ਜਲੰਧਰ,18 ਅਗਸਤ : ਪੰਜਾਬ ਸਰਕਾਰ ਵੱਲੋਂ ਵਿੱਢੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਯੁਵਕ ਸੇਵਾਵਾਂ ਵਿਭਾਗ ਵੱਲੋਂ ਯੁਵਕ ਸੇਵਾਵਾਂ ਕਲੱਬ ਕੰਨਿਆਵਾਲੀ ਅਰਬਨ ਅਸਟੇਟ ਫੇਜ਼-1 ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਮੰਦਿਰ ਵਿੱਚ ਨਸ਼ਾ ਵਿਰੋਧੀ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ।
ਯੁਵਕ ਸੇਵਾਵਾਂ ਵਿਭਾਗ ਦੇ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਰਹਿਨੁਮਾਈ ਹੇਠ ਕਰਵਾਏ ਇਸ ਪ੍ਰੋਗਰਾਮ ਦੌਰਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਰਵੀ ਦਾਰਾ ਨੇ ਆਪਣਾ ‘ਟੀਕਾ’ ਗੀਤ ਗਾ ਕੇ ਨੌਜਵਾਨਾਂ ਨੂੰ ਚਿੱਟੇ ਦੇ ਨਸ਼ੇ ਦੇ ਮਾਰੂ ਅਸਰ ਤੋਂ ਜਾਣੂ ਕਰਵਾਇਆ। ਉਨ੍ਹਾਂ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਦਾ ਸੱਦਾ ਦਿੰਦਿਆਂ ਨਸ਼ਿਆਂ ਦੀ ਲਾਹਣਤ ਤੋਂ ਦੂਰ ਰਹਿਣ ਲਈ ਕਿਹਾ।
ਮੰਦਿਰ ਦੇ ਸੰਚਾਲਕ ਅਸ਼ੋਕ ਲਕੇਸ਼ ਨੇ ਗੀਤ ਰਾਹੀਂ ਨੌਜਵਾਨਾਂ ਨੂੰ ਸ਼ਰਾਬ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਂਦਿਆਂ ਇਸ ਬੁਰੀ ਆਦਤ ਤੋਂ ਦੂਰ ਰਹਿਣ ਲਈ ਪ੍ਰੇਰਿਆ। ਇਲਾਕੇ ਦੇ ਪ੍ਰਸਿੱਧ ਸ਼ਾਇਰ ਮਾਸਟਰ ਬਲਦੇਵ ਸਿੰਘ ਨੇ ਆਪਣੀਆਂ ਨਸ਼ਾ ਵਿਰੋਧੀ ਕਵਿਤਾਵਾਂ ਨਾਲ ਨਸ਼ੇ ਦੀ ਇਸ ਅਲਾਮਤ ’ਤੇ ਚੋਟ ਕੀਤੀ।
ਇਸ ਮੌਕੇ ਇਲਾਕੇ ਦੇ ਕੌਂਸਲਰ ਮਿੰਟੂ ਜਨੇਜਾ, ਕਲੱਬ ਦੇ ਪ੍ਰਧਾਨ ਵਿਕਾਸ ਸਿੱਧੂ ਤੋਂ ਇਲਾਵਾ ਰਤੇ ਸਿੱਧੂ, ਅਮਰਦੀਪ ਸਿੱਧੂ, ਰਾਜ ਸਿੱਧੂ ਅਤੇ ਵੱਡੀ ਗਿਣਤੀ ਮੁਹੱਲਾਵਾਸੀਆਂ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਅਖੀਰ ਵਿੱਚ ਹਿੱਸਾ ਲੈਣ ਵਾਲੇ ਭਾਗੀਦਾਰਾਂ ਨੂੰ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।