ਮੌਜੂਦਾ ਸਮੇਂ ’ਚ ਪੰਜਾਬ ਪੁਲਿਸ ਦੀ ਵੈਬਸਾਈਟ ’ਤੇ ਉਪਲਬਧ ਆਈਪੀਐਸ ਅਧਿਕਾਰੀਆਂ ਦੀ ਗ੍ਰੇਡੇਸ਼ਨ ਸੂਚੀ ਦੇ ਅਨੁਸਾਰ, 15 ਆਈਪੀਐਸ ਅਧਿਕਾਰੀਆਂ ਕੋਲ ਡੀਜੀਪੀ ਦਾ ਰੈਂਕ ਹੈ, ਜਿਨ੍ਹਾਂ ’ਚੋਂ ਪਰਾਗ ਜੈਨ (ਵਧੀਕ ਸਕੱਤਰ) ਤੇ ਹਰਪ੍ਰੀਤ ਸਿੱਧੂ, ਕੇਂਦਰੀ ਡੈਪੂਟੇਸ਼ਨ ’ਤੇ ਸੇਵਾ ਨਿਭਾਅ ਰਹੇ ਹਨ। ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਪੁਲਿਸ ਦੇ ਅੱਠ ਐਡੀਸ਼ਨਲ ਡਾਇਰੈਕਟਰ ਜਨਰਲਾਂ (ਏਡੀਜੀਪੀਜ਼) ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀਜ਼) ਦੇ ਰੈਂਕ ’ਤੇ ਤਰੱਕੀ ਦੇਣ ਦੀ ਪ੍ਰਕਿਰਿਆ ’ਤੇ ਰੋਕ ਲਗਾ ਦਿਤੀ ਹੈ।
ਪੰਜਾਬ ’ਚ ਪਹਿਲਾਂ ਹੀ 15 ਡੀਜੀਪੀ ਹਨ ਤੇ ਜੇਕਰ ਇਨ੍ਹਾਂ ਅਧਿਕਾਰੀਆਂ ਨੂੰ ਤਰੱਕੀ ਦਿਤੀ ਜਾਂਦੀ ਹੈ ਤਾਂ ਇਹ ਗਿਣਤੀ 23 ਹੋ ਜਾਵੇਗੀ। ਇਸ ਘਟਨਾ ਦੀ ਪੁਸ਼ਟੀ ਕਰਦਿਆਂ ਗ੍ਰਹਿ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਕਿਹਾ ਕਿ ਮੁੱਖ ਸਕੱਤਰ ਵਲੋਂ ਇਤਰਾਜ਼ਾਂ ਵਾਲੀ ਫਾਈਲ ਉਨ੍ਹਾਂ ਦੇ ਦਫ਼ਤਰ ਨੂੰ ਮਿਲ ਗਈ ਹੈ।ਗ੍ਰਹਿ ਸਕੱਤਰ ਨੇ ਕਿਹਾ, “ਮੁੱਖ ਸਕੱਤਰ ਵਲੋਂ ਉਠਾਏ ਗਏ ਇਤਰਾਜ਼ਾਂ ਦਾ ਜਵਾਬ ਦੇਣ ਲਈ ਫਾਈਲ ਨੂੰ ਅਮਲਾ ਵਿਭਾਗ ਨੂੰ ਭੇਜਿਆ ਗਿਆ ਹੈ।
ਸੀਨੀਅਰ ਅਧਿਕਾਰੀਆਂ ਦੇ ਅਨੁਸਾਰ, ਸਿਨਹਾ ਨੇ ਰਾਜ ਦੇ ਗ੍ਰਹਿ ਵਿਭਾਗ ਨੂੰ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਪੰਜਾਬ ’ਚ ਡੀਜੀਪੀਜ਼ ਦੀਆਂ ਕਿੰਨੀਆਂ ਅਸਾਮੀਆਂ ਮੌਜੂਦ ਹੋ ਸਕਦੀਆਂ ਹਨ ਅਤੇ ਉਨ੍ਹਾਂ ਨੇ ਗ੍ਰਹਿ ਵਿਭਾਗ ਦੁਆਰਾ ਤਰੱਕੀ ਦੇ ਸਬੰਧ ’ਚ ਪੇਸ਼ ਕੀਤੇ ਗਏ ਦੋ ਵਿਰੋਧੀ ਨਿਯਮਾਂ ਦਾ ਮੁੱਦਾ ਵੀ ਉਠਾਇਆ ਹੈ।