ਸ਼ੰਭੂ-ਖਨੌਰੀ ਸਰਹੱਦ ‘ਤੇ 10 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਚਲ ਰਿਹਾ ਤਣਾਅ ਖ਼ਤਮ ਹੋਣ ਦੇ ਆਸਾਰ ਬਣਦੇ ਨਜ਼ਰ ਆ ਰਹੇ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਖਨੌਰੀ ਬਾਰਡਰ ‘ਤੇ 20 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਨਾਲ ਮੁਲਾਕਾਤ ਕੀਤੀ।
ਇਸ ਵੇਲੇ ਉਨ੍ਹਾਂ ਦੇ ਨਾਲ ਗ੍ਰਹਿ ਮੰਤਰਾਲੇ ਦੇ ਡਾਇਰੈਕਟਰ ਮਯੰਕ ਮਿਸ਼ਰਾ ਵੀ ਮੌਜੂਦ ਸਨ।ਮੀਟਿੰਗ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਡੱਲੇਵਾਲ ਦੀ ਜਾਨ ਕੀਮਤੀ ਹੈ। ਅਸੀਂ ਸਾਰਿਆਂ ਨਾਲ ਤਾਲਮੇਲ ਕਰ ਰਹੇ ਹਾਂ ਅਤੇ ਗੱਲਬਾਤ ਨੂੰ ਅੱਗੇ ਵਧਾਉਣ ਲਈ ਮਾਹੌਲ ਤਿਆਰ ਕਰ ਰਹੇ ਹਾਂ। ਉਨ੍ਹਾਂ ਦਸਿਆ ਕਿ ਉਨ੍ਹਾਂ ਨਾਲ ਗ੍ਰਹਿ ਮੰਤਰਾਲੇ ਦੇ ਡਾਇਰੈਕਟਰ ਵੀ ਆਏ ਹੋਏ ਹਨ।
ਉਹ ਕਿਸਾਨਾਂ ਦੀਆਂ ਮੰਗਾਂ ਕੇਂਦਰ ਤਕ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵੀ ਕਿਸਾਨਾਂ ਦੀਆਂ ਮੰਗਾਂ ਕੇਂਦਰ ਤਕ ਪਹੁੰਚਾਉਣ ਦਾ ਭਰੋਸਾ ਦਿਤਾ।ਗ੍ਰਹਿ ਮੰਤਰਾਲੇ ਦੇ ਡਾਇਰੈਕਟਰ ਮਯੰਕ ਮਿਸ਼ਰਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਅਸੀਂ ਡੱਲੇਵਾਲ ਦੀਆਂ ਮੰਗਾਂ ਸੁਣਨ ਆਏ ਸੀ ਤੇ ਡੱਲੇਵਾਲ ਨਾਲ ਬਹੁਤ ਵਧੀਆ ਮਾਹੌਲ ਵਿੱਚ ਗੱਲਬਾਤ ਹੋਈ ਹੈ। ਦੂਜੇ ਪਾਸੇ ਸ਼ੰਭੂ-ਖਨੌਰੀ ਸਰਹੱਦ ‘ਤੇ 10 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਪੰਜਾਬ ਦੇ ਕਿਸਾਨਾਂ ਵੱਲ ਹਰਿਆਣਾ ਦੇ ਕਿਸਾਨਾਂ ਦਾ ਵੀ ਝੁਕਾਅ ਵਧਣ ਲੱਗਾ ਹੈ। ਬੀਕੇਯੂ ਆਗੂ ਗੁਰਨਾਮ ਚੜੂਨੀ ਵੀ ਖਨੌਰੀ ਸਰਹੱਦ ਵਿਖੇ ਪਹੁੰਚ ਕੇ ਡੱਲੇਵਾਲ ਦਾ ਹਾਲ-ਚਾਲ ਜਾਣਨਗੇ।