ਅੱਜ ਮਿਤੀ 14.08.2026 ਨੂੰ ਮੈਡਮ ਹਰਪ੍ਰੀਤ ਕੌਰ ਰੰਧਾਵਾ, ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼-ਜੱਜ-ਸਹਿਤ-ਚੇਅਰਪਰਸਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਜੀ ਵੱਲੋਂ ਭਾਰਤ ਦੇ 80ਵੇਂ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ, ਜਿਲ੍ਹਾ ਕੋਰਟ ਕੰਪਲੈਕਸ, ਲੁਧਿਆਣਾ ਵਿਖੇ ਰੁੱਖ ਲਗਾਓ ਮੁਹਿੰਮ ਤਹਿਤ ਬੂਟੇ ਲਗਾਏ ਗਏ। ਇਸ ਮੌਕੇ ਸਮੂਹ ਮਾਨਯੋਗ ਜੁਡੀਸ਼ੀਅਲ ਅਫ਼ਸਰ ਸਾਹਿਬਾਨ, ਜਿਲ੍ਹਾ ਬਾਰ ਐਸੋਸੀਏਸ਼ਨ ਦੇ ਮਾਨਯੋਗ ਪ੍ਰਧਾਨ ਅਤੇ ਸੈਕਟਰੀ, ਵਣ ਰੇਂਜ਼ ਅਫ਼ਸਰ ਅਤੇ ਕਰਮਚਾਰੀ ਹਾਜ਼ਰ ਸਨ।ਇਸ ਮੌਕੇ ਮੈਡਮ ਹਰਪ੍ਰੀਤ ਕੌਰ ਰੰਧਾਵਾ ਜੀ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਅੱਜ ਦੇ ਸਮੇਂ ਦੀ ਅਹਿਮ ਲੋੜ ਹੈ ਅਤੇ ਸਾਫ਼-ਸੁਥਰਾ ਤੇ ਹਰਾ-ਭਰਾ ਵਾਤਾਵਰਣ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਰੁੱਖ ਸਾਨੂੰ ਸਾਫ਼ ਹਵਾ, ਛਾਂ ਅਤੇ ਕੁਦਰਤੀ ਸੰਤੁਲਨ ਪ੍ਰਦਾਨ ਕਰਦੇ ਹਨ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਹਰੇਕ ਵਿਅਕਤੀ ਨੂੰ ਘੱਟੋ-ਘੱਟ ਇੱਕ ਬੂਟਾ ਲਗਾ ਕੇ ਉਸ ਦੀ ਸੰਭਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਰੁੱਖ ਲਗਾਓ ਮੁਹਿੰਮ ਨੂੰ ਜਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੱਕ ਪਹੁੰਚਾਇਆ ਜਾਵੇਗਾ। ਇਸ ਮੁਹਿੰਮ ਤਹਿਤ ਜਿਲ੍ਹਾ ਕੋਰਟ ਕੰਪਲੈਕਸ, ਲੁਧਿਆਣਾ ਤੋਂ ਇਲਾਵਾ ਕੋਰਟ ਕੰਪਲੈਕਸ ਪਾਇਲ, ਖੰਨਾ, ਜਗਰਾਉਂ ਅਤੇ ਸਮਰਾਲਾ ਵਿਖੇ ਵੀ ਬੂਟੇ ਲਗਾਏ ਜਾਣਗੇ। ਨਾਲ ਹੀ ਉਨ੍ਹਾਂ ਨੇ ਬੂਟਿਆਂ ਦੀ ਨਿਰੰਤਰ ਦੇਖਭਾਲ ਅਤੇ ਸੰਭਾਲ ਨੂੰ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ। ਇਸ ਤੋਂ ਇਲਾਵਾ ਸ਼੍ਰੀ ਹਿਮਾਂਸ਼ੂ ਅਰੋੜਾ, ਮਾਨਯੋਗ ਸਿਵਲ ਜੱਜ (ਸੀਨੀਅਰ ਡਵੀਜ਼ਨ)/ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ-ਸਹਿਤ-ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਜੀ ਨੇ ਦੱਸਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਰਾ ਲੀਗਲ ਵਲੰਟੀਅਰਾਂ ਵੱਲੋਂ ਜਿਲ੍ਹਾ ਲੁਧਿਆਣਾ ਦੀਆਂ ਵੱਖ-ਵੱਖ ਥਾਵਾਂ ਅਤੇ ਪਿੰਡਾਂ ਵਿੱਚ ਬੂਟੇ ਲਗਾਏ ਜਾਣਗੇ। ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਜਿਲ੍ਹੇ ਦੇ ਸਮੂਹ ਵਸਨੀਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਘਰਾਂ, ਸੰਸਥਾਵਾਂ, ਪਿੰਡਾਂ ਅਤੇ ਆਲੇ-ਦੁਆਲੇ ਉਪਲਬਧ ਥਾਵਾਂ ਤੇ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਨਿਯਮਤ ਤੌਰ ਤੇ ਸੰਭਾਲ ਕਰਨ।

Share.
Leave A Reply