ਖੰਨਾ, 17 ਨਵੰਬਰ:
ਸ੍ਰੀ ਰਾਧਾ ਗੋਵਿੰਦ ਗਊਧਾਮ ਮੰਦਰ ਗੋਵਰਧਨ ਗਊਸ਼ਾਲਾ, ਖੰਨਾ ਵਿਖੇ ਗੋਪਾਸ਼ਟਮੀ ਮਹੋਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਗਊ ਮਾਤਾ ਦੀ ਸੇਵਾ ਕੀਤੀ ਅਤੇ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਮੰਤਰੀ ਸੌਂਦ ਨੇ ਹਵਨ ਯੱਗ ਵਿੱਚ ਵੀ ਭਾਗ ਲਿਆ ਅਤੇ ਮੰਤਰ ਉਚਾਰਨ ਦੌਰਾਨ ਆਹੂਤੀਆਂ ਪਾਉਂਦਿਆਂ ਵਿਸ਼ਵ ਕਲਿਆਣ, ਸੁੱਖ-ਸ਼ਾਂਤੀ, ਖੁਸ਼ਹਾਲੀ ਅਤੇ ਸਮੁੱਚੀ ਲੋਕਾਈ ਦੀ ਤਰੱਕੀ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿੱਚ ਗਊ ਮਾਤਾ ਦਾ ਵਿਸ਼ੇਸ਼ ਧਾਰਮਿਕ ਅਤੇ ਅਧਿਆਤਮਿਕ ਮਹੱਤਵ ਹੈ। ਗਊ ਸੇਵਾ ਸਾਡੀਆਂ ਪ੍ਰਾਚੀਨ ਪਰੰਪਰਾਵਾਂ ਅਤੇ ਸੰਸਕਾਰਾਂ ਦਾ ਅਨਿੱਖੜਵਾਂ ਅੰਗ ਹੈ। ਗਊ ਮਾਤਾ ਦੀ ਸੇਵਾ ਕਰਨਾ ਇੱਕ ਪੁੰਨ ਦਾ ਕੰਮ ਹੈ ਅਤੇ ਹਰੇਕ ਵਿਅਕਤੀ ਨੂੰ ਆਪਣੀ ਸਮਰੱਥਾ ਅਨੁਸਾਰ ਗਊ ਸੇਵਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੋਪਾਸ਼ਟਮੀ ਵਰਗੇ ਧਾਰਮਿਕ ਤਿਉਹਾਰ ਸਾਡੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨੂੰ ਜਿਊਂਦਾ ਰੱਖਣ ਦੇ ਨਾਲ-ਨਾਲ ਸਮਾਜ ਵਿੱਚ ਸੇਵਾ, ਸਦਭਾਵਨਾ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਅਜਿਹੇ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਅਧਿਆਤਮਿਕ ਸ਼ਾਂਤੀ ਅਤੇ ਸਕਾਰਾਤਮਕ ਊਰਜਾ ਦਾ ਅਨੁਭਵ ਹੁੰਦਾ ਹੈ। ਇਸ ਮੌਕੇ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਮੈਂਬਰ ਪ੍ਰਮੋਦ ਅਗਰਵਾਲ, ਅਰੁਣ ਸ਼ਰਮਾ, ਪ੍ਰਵੀਣ ਬਾਂਸਲ, ਅਸ਼ੋਕ ਧਾਂਦ, ਪ੍ਰਧਾਨ ਪੁਸ਼ਪ ਵਿਠਲ, ਗੋਪਾਲ ਕ੍ਰਿਸ਼ਨ, ਵਿਜੇ, ਕਿਸ਼ੋਰ, ਰਵਿੰਦਰ ਰਵੀ, ਅਸ਼ਵਨੀ ਸਿੰਗਲਾ, ਸ਼ਾਲਿਨੀ ਵਿਠਲ, ਮੀਨਾ ਸਿੰਗਲਾ, ਮੀਨਾ ਦੇਵਗਨ, ਦੇਵ ਕ੍ਰਿਸ਼ਨ ਧਾਂਦ, ਮੰਗਤ ਰਾਏ ਟੰਡਨ, ਅਰੁਣ ਗੁਪਤਾ ਅਤੇ ਰਾਮ ਬਾਬੂ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Share.
Leave A Reply