ਲੁਧਿਆਣਾ, 19 ਨਵੰਬਰ- ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਸਥਾਨਕ ਸ਼ੇਰਪੁਰ ਮਾਰਕੀਟ ਵਿੱਚ ਸੀਵਰੇਜ਼ ਪਾਈਪ ਪਾਉਣ ਦੇ ਕਾਰਜ਼ਾਂ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਛੀਨਾ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਸ਼ੇਰਪੁਰ ਬਾਜ਼ਾਰ ਵਿੱਚ ਲੱਕੀ ਮਾਡਲ ਸਕੂਲ ਦੀਆਂ ਤੰਗ ਗਲੀਆਂ ਵਿੱਚ 10 ਇੰਚ ਵਾਲੇ ਸੀਵਰੇਜ ਪਾਈਪ ਵਿਛਾਏ ਜਾਣਗੇ ਜਿਸਦੇ ਤਹਿਤ ਕਰੀਬ 8.50 ਲੱਖ ਰੁਪਏ ਖਰਚ ਕੀਤੇ ਜਾਣੇ ਹਨ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਇਲਾਕੇ ਵਿੱਚ ਸੀਵਰੇਜ ਲਾਈਨ ਵਿਛਾਉਣ ਵੱਲ ਧਿਆਨ ਨਹੀਂ ਦਿੱਤਾ ਅਤੇ ਪਿਛਲੇ 25 ਸਾਲਾਂ ਤੋਂ ਇਹ ਪਾਈਪ ਲਾਈਨ ਨਹੀਂ ਵਿਛਾਈ ਗਈ ਅਤੇ ਹੁਣ ਲੋਕਾਂ ਦੀ ਚਿਰੋਕਣੀ ਮੰਗ ਨੂੰ ਬੂਰ ਪਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਲਾਕੇ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਸਨ ਅਤੇ ਬਰਸਾਤ ਦੇ ਮੌਸਮ ਦੌਰਾਨ ਲੋਕਾਂ ਦਾ ਇੱਥੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ। ਪੈਦਲ ਚੱਲਣ ਵਾਲੇ ਅਕਸਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਵਿਕਾਸ ਕਾਰਜਾਂ ਲਈ ਗਰਾਂਟਾਂ ਦੇ ਗੱਫੇ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਵਿੱਚ ਬੁਨਿਆਦੀ ਸਹੂਲਤਾਂ ਨੂੰ ਪੂਰਾ ਕੀਤਾ ਜਾ ਸਕੇ। ਇਲਾਕੇ ਦੇ ਵਸਨੀਕਾਂ ਵੱਲੋਂ ਹਰਮਨ ਪਿਆਰੇ ਵਿਧਾਇਕ ਛੀਨਾ ਦਾ ਲੱਡੂ ਖੁਆ ਕੇ ਮੂੰਹ ਮਿੱਠਾ ਕਰਵਾਇਆ ਤੇ ਵਿਕਾਸ ਕਾਰਜ਼ਾਂ ਲਈ ਵਿਸ਼ੇਸ਼ ਧੰਨਵਾਦ ਵੀ ਕੀਤਾ।
ਇਸ ਮੌਕੇ ਵਾਰਡ ਪ੍ਰਧਾਨ ਫਿਰੋਜ਼ ਖਾਨ, ਦਵਿੰਦਰ ਸ਼ੇਰਪੁਰੀ, ਅਜੈ ਮਿੱਤਲ, ਕੁਲਵੰਤ, ਕੇਸ਼ਵ ਪੰਡਿਤ, ਰਾਕੇਸ਼ ਸ਼ਰਮਾ, ਕਰਨ ਸ਼ਰਮਾ, ਯੋਗੇਸ਼ ਜਿੰਦਲ, ਰਾਕੇਸ਼ ਗਰਗ ਸਮੇਤ ਕਈ ਵਲੰਟੀਅਰ ਹਾਜ਼ਰ ਸਨ।