ਜਲੰਧਰ, 18 ਅਗਸਤ : ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਇਕ ਮਹੱਤਵਪੂਰਣ ਕਦਮ ਚੁੱਕਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਜਲੰਧਰ ਵਿੱਚ ਕੰਮ ਕਰਦੀਆਂ ਸਮੂਹ ਟੈਲੀਕਾਮ ਅਤੇ ਇੰਟਰਨੈੱਟ ਸੇਵਾ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੂੰ ਪੀ.ਐਸ.ਪੀ.ਸੀ.ਐਲ. ਦੇ ਖੰਭਿਆਂ ’ਤੇ ਵਿਛਾਈਆਂ ਆਪਣੀਆਂ ਅਣਵਰਤੀਆਂ ਅਤੇ ਅਣਅਧਿਕਾਰਤ ਤਾਰਾਂ 31 ਅਗਸਤ 2025 ਤੋਂ ਪਹਿਲਾਂ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ।
ਹੁਕਮਾਂ ਵਿੱਚ ਡਿਪਟੀ ਕਮਿਸ਼ਨਰ ਵੱਲੋਂ ਸਮੂਹ ਟੈਲੀਕਾਮ ਅਤੇ ਇੰਟਰਨੈੱਟ ਸੇਵਾ ਪ੍ਰੋਵਾਈਡਰਾਂ ਨੂੰ ਪਾਵਰਕਾਮ ਦੇ ਖੰਭਿਆਂ ’ਤੇ ਵਿਛਾਈਆਂ ਆਪਣੀਆਂ ਤਾਰਾਂ 31 ਅਗਸਤ ਤੱਕ ਨਿਯਮਿਤ ਕਰਵਾਉਣ ਲਈ ਪੀ.ਐਸ.ਪੀ.ਸੀ.ਐਲ. ਨਾਲ ਸੰਪਰਕ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਸ਼ਹਿਰ ਵਿੱਚ ਕੰਮ ਕਰਦੀਆਂ ਕਈ ਟੈਲੀਕਾਮ ਤੇ ਇੰਟਰਨੈੱਟ ਸੇਵਾ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਨੇ ਪੀ.ਐਸ.ਪੀ.ਸੀ.ਐਲ. ਦੇ ਖੰਭਿਆਂ ‘ਤੇ ਅਣਅਧਿਕਾਰਤ ਤਰੀਕੇ ਨਾਲ ਤਾਰਾਂ ਵਿਛਾ ਰੱਖੀਆਂ ਹਨ, ਜਿਸ ਨਾਲ ਬਿਜਲੀ ਸਪਲਾਈ ‘ਤੇ ਮਾੜਾ ਪ੍ਰਭਾਵ ਪੈਂਦਾ ਹੈ।
ਡਾ. ਅਗਰਵਾਲ ਨੇ ਕਿਹਾ ਕਿ ਕੋਈ ਵੀ ਕੰਪਨੀ, ਜੋ ਉਕਤ ਮਿਤੀ ਤੱਕ ਅਜਿਹੇ ਅਣਅਧਿਕਾਰਤ ਕੁਨੈਕਸ਼ਨ ਨਿਯਮਤ ਕਰਾਉਣ ਜਾਂ ਹਟਾਉਣ ਵਿੱਚ ਅਸਫ਼ਲ ਰਹਿੰਦੀ ਹੈ, ਉਹ ਪੀ.ਐਸ.ਪੀ.ਸੀ.ਐਲ. ਵੱਲੋਂ ਨਿਰਧਾਰਤ ਪ੍ਰਤੀ ਖੰਭੇ ਦੇ ਹਿਸਾਬ ਨਾਲ ਜੁਰਮਾਨਾ ਦੇਣ ਲਈ ਜ਼ਿੰਮੇਵਾਰ ਹੋਵੇਗੀ ਅਤੇ ਪੀ.ਐਸ.ਪੀ.ਸੀ.ਐਲ. ਦੇ ਖੰਭਿਆਂ ‘ਤੇ ਵਿਛਾਈਆਂ ਸਾਰੀਆਂ ਅਣਅਧਿਕਾਰਤ ਤਾਰਾਂ ਨੂੰ ਬਿਨਾਂ ਕਿਸੇ ਹੋਰ ਨੋਟਿਸ ਦੇ ਤੁਰੰਤ ਹਟਾ ਦਿੱਤਾ ਜਾਵੇਗਾ।
ਉਨ੍ਹਾਂ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਨੂੰ ਇਨ੍ਹਾਂ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਅਤੇ ਨਿਰਧਾਰਤ ਮਿਤੀ ਤੋਂ ਬਾਅਦ ਡਿਫਾਲਟਰਾਂ ਵਿਰੁੱਧ ਲੋੜੀਂਦੀ ਕਾਰਵਾਈ ਸ਼ੁਰੂ ਕਰਨ ਦੀ ਹਦਾਇਤ ਵੀ ਕੀਤੀ।
ਜ਼ਿਕਰਯੋਗ ਹੈ ਕਿ ਪੂਰੇ ਸ਼ਹਿਰ ਵਿੱਚ ਲਟਕਦੀਆਂ, ਗੈਰ-ਵਰਤੋਂ ਯੋਗ ਅਤੇ ਖ਼ਰਾਬ ਤਾਰਾਂ ਹਟਾਉਣ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਪੀ.ਐਸ.ਪੀ.ਸੀ.ਐਲ. ਵੱਲੋਂ ਇਸ ਸਬੰਧੀ ਮਾਸਟਰ ਤਾਰਾ ਸਿੰਘ ਨਗਰ ਤੋਂ ਇਕ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ।
ਅੱਜ ਇਕ ਸਮੀਖਿਆ ਮੀਟਿੰਗ ਦੌਰਾਨ ਪਾਇਲਟ ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਇਸ ਪ੍ਰਾਜੈਕਟ ਦੇ ਸਫ਼ਲਤਾਪੂਰਵਕ ਮੁਕੰਮਲ ਹੋਣ ’ਤੇ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਉਨ੍ਹਾਂ ਨੂੰ ਪੂਰੇ ਸ਼ਹਿਰ ਵਿੱਚ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਲਈ ਕਿਹਾ।
ਡਾ. ਅਗਰਵਾਲ ਨੇ ਇਸ ਕਾਰਜ ਵਿੱਚ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਕਿਸੇ ਵੀ ਜਗ੍ਹਾ ’ਤੇ ਅਜਿਹੀਆਂ ਅਣਵਰਤੀਆਂ, ਖ਼ਰਾਬ ਤੇ ਖਸਤਾ ਹਾਲ ਤਾਰਾਂ ਦੇ ਗੁੱਛੇ ਆਦਿ ਹਟਾਉਣ ਜਾਂ ਖੰਭੇ ਦਰੁੱਸਤ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹੈਲਪਲਾਈਨ ਨੰਬਰ 9646-222-555 ’ਤੇ ਸ਼ਿਕਾਇਤ ਭੇਜੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਦਰਜ ਕਰਵਾਈਆਂ ਸ਼ਿਕਾਇਤਾਂ ਪੀ.ਐਸ.ਪੀ.ਸੀ.ਐਲ. ਦੇ ਨੋਡਲ ਅਫ਼ਸਰਾਂ ਨੂੰ ਭੇਜ ਕੇ ਇਨ੍ਹਾਂ ਦਾ ਫੌਰੀ ਹੱਲ ਕਰਵਾਇਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਸ਼ਹਿਰ ਵਾਸੀਆਂ ਲਈ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਤੋਂ ਇਲਾਵਾ ਉਨ੍ਹਾਂ ਦੀ ਸੁਰੱਖਿਆ ਅਤੇ ਸ਼ਹਿਰ ਦੀ ਸੁੰਦਰ ਦਿੱਖ ਨੂੰ ਬਹਾਲ ਕਰਨਾ ਵੀ ਹੈ।
Trending
- PM Modi ਨੇ ਕੀਤਾ ‘ਮੁਆਵਜ਼ੇ’ ਦਾ ਐਲਾਨ
- ਲੁਧਿਆਣਾ ਵਿਚ 2025 ਵਿੱਚ ਡੇਂਗੂ ਤੇ ਚਿਕਨਗੁਨਿਆ ਦੇ ਮਾਮਲਿਆਂ ਵਿੱਚ ਵੱਡੀ ਕਮੀ ਦਰਜ
- *ਕੈਬਨਿਟ ਮੰਤਰੀ ਸੌਂਦ ਵੱਲੋਂ ਖੰਨਾ ਹਲਕੇ ਦੇ ਤਿੰਨ ਪਿੰਡਾਂ ਵਿੱਚ 1.20 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਪੰਚਾਇਤ ਘਰਾਂ ਦਾ ਕੀਤਾ ਉਦਘਾਟਨ**
- ਹਰਪਾਲ ਚੀਮਾ ਨੇ ਮੋਦੀ ਸਰਕਾਰ ‘ਤੇ ਲਾਇਆ ਗੰਭੀਰ ਦੋਸ਼
- ਗੈਂਗਸਟਰ ਰੰਮੀ ਮਛਾਣਾ ਦਾ ਕਰੀਬੀ ਰਣਜੀਤ ਸਿੰਘ ਉਰਫ ਸੱਪ ਗ੍ਰਿਫਤਾਰ-ਬਠਿੰਡਾ ਪੁਲਿਸ
- ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਵਿਆਹੁਤਾ ਜੋੜਿਆਂ ਨੂੰ ਦੇਵਾਂਗੇ ਜ਼ਰੂਰੀ ਘਰੇਲੂ ਸਮਾਨ : ਡਾ.ਉਬਰਾਏ
- *ਯੁੱਧ ਨਸ਼ਿਆਂ ਵਿਰੁੱਧ; ਜਲੰਧਰ ਪ੍ਰੀਮੀਅਰ ਲੀਗ ਦੇ ਰੋਮਾਂਚਕ ਕ੍ਰਿਕਟ ਮੈਚ ‘ਚ ਲੰਮਾ ਪਿੰਡ ਦਾ ਸਰਕਾਰੀ ਸਕੂਲ ਜੇਤੂ
- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ


