“ਸਰੀਰ ਨਿਰੋਗ ਤਾਂ ਮਨ ਨਿਰੋਗ” : ਤਰੁਨਪ੍ਰੀਤ ਸਿੰਘ ਸੌਂਦ
ਆਉਣ ਵਾਲੇ ਸਮੇਂ ਵਿੱਚ ਖੰਨਾ ‘ਚ ਹੋਰ ਓਪਨ ਜਿੰਮ ਲਗਾਉਣ ਦੀ ਯੋਜਨਾ
ਪੰਜਾਬ ਸਰਕਾਰ ਵਲੋਂ ਨਰੋਆ ਪੰਜਾਬ ਦੀ ਸਿਰਜਣਾ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਖੰਨਾ ਦੀ ਕਿਸਾਨ ਇਨਕਲੇਵ ਪਾਰਕ ਨੰਬਰ-1 ਵਿੱਚ ਐਤਵਾਰ ਨੂੰ ਲਗਾਏ ਗਏ ਓਪਨ ਜਿੰਮ ਮਸ਼ੀਨਾਂ ਦਾ ਉਦਘਾਟਨ ਕੀਤਾ ਅਤੇ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕੀਤਾ।
ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਕਿਸਾਨ ਇਨਕਲੇਵ ਦੀ ਪਾਰਕ ਵਿੱਚ ਓਪਨ ਜਿੰਮ ਦੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ ਤਾਂ ਜੋ ਸਾਡੀਆਂ ਮਾਵਾਂ-ਭੈਣਾਂ ਅਤੇ ਵੀਰ ਇਸ ਦਾ ਲਾਭ ਲੈ ਸਕਣ ਅਤੇ ਸਰੀਰ ਨੂੰ ਨਿਰੋਗ ਰੱਖ ਸਕਣ। ਉਨ੍ਹਾਂ ਕਿਹਾ ਕਿ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਉਹ ਜਦੋਂ ਕੰਮਕਾਜ ਤੋਂ ਘਰ ਆਉਣ ਤਾਂ ਉਹ ਇਸ ਪਾਰਕ ਵਿੱਚ ਆ ਕੇ ਇਹਨਾਂ ਜਿੰਮ ਦੀਆਂ ਮਸ਼ੀਨਾਂ ਦਾ ਲਾਹਾ ਲੈ ਸਕਣ। ਉਨ੍ਹਾਂ ਕਿਸਾਨ ਇਨਕਲੇਵ ਨਿਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਜਦੋਂ ਇਸ ਪਾਰਕ ਵਿੱਚ ਸਵੇਰੇ-ਸ਼ਾਮ ਦੀ ਸੈਰ ਕਰਨ ਲਈ ਆਉਣ ਤਾਂ ਇਹਨਾਂ ਜਿੰਮ ਮਸ਼ੀਨਾਂ ‘ਤੇ ਕਸਰਤ ਜਰੂਰ ਕਰਨ ਤਾਂ ਜੋ ਉਨ੍ਹਾਂ ਦਾ ਸਰੀਰ ਨਿਰੋਗ ਰਹਿ ਸਕੇ।
ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਦਾ ਸੁਪਨਾ ਹੈ ਕਿ ਪੰਜਾਬ ਇੱਕ ਨਸ਼ਾ ਮੁਕਤ ਸੂਬਾ ਹੋਵੇ। ਉਹਨਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਸਮੁੱਚੇ ਸੂਬੇ ਦੇ ਨੌਜਵਾਨਾਂ ਦੇ ਸਹਿਯੋਗ ਲਈ ਤੱਤਪਰ ਹਨ ਅਤੇ ਉਨ੍ਹਾਂ ਦੇ ਚੰਗੇਰੇ ਅਤੇ ਉੱਜਵਲ ਭਵਿੱਖ ਲਈ ਦ੍ਰਿੜ ਸੰਕਲਪ ਹਨ। ਇਸ ਲਈ ਆਉਣ ਵਾਲੇ ਸਮੇਂ ਦੌਰਾਨ ਖੰਨਾ ਸ਼ਹਿਰ ਵਿੱਚ ਹੋਰ ਵੀ ਅਜਿਹੇ ਜਿੰਮ ਸਥਾਪਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਿਹੜੀਆਂ ਵੀ ਕਿਸਾਨ ਇਨਕਲੇਵ ਵਾਸੀਆਂ ਨੇ ਉਨ੍ਹਾਂ ਦੇ ਧਿਆਨ ਵਿੱਚ ਹੋਰ ਮੰਗਾਂ ਲਿਆਂਦੀਆਂ ਹਨ ਉਨ੍ਹਾਂ ਮੰਗਾਂ ਨੂੰ ਵੀ ਇੱਕ-ਇੱਕ ਕਰਕੇ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਖੰਨਾ ਜਗਤਾਰ ਸਿੰਘ ਗਿੱਲ ਰਤਨਹੇੜੀ, ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਓ.ਐਸ.ਡੀ ਕਰਨ ਅਰੋੜਾ, ਬਲਾਕ ਪ੍ਰਧਾਨ ਅਵਤਾਰ ਸਿੰਘ ਮਾਨ, ਰਾਜਿੰਦਰ ਸਿੰਘ ਜੀਤ, ਅਮਰਿੰਦਰ ਸਿੰਘ ਚਾਹਲ, ਕਰਮ ਚੰਦ ਸ਼ਰਮਾ, ਗੁਰਜੀਤ ਸਿੰਘ ਗਿੱਲ, ਮੈਡਮ ਮੈਡੀ ਸੇਠੀ, ਪ੍ਰਧਾਨ ਅਨਿਲ ਸ਼ੁਕਲਾ, ਜਸਪਾਲ ਸਿੰਘ ਟਿਵਾਣਾ, ਮਹਿੰਦਰ ਸਿੰਘ, ਡਾ. ਇੰਦਰਪ੍ਰੀਤ ਸਿੰਘ, ਮਨੀਸ਼ ਗਰਗ, ਦਿਲਬਾਗ ਸਿੰਘ ਬਬਲੀ, ਨਿਰੇਸ਼ ਸਿੰਗਲਾ, ਲੱਕੀ ਜਿੰਦਲ, ਮਨੀਸ਼ ਗਰਗ, ਲਖਵੀਰ ਸਿੰਘ ਜੱਸਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।


