਹੀਰੋ ਗਰੁੱਪ (ਹੀਰੋ ਸਾਈਕਲਜ਼) ਵੱਲੋਂ 2 ਲੱਖ ਰੁਪਏ ਦਾ ਸੀ.ਐਸ.ਆਰ. ਯੋਗਦਾਨ ਦਿੱਤਾ ਗਿਆ ਹੈ। ਇਸ ਸਹਾਇਤਾ ਨਾਲ ਖਿਡਾਰੀਆਂ ਦੇ ਆਰਾਮ, ਸਿਹਤ ਅਤੇ ਬਿਹਤਰ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਗਏ ਹਨ। ਇਸ ਤੋਂ ਇਲਾਵਾ ਖਿਡਾਰੀਆਂ ਨੂੰ ਗੁਣਵੱਤਾ ਭਰਪੂਰ ਭੋਜਨ ਅਤੇ ਰਿਫਰੈਸ਼ਮੈਂਟ ਮੁਹੱਈਆ ਕਰਵਾਉਣ ਦੇ ਨਾਲ-ਨਾਲ ਸਮੁੱਚੇ ਪ੍ਰਬੰਧਾਂ ਨੂੰ ਉੱਚ ਪੱਧਰੀ ਬਣਾਇਆ ਗਿਆ ਹੈ।
ਇਸ ਮੌਕੇ ਬੈਡਮਿੰਟਨ ਐਸੋਸੀਏਸ਼ਨ ਆਫ਼ ਲੁਧਿਆਣਾ ਦੀ ਜਨਰਲ ਸਕੱਤਰ ਡਾ. ਸੁਲਭਾ ਜਿੰਦਲ ਨੇ ਦੋਵੇਂ ਸੰਸਥਾਵਾਂ ਦਾ ਖੁੱਲ੍ਹੇ ਦਿਲ ਨਾਲ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਦਾ ਅਨਮੋਲ ਮਾਰਗਦਰਸ਼ਨ ਅਤੇ ਪ੍ਰਸ਼ਾਸਕੀ ਸਹਿਯੋਗ ਦੇਣ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਵੱਲੋਂ ਚੈਂਪੀਅਨਸ਼ਿਪ ਨੂੰ ਸਫਲ ਬਣਾਉਣ ਲਈ ਕੀਤੇ ਜਾ ਰਹੇ ਅਣਥੱਕ ਯਤਨਾਂ ਅਤੇ ਵਚਨਬੱਧਤਾ ਦੀ ਵੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਕਾਰਪੋਰੇਟ ਸੰਸਥਾਵਾਂ ਦਾ ਅਜਿਹਾ ਸਹਿਯੋਗ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ ਅਤੇ ਉੱਭਰਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਬਿਹਤਰ ਮੌਕੇ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।


