ਬਠਿੰਡਾ, 2 ਨਵੰਬਰ 2025: ਅਧਿਆਤਮਕ ਗਿਆਨ ਅਤੇ ਗੁਰੂਆਂ ਪੀਰਾਂ ਦੇ ਪਵਿੱਤਰ ਚਰਨਛੋਹ ਪ੍ਰਾਪਤ ਧਰਤੀ ਤੇ ਪਿਛਲੇ ਕਈ ਦਹਾਕਿਆਂ ਤੋਂ ਕੁੱਖਾਂ ਵਿੱਚ Çਲੰਗ ਪਛਾਨਣ ਉਪਰੰਤ ਕੀਤੇ ਜਾਂਦੇ ਧੀਆਂ ਦੇ ਕਤਲਾਂ ਦੇ ਨਾਲ ਨਾਲ ਬੱਚੀਆਂ ਨੂੰ ਚੁੱਪ ਚੁਪੀਤੇ ਚੋਰਾਂ ਵਾਂਗ ਲਾਵਾਰਿਸ ਛੱਡਿਆ ਜਾਣ ਲੱਗਿਆ ਹੈ। ਬੇਸ਼ਕ ਹਕੂਮਤਾਂ ਮੁਲਕ ਨੂੰ ਤਰੱਕੀ ਤੇ ਲਿਜਾਣ ਦੇ ਵੱਡੇ ਵੱਡੇ ਦਾਅਵੇ ਕਰਦੀਆਂ ਨਹੀਂ ਥੱਕਦੀਆਂ ਪਰ ਧੀਆਂ ਦੀ ਹੋਣੀ ਨਹੀਂ ਜਿਓਂ ਦੀ ਤਿਓਂ ਹੈ। ਸਮਾਜਿਕ ਤੇ ਖਪਤਕਾਰ ਹਿੱਤਾਂ ਲਈ ਕੰਮ ਕਰਦੀ ਸੰਸਥਾ ਗਾਹਕ ਜਾਗੋ ਵੱਲੋਂ ਜਾਰੀ ਤੱਥਾਂ ਦੀ ਪੁਣਛਾਣ ਕਰੀਏ ਤਾਂ ਸਾਫ ਹੁੰਦਾ ਹੈ ਕਿ ਧੀਆਂ ਨੂੰ ਬਚਾਉਣ ਦਾ ਹੋਕਾ ਦੇਣ ਵਾਲਿਆਂ ਦੇ ਵਿਹੜੇ ਧੁੱਪਾਂ ਚੜ੍ਹੀਆਂ ਹੋਈਆਂ ਹਨ। ਗਾਹਕ ਜਾਗੋ ਦੇ ਸਕੱਤਰ ਤੇ ਆਰਟੀਆਈ ਕਾਰਕੁੰਨ ਸੰਜੀਵ ਗੋਇਲ ਨੇ ਸੂਚਨਾ ਦੇ ਅਧਿਕਾਰ ਐਕਟ ਤਹਿਤ ਹਾਸਲ ਕੀਤੀ ਜਾਣਕਾਰੀ ਦੱਸਦੀ ਹੈ ਕਿ ਧੀਆਂ ਦੇ ਮਾਮਲੇ ’ਚ ਕੁੱਝ ਵੀ ਨਹੀਂ ਬਦਲਿਆ ਹੈ। ਸੰਜੀਵ ਗੋਇਲ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਪਿਛਲੇ ਕਰੀਬ 17 ਸਾਲਾਂ ਦੌਰਾਨ ਰੈਡ ਕਰਾਸ ਸੁਸਾਇਟੀ ਵੱਲੋਂ ਲਾਏ ਪੰਘੂੜੇ ’ਚ ਲੋਕਾਂ ਨੇ 75 ਬੱਚਿਆਂ ਨੂੰ ਛੱਡਿਆ ਹੈ। ਇੰਨ੍ਹਾਂ ਚੋ 62 ਲੜਕੀਆਂ ਹਨ ਜਦੋਂਕਿ ਲੜਕਿਆਂ ਦੀ ਗਿਣਤੀ ਸਿਰਫ 13 ਸੀ। ਰੈਡ ਕਰਾਸ ਸੁਸਾਇਟੀ ਨੇ ਗੂੰਗੇ ਅਤੇ ਬੋਲੇ ਬੱਚਿਆਂ ਦੇ ਸਕੂਲ ਦੇ ਬਾਹਰਵਾਰ ਪੰਘੂੜਾ ਲਾਇਆ ਹੋਇਆ ਹੈ ਜਿਸ ’ਚ ਪਾਲਣ ਪੋਸ਼ਣ ਤੋਂ ਅਸਮਰੱਥ ਮਾਪੇ ਆਪਣਾ ਬੱਚਾ ਛੱਡ ਸਕਦੇ ਹਨ। ਇਸ ਤੋਂ ਇਲਾਵਾ ਅਣਚਾਹਿਆ ਜਾਂ ਫਿਰ ਲਾਵਾਰਿਸ ਬੱਚਾ ਵੀ ਪੰਘੂੜੇ ਵਿੱਚ ਰੱਖਿਆ ਜਾ ਸਕਦਾ ਹੈ। ਬਠਿੰਡਾ ਪੱਟੀ ’ਚ ਲੋਕਾਂ ਵੱਲੋਂ ਅਜਿਹੇ ਬੱਚਿਆਂ ਜਾਂ ਬੱਚੀਆਂ ਨੂੰ ਕੂੜੇ ਦੇ ਢੇਰ ਤੇ ਸੁੱਟਣ ਨੂੰ ਤਰਜੀਹ ਦਿੰਦੇ ਸਨ ਜਿਸ ਨੂੰ ਰੋਕਣ ਲਈ ਜਿਲ੍ਹਾ ਰੈਡ ਕਰਾਸ ਸੁਸਾਇਟੀ ਨੇ ਇਹ ਪਹਿਲਕਦਮੀ ਕੀਤੀ ਸੀ। ਪੰਘੂੜੇ ਵਿੱਚ ਬੱਚਾ ਆਉਣ ਤੋਂ ਬਾਅਦ ਬੱਚੇ ਦੀ ਸਿਹਤ ਜਾਂਚ ਕਰਕੇ ਅਡਾਪਸ਼ਨ ਏਜੰਸੀ ਕੋਲ ਭੇਜ ਦਿੱਤਾ ਜਾਂਦਾ ਹੈ। ਇੱਥੇ ਇਹ ਵੀ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਬੇਸ਼ੱਕ ਇੰਨ੍ਹਾਂ ਬੱਚਿਆਂ ਹੱਥੋਂ ਆਪਣੇ ਅਸਲੀ ਮਾਪਿਆਂ ਦੀ ਉਂਗਲ ਸਦਾ ਲਈ ਛੁੱਟ ਗਈ ਹੈ ਪਰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਏਜੰਸੀਆਂ ਵੱਲੋਂ ਅੱਗੇ ਗੋਦ ਦਿੱਤੇ ਬੱਚਿਆਂ ਚੋਂ ਕਈ ਤਾਂ ਮੁਕੱਦਰ ਦੇ ਸਿਕੰਦਰ ਵੀ ਬਣੇ ਹਨ। ਬੱਚੀ ‘ਰਹਿਮਤ’ ਤੇ ਹੁਣ ਅਮਰੀਕੀ ਮਾਪਿਆਂ ਦੀ ਰਹਿਮਤ ਬਣੀ ਹੈ ਜਦੋਂਕਿ ਮਾਸੂਮ ਬੱਚੀ ‘ਹੁਨਰ’ ਆਪਣੇ ਹੁਨਰ ਦਾ ਜਲਵਾ ਸਪੇਨ ’ਚ ਬਿਖੇਰ ਰਹੀ ਹੈ। ਇਹ ਉਹ ਬੱਚੀਆਂ ਹਨ ਜਿੰਨ੍ਹਾਂ ਨੂੰ ਆਪਣਿਆਂ ਨੇ ਤਿਆਗ ਦਿੱਤਾ ਸੀ ਪਰ ਬੇਗਾਨਿਆਂ ਨੇ ਉਨ੍ਹਾਂ ਨੂੰ ਗਲ ਨਾਲ ਲਾਇਆ ਹੈ। ਇਹ ਦੋਵੇਂ ਬੱਚੀਆਂ ਵਿਦੇਸ਼ੀ ਜੋੜਿਆਂ ਵੱਲੋਂ ਸਰਕਾਰੀ ਮਾਨਤਾ ਪ੍ਰਾਪਤ ਏਜੰਸੀ ਅਨੰਤ ਆਸ਼ਰਮ ਤੋਂ ਗੋਦ ਲੈਣ ਕਾਰਨ ਭਾਗਾਂ ਵਾਲੀਆਂ ਬਣ ਗਈਆਂ ਹਨ। ਇਨ੍ਹਾਂ ਬੱਚੀਆਂ ਦੇ ਅਸਲ ਮਾਪਿਆਂ ਬਾਰੇ ਬੇਸ਼ੱਕ ਕੋਈ ਨਹੀਂ ਜਾਣਦਾ ਪਰ ਹੁਣ ਉਨ੍ਹਾਂ ਨੂੰ ਵਿਦੇਸ਼ੀ ਮਾਪਿਆਂ ਦਾ ਨਾਮ ਤੇ ਪਿਆਰ ਮਿਲ ਰਿਹਾ ਹੈ। ਇਨ੍ਹਾਂ ਨੰਨ੍ਹੀਆਂ ਛਾਵਾਂ ਨੂੰ ਮਾਪਿਆਂ ਨੇ ਸੁਰਤ ਸੰਭਾਲਣ ਤੋਂ ਪਹਿਲਾਂ ਹੀ ਠੁਕਰਾ ਦਿੱਤਾ ਸੀ ਜਦੋਂਕਿ ਕਈ ਬੱਚੇ ਗ਼ੈਰਕਾਨੂੰਨੀ ਔਲਾਦ ਦੇ ਠੱਪੇ ਨਾਲ ਪਹਿਲੀ ਕਿਲਕਾਰੀ ਵੱਜਣ ਸਾਰ ਆਪਣੇ ਹੀ ਉਨ੍ਹਾਂ ਨੂੰ ਰੱਬ ਆਸਰੇ ਛਡਕੇ ਚਲੇ ਗਏ। ਮਿਸਾਲ ਵਜੋਂ ਦੱਸੀਆਂ ਬੱਚੀਆਂ ਨੂੰ ਗੋਦ ਦੇਣ ਦਾ ਇਹ ਪਹਿਲਾ ਮੌਕਾ ਨਹੀਂ ਸੀ ਸਗੋਂ ਵਿਦੇਸ਼ੀਆਂ ਵੱਲੋਂ ਭਾਰਤੀ ਬੱਚੇ ਗੋਦ ਲੈਣ ਦਾ ਸਿਲਸਿਲਾ ਕਾਫ਼ੀ ਵਧਿਆ ਹੈ। ਸੂਤਰ ਦੱਸਦੇ ਹਨ ਕਿ ਲੰਘੇ ਦੋ ਦਹਾਕਿਆਂ ਦੌਰਾਨ ਪੰਜਾਬ ਦੇ ਸੌ ਤੋਂ ਵੱਧ ਬੱਚੇ ਏਦਾਂ ਦੇ ਹਨ ਜਿੰਨ੍ਹਾਂ ਨੂੰ ਵਿਦੇਸ਼ਾ ਮਾਪਿਆਂ ਨੇ ਗੋਦ ਲਿਆ ਹੈ। ਸੂਤਰਾਂ ਅਨੁਸਾਰ ਸਭ ਤੋਂ ਵੱਧ ਭਾਰਤੀ ਬੱਚੇ ਅਮਰੀਕੀ ਮਾਪੇ ਗੋਦ ਲੈਂਦੇ ਹਨ ਜਦੋਂਕਿ ਇਸ ਮਾਮਲੇ ’ਚ ਦੂਸਰਾ ਸਥਾਨ ਇਟਲੀ , ਤੀਸਰਾ ਕੈਨੇਡਾ ਅਤੇ ਚੌਥਾ ਸਥਾਨ ਇੰਗਲੈਂਡ ਦਾ ਹੈ। ਵਿਦੇਸ਼ੀ ਮਾਪਿਆਂ ਦੀ ਤਰਜੀਹ ਕੁੜੀਆਂ ਹੁੰਦੀਆਂ ਹਨ ਜਦੋਂਕਿ ਬੇਔਲਾਦ ਜੋੜਿਆਂ ਦਾ ਰੁਝਾਨ ਵੀ ਲੜਕੀਆਂ ਵੱਲ ਜਿਆਦਾ ਹੈ। ਪੰਘੂੜੇ ’ਚ ਬੱਚਿਆਂ ਦਾ ਅੰਕੜਾ ਸੂਚਨਾ ਅਨੁਸਾਰ ਸਾਲ 2015 ’ਚ ਪੰਘੂੜੇ ਵਿੱਚ ਸਭ ਤੋਂ ਜਿਆਦਾ 9 ਬੱਚੇ ਆਏ ਸਨ ਜਦੋਂਕਿ ਸਾਲ 2014 ਵਿੱਚ 8 ਬੱਚਿਆਂ ਨੂੰ ਇੱਥੇ ਰੱਖਿਆ ਗਿਆ ਸੀ। ਇਸੇ ਤਰਾਂ ਹੀ 2011 ਅਤੇ 2018 ਦੌਰਾਨ 7-7 ਬੱਚੇ ਆਏ ਸਨ। ਇਸ ਤੋਂ ਇਲਾਵਾ 2016 ਅਤੇ 2017 ਵਿੱਚ ਵੀ 6-6 ਬੱਚੇ ਪੰਘੂੜੇ ’ਚ ਛੱਡੇ ਗਏ ਸਨ। ਸਾਲ 2009 ਅਤੇ 2023 ਦੌਰਾਨ ਇਹ ਗਿਣਤੀ ਸਿਫਰ ਰਹੀ ਸੀ। ਹੁਣ ਤੱਕ ਆਏ ਬੱਚਿਆਂ ਦੀ ਔਸਤ ਪ੍ਰਤੀ ਸਾਲ 4.41 ਬਣਦੀ ਹੈ। ਪੰਜਾਬ ਦੀਆਂ ਅਡਾਪਸ਼ਨ ਏਜੰਸੀਆਂਯਾਦਵਿੰਦਰਾ ਪੂਰਨ ਬਾਲ ਲਹੌਰੀ ਗੇਟ ਪਟਿਆਲਾ,ਸਵਾਮੀ ਗੰਗਾ ਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਧਾਮ ਤਲਵੰਡੀ ਖੁਦ ਲੁਧਿਆਣਾ, ਸ੍ਰੀ ਰਾਧਾ ਕ੍ਰਿਸ਼ਨ ਧਾਮ ਫਰੀਦਕੋਟ, ਸ੍ਰੀ ਆਨੰਤ ਆਸ਼ਰਮ ਨਥਾਣਾ ਅਤੇ ਰੈਡ ਕਰਾਸ ਅਡਾਪਸ਼ਨ ਏਜੰਸੀ ਬਠਿੰਡਾ ਬੱਚੇ ਗੋਦ ਦੇ ਸਕਦੀਆਂ ਹਨ। ਬੱਚਾ ਮਿਲਣ ਦੀ ਸੂਰਤ ’ਚ ਉਸ ਨੂੰ ਇੰਨ੍ਹਾਂ ਥਾਵਾਂ ਤੇ ਭੇਜਿਆ ਜਾਂਦਾ ਹੈ ਜਿੱਥੋਂ ਗੋਦ ਦੇਣ ਨਾਲ ਬੱਚਿਆਂ ਨੂੰ ਮਾਪੇ ਤੇ ਬੇਔਲਾਦ ਜੋੜਿਆਂ ਨੂੰ ਔਲਾਦ ਮਿਲ ਜਾਂਦੀ ਹੈ। ਸਮਾਜ ਤੇ ਮਾਪੇ ਕਸੂਰਵਾਰਸਮਾਜਿਕ ਕੁਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਇਸ ਲਈ ਸਮਾਜ ਵੀ ਜਿੰਮੇਵਾਰ ਹੈ ਅਤੇ ਮਾਪੇ ਵੀ ਬਰੀ ਨਹੀਂ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਕੁੜੀਆਂ ਨੂੰ ਮੌਕੇ ਮਿਲੇ ਹਨ ਤਾਂ ਉਨ੍ਹਾਂ ਨੇ ਆਪਣੀ ਸਿਰਮੌਰਤਾ ਸਿੱਧ ਕੀਤੀ ਹੈ ਫਿਰ ਵੀ ਉਨ੍ਹਾਂ ਨਾਲ ਅਜਿਹਾ ਵਤੀਰਾ ਪਾਪ ਦੇ ਭਾਗੀਦਾਰ ਬਣਨਾ ਅਤੇ ਅਧਿਆਤਮ ਦੀ ਧਰਤੀ ਪੰਜਾਬ ਲਈ ਮੰਦਭਾਗਾ ਹੈ।
Trending
- ਭਾਰਤ ਦੇ ਵਿਕਾਸ ਵਿੱਚ ਅਡਾਨੀ ਗਰੁੱਪ ਦੀ ਭੂਮਿਕਾ ਦੀ ਗੁਪਤਾ ਨੇ ਕੀਤੀ ਸ਼ਲਾਘਾ
- ਮੁੱਖ ਮੰਤਰੀ ਮਾਨ ਨੇ ਕੇਂਦਰ ਦੇ ਫ਼ੈਸਲੇ ਨੂੰ ਦੱਸਿਆ ਤਾਨਾਸ਼ਾਹੀ
- ਵਿਸ਼ੇ਼ਸ਼ ਖੁਫੀਆ ਇਤਲਾਹ ਦੇ ਆਧਾਰ `ਤੇ ਕੀਤੀ ਵਾਹਨਾਂ ਦੀ ਚੈਕਿੰਗ: ਪੰਜਾਬ ਪੁਲਿਸ ਨੇ ਸਪੱਸ਼ਟ ਕੀਤਾ
- ਨੌਜਵਾਨਾਂ ਦੇ ਸਰਵਪੱਖੀ ਵਿਕਾਸ ‘ਚ ਖੇਡਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ – ਸੰਜੀਵ ਅਰੋੜਾ
- ਜਿੰਨ੍ਹਾਂ ਅਭਾਗੀਆਂ ਕਰੂਬਲਾਂ ਦੇ ਹੱਥੋਂ ਛੁੱਟੀ ਬਾਬੁਲ ਦੀ ਉਂਗਲੀ
- ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ: ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ
- ਫੇਸਬੁੱਕ ਤੇ ਪੋਸਟ ਪਾ ਕੇ ਗੈਂਗਸਟਰ ਜੱਗਾ ਫੁੱਕੀਵਾਲ ਨੇ ਲਈ ਹਮਲੇ ਦੀ ਜਿੰਮੇਵਾਰੀ
- *ਨੌਜਵਾਨਾਂ ਦੇ ਸਰਵਪੱਖੀ ਵਿਕਾਸ ‘ਚ ਖੇਡਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ – ਸੰਜੀਵ ਅਰੋੜਾ


