ਲੁਧਿਆਣਾ, 20, ਜੁਲਾਈ:ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੁਧਿਆਣਾ ਵੱਲੋ ‘ਆਤਮਾ ਕਿਸਾਨ ਬਾਜ਼ਾਰ’ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਦੀਪ ਸਿੰਘ ਦੀ ਰਹਿਨੁਮਾਈ ਹੇਠ ਹਰ ਐਤਵਾਰ ਸ਼ਾਮ 3 ਵਜੇ ਤੋਂ ਸ਼ਾਮ 7 ਵਜੇ ਤਕ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ, ਸਾਹਮਣੇ ਰਘੁਨਾਥ ਹਸਪਤਾਲ ਲੁਧਿਆਣਾ ਦੇ ਚਲਾਇਆ ਜਾ ਰਿਹਾ ਹੈ। ਡਾ. ਗੁਰਦੀਪ ਸਿੰਘ ਨੇ ਦੱਸਿਆ ਕਿ ‘ਆਤਮਾ ਕਿਸਾਨ ਬਾਜ਼ਾਰ’ ਇਕ ਕਿਸਾਨ ਉਤਪਾਦ ਮਾਰਕੀਟ ਹੈ। ਜਿਸ ਦੇ ਮੁੱਖ ਲਾਭ ਵਜੋਂ ਸਵੈ-ਸਹਾਇਤਾ ਸਮੂਹ, ਕਿਸਾਨ ਹਿੱਤ ਸਮੂਹ, ਕਿਸਾਨ ਉਤਪਾਦ ਸੰਗਠਨ ਅਤੇ ਛੋਟੇ ਕਿਸਾਨਾਂ ਲਈ ਸਿੱਧੀ ਮਾਰਕੀਟ ਪਹੁੰਚ ਕੀਤੀ ਜਾਂਦੀ ਹੈ। ਜਿਸ ਨਾਲ ਕਿਸਾਨ ਅਤੇ ਕਿਸਾਨ- ਸੰਗਠਨ ਆਪਣਾ ਸਮਾਨ ਵੇਚ ਸਕਦੇ ਹਨ ਜੋ ਵੱਡੀਆਂ ਮੰਡੀਆਂ ਤੱਕ ਨਹੀਂ ਪਹੁੰਚ ਸਕਦੇ।
ਇਸ ਬਾਜ਼ਾਰ ਵਿਚ ਕਿਸਾਨ ਆਪਣੇ ਉਤਪਾਦ ਸਿੱਧੇ ਗਾਹਕਾਂ ਨੂੰ ਬਿਨਾਂ ਕਿਸੇ ਵਿਚੌਲੀਏ ਵੇਚਦੇ ਹਨ। ਜ਼ਿਲ੍ਹੇ ਦੇ ਗਾਹਕਾਂ ਨੂੰ ਅਪੀਲ ਹੈ ਕਿ ਉਹ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ, ਸਾਹਮਣੇ ਰਘੁਨਾਥ ਹਸਪਤਾਲ ਹਰ ਐਤਵਾਰ ਸ਼ਾਮ 3 ਵਜੇ ਤੋਂ ਸ਼ਾਮ 7 ਵਜੇ ਤੱਕ ਚਲ ਰਹੇ ‘ਆਤਮਾ ਕਿਸਾਨ ਬਾਜ਼ਾਰ’ ਵਿੱਚੋ ਦੇਸੀ ਤੇ ਜੈਵਿਕ ਉਤਪਾਦ, ਘਰੇਲੂ ਉਤਪਾਦ, ਰਸਾਇਣ ਮੁਕਤ ਸਬਜ਼ੀਆਂ ਅਤੇ ਗਾਂ ਦਾ ਘੀ ਆਦਿ ਦੀ ਵਰਤੋ ਵੱਧ ਤੋਂ ਵੱਧ ਕਰਨ। ਉਨ੍ਹਾਂ ਕਿਹਾ ਕਿ ਗਾਹਕ ਅਤੇ ਕਿਸਾਨ ਵਿਚਕਾਰ ਭਰੋਸਾ ਅਤੇ ਸਿੱਧਾ ਸੰਪਰਕ ਹੋਣ ਤੇ ਗਾਹਕ ਕਿਸਾਨ ਨਾਲ ਜੁੜਦਾ ਹੈ ਜਿਸ ਨਾਲ ਲੋਕਲ ਉਤਪਾਦਾਂ ਲਈ ਭਰੋਸਾ ਅਤੇ ਮੰਗ ਵਧਦੀ ਹੈ। ‘ਆਤਮਾ ਕਿਸਾਨ ਬਾਜ਼ਾਰ’ ਰਾਹੀਂ ਮਹਿਲਾ ਸਸ਼ਕਤੀਕਰਨ ਨੂੰ ਵੀ ਚੰਗਾ ਹੁਲਾਰਾ ਮਿਲਦਾ ਹੈ। ਮਹਿਲਾ ਕਿਸਾਨਾਂ ਅਤੇ ਸਵੈ ਸਹਾਇਤਾ ਗਰੁੱਪਾਂ ਨੂੰ ਵੀ ਆਪਣੀ ਬਣਾਈ ਸਮੱਗਰੀ ਵੇਚਣ ਲਈ ਮੰਚ ਮਿਲਦਾ ਹੈ। ਇਸ ਬਾਜ਼ਾਰ ਵਿਚ ਤਾਜ਼ੇ ਉਤਪਾਦਾਂ ਦੀ ਤੁਰੰਤ ਵਿਕਰੀ ਕੀਤੀ ਜਾਂਦੀ ਹੈ ਜਿਸ ਨਾਲ ਪਿੰਡ ਪੱਧਰ ‘ਤੇ ਰੁਜ਼ਗਾਰ ਅਤੇ ਉੱਦਮੀ ਮੌਕੇ ਮਿਲਦੇ ਹਨ। ਇਸ ਬਾਜ਼ਾਰ ਅਧੀਨ ਪਿੰਡਾਂ ਵਿੱਚ ਸਵੈ-ਰੋਜ਼ਗਾਰ ਅਤੇ ਛੋਟੇ ਉੱਦਮਾਂ ਨੂੰ ਵੀ ਵਾਧਾ ਮਿਲਦਾ ਹੈ।