ਜਲੰਧਰ, 7 ਅਕਤੂਬਰ : ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਤਹਿਤ ਕਮਿਸ਼ਨਰੇਟ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਦੋ ਵੱਖ-ਵੱਖ ਕਾਰਵਾਈਆਂ ਦੌਰਾਨ 150 ਗ੍ਰਾਮ ਗਾਂਜੇ ਸਮੇਤ ਦੋ ਬਦਨਾਮ ਨਸ਼ਾ ਤਸਕਰਾਂ ਅਤੇ 15 ਵਿਅਕਤੀਆਂ ਨੂੰ ਨਸ਼ਾ ਕਰਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਨਸ਼ਾ ਤਸਕਰਾਂ ਅਤੇ ਸਪਲਾਇਰਾਂ ‘ਤੇ ਸ਼ਿਕੰਜਾ ਕੱਸਣ ਲਈ ਜਲੰਧਰ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਮੁਹਿੰਮ ਅਧੀਨ ਏ.ਡੀ.ਸੀ.ਪੀ.-1 ਆਕਰਸ਼ੀ ਜੈਨ, ਏ.ਸੀ.ਪੀ. ਸੈਂਟਰਲ ਅਮਨਦੀਪ ਸਿੰਘ ਅਤੇ ਹੋਰ ਸੀਨੀਅਰ ਅਫ਼ਸਰਾਂ ਦੀ ਨਿਗਰਾਨੀ ਹੇਠ ਇਕ ਵਿਸ਼ੇਸ਼ ਪੁਲਿਸ ਟੀਮ ਬਣਾਈ ਗਈ, ਜਿਸ ਵੱਲੋਂ ਕਾਰਵਾਈ ਕਰਦਿਆਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਢੋਲਾ ਰਾਮ ਵਾਸੀ ਭੀਮ ਨਗਰ ਕਾਜੀ ਮੰਡੀ ਜਲੰਧਰ ਅਤੇ ਸੀਮਾ ਵਾਸੀ ਤੰਦੂਰ ਵਾਲੀ ਗਲੀ ਭੀਮ ਨਗਰ ਕਾਜੀ ਮੰਡੀ ਜਲੰਧਰ ਵਜੋਂ ਹੋਈ ਹੈ ।ਉਨ੍ਹਾਂ ਦੱਸਿਆ ਕਿ ਢੋਲਾ ਰਾਮ ਦੇ ਕਬਜ਼ੇ ਵਿੱਚੋਂ ਪੁਲਿਸ ਨੇ 100 ਗ੍ਰਾਮ ਗਾਂਜਾ ਅਤੇ ਸੀਮਾ ਦੇ ਕਬਜ਼ੇ ਵਿੱਚੋਂ 50 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ।ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਨੰਬਰ 288 ਮਿਤੀ 06.10.2025 ਅਧੀਨ ਧਾਰਾ 20 ਐਨਡੀਪੀਐਸ ਐਕਟ ਥਾਣਾ ਰਾਮਾ ਮੰਡੀ, ਜਲੰਧਰ ਵਿਖੇ ਦਰਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਵਿਰੁੱਧ ਪਹਿਲਾਂ ਵੀ ਐਨਡੀਪੀਐਸ ਐਕਟ ਅਧੀਨ 5 ਮੁਕੱਦਮੇ ਦਰਜ ਹਨ।ਉਨ੍ਹਾਂ ਅੱਗੇ ਦੱਸਿਆ ਕਿ ਇੱਕ ਹੋਰ ਕਾਰਵਾਈ ਦੌਰਾਨ ਥਾਣਾ ਰਾਮਾਮੰਡੀ ਜਲੰਧਰ ਦੀ ਪੁਲਿਸ ਪਾਰਟੀ ਨੇ ਪੀਬੀ 08 ਰੈਸਟੋਰੈਟ ਲੱਧੇਵਾਲੀ ਵਿਚ ਕੁਝ ਨੌਜਵਾਨਾਂ ਦੇ ਨਸ਼ੇ ਦਾ ਸੇਵਨ ਕਰਨ ਅਤੇ ਉਨ੍ਹਾਂ ਕੋਲ ਮਾਰੂ ਹਥਿਆਰ ਹੋਣ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦਿਆਂ 15 ਵਿਅਕਤੀਆਂ ਨੂੰ ਨਸ਼ਾ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ 3 ਪੰਨੀਆਂ ਲਿਬੜੀਆਂ ਹੋਈਆਂ, 2 ਲਾਈਟਰ, 3 ਦਾਤਰ, 2 ਖੰਜਰ ਬਰਾਮਦ ਕੀਤੇ। ਮੁਲਜ਼ਮਾਂ ਖਿਲਾਫ ਮੁਕੱਦਮਾ ਨੰਬਰ 289 ਮਿਤੀ 07.10.2025 ਅਨੁਸਾਰ ਐਨਡੀਪੀਐਸ ਐਕਟ ਧਾਰਾ 27 ਅਤੇ ਆਰਮਜ਼ ਐਕਟ ਧਾਰਾ 25 ਤਹਿਤ ਥਾਣਾ ਰਾਮਾਮੰਡੀ ਜਲੰਧਰ ਵਿਖੇ ਦਰਜ ਕੀਤਾ ਗਿਆ।ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜੋ ਵੀ ਵਿਅਕਤੀ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਹਨ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਨਸ਼ਿਆਂ ਵਿਰੁੱਧ ਜੰਗ ਜਾਰੀ ਰਹੇਗੀ, ਤਾਂ ਜੋ ਸ਼ਹਿਰ ਨੂੰ ਨਸ਼ਾ-ਮੁਕਤ ਬਣਾਇਆ ਜਾ ਸਕੇ।


