ਕਰਤਾਰਪੁਰ/ਜਲੰਧਰ, 1 ਨਵੰਬਰ : ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਅੱਜ ਗੁਰਦੁਆਰਾ ਗੰਗਸਰ ਸਾਹਿਬ, ਕਰਤਾਰਪੁਰ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਹਲਕਾ ਵਿਧਾਇਕ ਬਲਕਾਰ ਸਿੰਘ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਅਤੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸੰਗਤ ਨੇ ਸ਼ਿਰਕਤ ਕੀਤੀ।ਧਾਰਮਿਕ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਸਿੱਖ ਪੰਥ ਦੇ ਕੀਰਤਨੀਏ ਭਾਈ ਕਮਲਜੀਤ ਸਿੰਘ ਨੂਰ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਢਾਡੀ ਜਤਿੰਦਰ ਸਿੰਘ ਨੂਰਪੁਰੀ ਦੇ ਢਾਡੀ ਜਥੇ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਸਬੰਧ ਵਿੱਚ ਵਾਰਾਂ ਦਾ ਗਾਇਨ ਕਰਕੇ ਸੰਗਤ ਨੂੰ ਗੁਰੂ ਸਾਹਿਬ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਵੱਲੋਂ ਦਿੱਤੀ ਸ਼ਹਾਦਤ ਦੇ ਪ੍ਰਸੰਗ ਸੁਣਾਏ ਗਏ। ਇਸ ਦੌਰਾਨ ਕਵੀ ਹਰਿੰਦਰ ਪਾਲ ਸਿੰਘ ਨੇ ਸ਼ਹਾਦਤ ਨੂੰ ਸਮਰਪਿਤ ਕਵਿਤਾ ਸੁਣਾ ਕੇ ਸੰਗਤ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ । ਇਸ ਮੌਕੇ ਹਲਕਾ ਵਿਧਾਇਕ ਕਰਤਾਰਪੁਰ ਬਲਕਾਰ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ ਨੂੰ ਪੰਜਾਬ ਸਰਕਾਰ ਵਲੋਂ ਵੱਡੇ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੱਖ-ਵੱਖ ਸਮਾਗਮ ਉਲੀਕੇ ਗਏ ਹਨ। ਇਸੇ ਲੜੀ ਤਹਿਤ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਸ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੱਖ-ਵੱਖ ਸਥਾਨਾਂ ਤੋਂ ਵਿਸ਼ਾਲ ਨਗਰ ਕੀਰਤਨ ਸਜਾਏ ਜਾਣੇ ਹਨ। ਇਨ੍ਹਾਂ ਵਿਚੋਂ ਹੀ ਇਕ ਨਗਰ ਕੀਰਤਨ ਗੁਰਦਾਸਪੁਰ ਤੋਂ 20 ਨਵੰਬਰ ਨੂੰ ਸ਼ੁਰੂ ਹੋ ਕੇ 21 ਨਵੰਬਰ ਨੂੰ ਜਲੰਧਰ ਵਿਖੇ ਪ੍ਰਵੇਸ਼ ਕਰੇਗਾ ਅਤੇ 22 ਨਵੰਬਰ ਨੂੰ ਸ਼ਹੀਦ ਭਗਤ ਸਿੰਘ ਨਗਰ ਲਈ ਰਵਾਨਾ ਹੋਵੇਗਾ। 21 ਨਵੰਬਰ ਨੂੰ ਜਲੰਧਰ ਵਿਖੇ ਹੀ ਨਗਰ ਕੀਰਤਨ ਦਾ ਠਹਿਰਾਅ ਹੋਵੇਗਾ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਦੇ ਸਮੁੱਚੇ ਰਸਤੇ ’ਤੇ ਸਫ਼ਾਈ, ਲੰਗਰ ਸੇਵਾ, ਫੁੱਲਾਂ ਦੀ ਵਰਖਾ ਅਤੇ ਪੀਣ ਵਾਲੇ ਪਾਣੀ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਉਨ੍ਹਾਂ ਕਿਹਾ ਕਿ ਸਾਰੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਿਵੇਕਲੀ ਪਹਿਲ ਕਰਦਿਆਂ ਪਹਿਲੀ ਵਾਰ ਹਰ ਜ਼ਿਲ੍ਹੇ ਵਿੱਚ ਪਹੁੰਚਣ ’ਤੇ ਨਗਰ ਕੀਰਤਨ ਨੂੰ ਸ਼ਾਨਦਾਰ ‘ਗਾਰਡ ਆਫ਼ ਆਨਰ’ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਨ੍ਹਾਂ ਸਮਾਗਮਾਂ ਸਬੰਧੀ ਵੱਡੇ ਪੱਧਰ ’ਤੇ ਤਿਆਰੀ ਵਿੱਢੀ ਹੋਈ ਹੈ ਅਤੇ ਇਨ੍ਹਾਂ ਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ 23 ਨਵੰਬਰ ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਸਮਾਗਮ ਨਾ ਸਿਰਫ਼ ਪੰਜਾਬ ਲਈ ਸਗੋਂ ਸਮੁੱਚੇ ਦੇਸ਼ ਤੇ ਮਾਨਵਤਾ ਲਈ ਹਨ, ਜੋ ਕੁਰਬਾਨੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਪ੍ਰਤੀਕ ਵਜੋਂ ਬਹੁਤ ਮਹੱਤਵ ਰੱਖਦੇ ਹਨ।ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ 4 ਨਵੰਬਰ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿਖੇ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ’ਤੇ ਆਧਾਰਿਤ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਲਾਈਟ ਐਂਡ ਸਾਊਂਡ ਸ਼ੋਅ ਵਿਚ ਵੱਧ-ਚੜ੍ਹ ਕੇ ਸ਼ਿਰਕਤ ਕਰਨ ਦੀ ਅਪੀਲ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 45 ਮਿੰਟ ਦੇ ਲਾਈਟ ਐਂਡ ਸਾਊਂਡ ਸ਼ੋਅ ਦੌਰਾਨ ਡਿਜੀਟਲ ਤਰੀਕੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਵਿਰਾਸਤ, ਸਿੱਖਿਆਵਾਂ ਅਤੇ ਮਹਾਨ ਬਲੀਦਾਨ ਬਾਰੇ ਚਾਨਣਾ ਪਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸ਼ਾਨਦਾਰ ਪੇਸ਼ਕਾਰੀ ਨਾਲ ਸੰਗਤਾਂ ਨੂੰ ਅਨੋਖਾ ਅਨੁਭਵ ਹੋਵੇਗਾ, ਜੋ ਗੁਰੂ ਸਾਹਿਬ ਦੇ ਸ਼ਾਂਤੀ, ਸਹਿਣਸ਼ੀਲਤਾ ਅਤੇ ਵਿਸ਼ਵਵਿਆਪੀ ਭਾਈਚਾਰੇ ਨੂੰ ਮਜ਼ਬੂਤ ਕਰਨ ਦੇ ਫਲਸਫ਼ੇ ਨੂੰ ਸੁੰਦਰਤਾ ਨਾਲ ਦਰਸਾਉਂਦੀ ਹੈ। ਡਾ. ਅਗਰਵਾਲ ਨੇ ਕਿਹਾ ਕਿ ਇਹ ਸ਼ੋਅ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਾਨਵਤਾ ਅਤੇ ਦਇਆ ਦੇ ਸੰਦੇਸ਼ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ। ਉਨ੍ਹਾਂ ਕਿਹਾ ਕਿ 4 ਨਵੰਬਰ ਨੂੰ ਸ਼ਾਮ 5 ਵਜੇ ਸ਼ੋਅ ਲਈ ਦਾਖਲਾ ਸ਼ੁਰੂ ਹੋਵੇਗਾ ਅਤੇ ਕੋਈ ਵੀ ਬਿਨ੍ਹਾਂ ਕਿਸੇ ਪਾਸ ਤੋਂ ਸ਼ੋਅ ਵਿੱਚ ਸ਼ਾਮਿਲ ਹੋ ਸਕਦਾ ਹੈ ਅਤੇ ਹਰੇਕ ਲਈ ਖੁੱਲ੍ਹਾ ਦਾਖਲਾ ਹੈ।——
Trending
- PM Modi ਨੇ ਕੀਤਾ ‘ਮੁਆਵਜ਼ੇ’ ਦਾ ਐਲਾਨ
- ਲੁਧਿਆਣਾ ਵਿਚ 2025 ਵਿੱਚ ਡੇਂਗੂ ਤੇ ਚਿਕਨਗੁਨਿਆ ਦੇ ਮਾਮਲਿਆਂ ਵਿੱਚ ਵੱਡੀ ਕਮੀ ਦਰਜ
- *ਕੈਬਨਿਟ ਮੰਤਰੀ ਸੌਂਦ ਵੱਲੋਂ ਖੰਨਾ ਹਲਕੇ ਦੇ ਤਿੰਨ ਪਿੰਡਾਂ ਵਿੱਚ 1.20 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਪੰਚਾਇਤ ਘਰਾਂ ਦਾ ਕੀਤਾ ਉਦਘਾਟਨ**
- ਹਰਪਾਲ ਚੀਮਾ ਨੇ ਮੋਦੀ ਸਰਕਾਰ ‘ਤੇ ਲਾਇਆ ਗੰਭੀਰ ਦੋਸ਼
- ਗੈਂਗਸਟਰ ਰੰਮੀ ਮਛਾਣਾ ਦਾ ਕਰੀਬੀ ਰਣਜੀਤ ਸਿੰਘ ਉਰਫ ਸੱਪ ਗ੍ਰਿਫਤਾਰ-ਬਠਿੰਡਾ ਪੁਲਿਸ
- ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਵਿਆਹੁਤਾ ਜੋੜਿਆਂ ਨੂੰ ਦੇਵਾਂਗੇ ਜ਼ਰੂਰੀ ਘਰੇਲੂ ਸਮਾਨ : ਡਾ.ਉਬਰਾਏ
- *ਯੁੱਧ ਨਸ਼ਿਆਂ ਵਿਰੁੱਧ; ਜਲੰਧਰ ਪ੍ਰੀਮੀਅਰ ਲੀਗ ਦੇ ਰੋਮਾਂਚਕ ਕ੍ਰਿਕਟ ਮੈਚ ‘ਚ ਲੰਮਾ ਪਿੰਡ ਦਾ ਸਰਕਾਰੀ ਸਕੂਲ ਜੇਤੂ
- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ


