ਬਠਿੰਡਾ ਪੁਲਿਸ ਨੇ ਚਿੱਟੇ ਸਮੇਤ ਗ੍ਰਿਫਤਾਰ ਕਰਨ ਤੋਂ ਬਾਅਦ ਨੌਕਰੀ ਤੋਂ ਬਰਖਾਸਤ ਕੀਤੀ ਹੈਡ ਕਾਂਸਟੇਬਲ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਤਿਆਰੀ ਵਿੱਢ ਦਿੱਤੀ ਹੈ। ਅਦਾਲਤ ਨੇ ਅੱਜ ਇੱਕ ਵਾਰ ਮੁੜ ਤੋਂ ਅਮਨਦੀਪ ਕੌਰ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਪੁਲਿਸ ਨੂੰ ਮੁਢਲੀ ਪੁੱਛ ਪੜਤਾਲ ਦੌਰਾਨ ਇੱਕ ਹੋਰ ਵਿਅਕਤੀ ਦੇ ਨਸ਼ਾ ਤਸਕਰੀ ’ਚ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਇੱਕ ਕਥਿਤ ਰਸੂਖਵਾਨ ਪੁਲਿਸ ਮੁਲਾਜਮ ਨਾਲ ਜੁੜੇ ਨਸ਼ਿਆਂ ਦੀ ਤਸਕਰੀ ਦੇ ਇਸ ਮਾਮਲੇ ਦੇ ਪੂਰੀ ਤਰਾਂ ਤਣ ਪੱਤਣ ਲੱਗਣ ਸਬੰਧੀ ਕਈ ਤਰਾਂ ਦੇ ਤੌਖਲੇ ਵੀ ਪਾਏ ਜਾ ਰਹੇ ਹਨ। ਸ਼ਹਿਰ ਦੇ ਸਿਆਸੀ ਤੇ ਸਮਾਜਿਕ ਹਲਕਿਆਂ ਵਿੱਚ ਇਹ ਮਾਮਲਾ ਵੱਡੀ ਪੱਧਰ ਤੇ ਚੁੰਝ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਅਹਿਮ ਸੂਤਰਾਂ ਦੀ ਮੰਨੀਏ ਤਾਂ ਅਮਨਦੀਪ ਕੌਰ ਆਪਣੇ ਵਿਭਾਗ ਵਿੱਚ ਕਾਫੀ ਅਸਰ ਰਸੂਖ ਰੱਖਦੀ ਸੀ। ਇਸ ਦੀ ਮਿਸਾਲ ਹੈ ਕਿ ਉਸ ਦਾ ਨੰਬਰ ਮਾਨਸਾ ਜਿਲ੍ਹੇ ਦਾ ਸੀ ਪਰ ਉਹ ਬਠਿੰਡਾ ਪੁਲਿਸ ਨਾਲ ਅਟੈਚ ਚੱਲੀ ਆ ਰਹੀ ਸੀ। ਇੰਸਟਗ੍ਰਾਮ ਤੇ ਰੀਲਾਂ ਬਨਾਉਣ ਦੀ ਸ਼ੌਕੀਨ ਅਮਨਦੀਪ ਕੌਰ ਨੂੰ ਜਿਸ ਦਿਨ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਦੇ ਫਾਲੋਅਰਜ਼ ਦੀ ਗਿਣਤੀ 29 ਹਜ਼ਾਰ 400 ਸੀ ਜੋ ਚਰਚਾ ’ਚ ਆਉਣ ਮਗਰੋਂ ਸ਼ੁੱਕਰਵਾਰ ਤੱਕ 40 ਹਜਾਰ ਹੋ ਗਈ ਅਤੇ ਲਗਾਤਾਰ ਵਧਾ ਰਹੀ ਹੈ। ਜਾਣਕਾਰੀ ਅਨੁਸਾਰ ਅਮਨਦੀਪ ਕੌਰ ਦਾ ਰਹਿਣ ਸਹਿਣ ਧਨਾਢਾਂ ਵਰਗਾ ਸੀ ਜੋ ਆਪਣੇ ਵੱਲ ਧਿਆਨ ਖਿੱਚ੍ਹਣ ਵਾਲਾ ਸੀ। ਕਾਲੇ ਰੰਗ ਦੀ ਲਗਜ਼ਰੀ ਥਾਰ, ਮਹਿੰਗੀਆਂ ਐਨਕਾਂ ਤੇ ਕੀਮਤੀ ਘੜੀ ’ਚ ਉਹ ਹਾਈਪ੍ਰੋਫਾਈਲ ਅਫਸਰ ਨਜ਼ਰ ਆਉਂਦੀ ਸੀ। ਸੋਸ਼ਲ ਮੀਡੀਆ ਤੇ ਉਸ ਦੀ ਗ੍ਰਿਫਤਾਰੀ ਵਾਲੇ ਕੱਪੜਿਆਂ ’ਚ ਫੋਟੋ ਵਾਇਰਲ ਹੋ ਰਹੀ ਹੈ ਜਿਸ ’ਚ ਉਸ ਨੇ ਘੜੀ ਬੰਨ੍ਹੀ ਹੋਈ ਹੈ।
ਇੱਕ ਮਹਿਲਾ ਪੁਲਿਸ ਮੁਲਾਜਮ ਨੇ ਦੱਸਿਆ ਕਿ ਅਮਨਦੀਪ ਕੌਰ ਦਾ ਸਟਾਈਲ ਈਰਖਾ ਕਰਨ ਵਾਲਾ ਸੀ ਪਰ ਉਹ ਚਿੱਟਾ ਵੇਚਦੀ ਹੋਵੇਗੀ ਕਿਸੇ ਨੇ ਸੋਚਿਆ ਨਹੀਂ ਸੀ। ਦੂਜੇ ਪਾਸੇ ਪੁਲਿਸ ਨੂੰ ਸ਼ੱਕ ਹੈ ਕਿ ਅਮਨਦੀਪ ਨੇ ਨਸ਼ਿਆਂ ਦੇ ਕਾਰੋਬਾਰ ਰਾਹੀਂ ਸੰਪਤੀ ਦਾ ਸਾਮਰਾਜ ਖੜ੍ਹਾ ਕੀਤਾ ਹੈ ਜਿਸ ਦੀ ਜਾਂਚ ਐਸਐਸਪੀ ਬਠਿੰਡਾ ਕਰਨਗੇ। ਪੁਲਿਸ ਨੇ ਗੁਰਮੀਤ ਕੌਰ ਵੱਲੋਂ ਅਮਨਦੀਪ ਕੌਰ ਤੇ ਲਾਏ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਹੈ। ਗੁਰਮੀਤ ਕੌਰ ਨੇ ਦੱਸਿਆ ਕਿ ਉਸ ਨੇ ਸਾਲ 2022 ’ਚ ਬਠਿੰਡਾ ਪੁਲਿਸ ਨੂੰ ਸ਼ਕਾਇਤ ਦਿੱਤੀ ਸੀ ਕਿ ਉਸ ਦਾ ਐਂਬੂਲੈਂਸ ਡਰਾਈਵਰ ਪਤੀ ਅਤੇ ਅਮਨਦੀਪ ਕੌਰ ਆਪਸ ’ਚ ਮਿਲਕੇ ਐਂਬੂਲੈਂਸ ਦੀ ਆੜ ’ਚ ਚਿੱਟੇ ਦੀ ਤਸਕਰੀ ਕਰਦੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ । ਗੁਰਮੀਤ ਕੌਰ ਦਾ ਦਾਅਵਾ ਹੈ ਕਿ ਅਮਨਦੀਪ ਦੀ ਨਸ਼ਾ ਤਸਕਰੀ ਨਾਲ ਬਣਾਈ ਮੁਲਤਾਨੀਆ ਰੋਡ ਤੇ ਇੱਕ ਕਲੋਨੀ ’ਚ ਦੋ ਕਰੋੜ ਦੀ ਕੋਠੀ ਹੈ।
ਗੁਰਮੀਤ ਕੌਰ ਨੇ ਦੱਸਿਆ ਕਿ ਮੁਲਤਾਨੀਆ ਰੋਡ ਵਾਲੀ ਕੋਠੀ ਤੋਂ ਇਲਾਵਾ ਅਮਨਦੀਪ ਕੌਰ ਨੇ ਆਦਰਸ਼ ਨਗਰ ’ਚ ਆਪਣੇ ਭਰਾ ਦੇ ਨਾਂ ਤੇ 500 ਗਜ਼ ਦਾ ਇੱਕ ਪਲਾਟ ਅਤੇ ਇੱਕ ਹੋਰ ਕਲੋਨੀ ਵਿੱਚ ਲੱਖਾਂ ਰੁਪਏ ਦਾ ਪਲਾਟ ਖਰੀਦਿਆ ਹੈ। ਗੁਰਮੀਤ ਕੌਰ ਨੇ ਦੱਸਿਆ ਕਿ ਅਮਨਦੀਪ ਕੌਰ ਕੋਲ ਇੱਕ ਆਡੀ,ਇੱਕ ਥਾਰ,ਦੋ ਇਨੋਵਾ ਕਾਰਾਂ ਅਤੇ ਬੁਲੇਟ ਮੋਟਰਸਾਈਕਲ ਹੈ। ਗੁਰਮੀਤ ਕੌਰ ਨੇ ਦਾਅਵਾ ਕੀਤਾ ਕਿ ਲੰਘੀ 4 ਮਾਰਚ ਨੂੰ ਵੀ ਪੁਲਿਸ ਨੇ ਸ਼ੱਕ ਦੇ ਅਧਾਰ ਤੇ ਅਮਨਦੀਪ ਨੂੰ ਰੋਕਿਆ ਸੀ ਪਰ ਮੌਕੇ ਤੇ ਮਹਿਲਾ ਮੁਲਾਜਮ ਨਾਂ ਹੋਣ ਕਾਰਨ ਉਸ ਨੇ ਕਾਫੀ ਹੰਗਾਮਾ ਕੀਤਾ ਅਤੇ ਮੌਕੇ ਤੋਂ ਬਚ ਨਿਕਲੀ ਸੀ। ਉਸ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਨੇ ਉਸ ਦੀ ਸੰਪਤੀ ਤੇ ਬੁਲਡੋਜਰ ਨਾਂ ਚਲਾਇਆ ਤਾਂ ਉਹ ਪੁਲਿਸ ਅਫਸਰਾਂ ਨਾਲ ਅਮਨਦੀਪ ਕੌਰ ਦੀ ਵਟਸਐਪ ਚੈਟ ਵਾਇਰਲ ਕਰ ਦੇਵੇਗੀ।
ਫਿਰੋਜ਼ਪੁਰੋਂ ਲਿਆਉਂਦੇ ਸੀ ਹੈਰੋਇਨ
ਪੁਲਿਸ ਸੂਤਰਾਂ ਦਾ ਦੱਸਣਾ ਹੈ ਕਿ ਉਹ ਇਹ ਚਿੱਟਾ ਫਿਰੋਜ਼ਪੁਰ ਤੋਂ ਲਿਆਉਂਦੀ ਅਤੇ ਆਪਣੇ ਨਾਲ ਲਿਵ ਇਨ ਰਿਲੇਸ਼ਨਸ਼ਿਪ ’ਚ ਰਹਿਣ ਵਾਲੇ ਵਿਅਕਤੀ ਨਾਲ ਮਿਲਕੇ ਬਠਿੰਡਾ ਦੇ ਆਲੇ ਦੁਆਲੇ ਅਤੇ ਸਿਰਸਾ ਇਲਾਕੇ ’ਚ ਵੇਚ ਦਿੰਦੀ ਸੀ। ਭਾਵੇਂ ਅਦਾਲਤ ’ਚ ਪੇਸ਼ ਕਰਨ ਮੌਕੇ ਅਮਨਦੀਪ ਨੇ ਮੀਡੀਆ ਤੇ ਸਵਾਲ ’ਚ ਇਸ ਸਮੁੱਚੇ ਮਾਮਲੇ ਨੂੰ ਝੂਠਾ ਦੱਸਿਆ ਸੀ ਪਰ ਪੁਲਿਸ ਨੂੰ ਪੁੱਛ ਪੜਤਾਲ ਦੌਰਾਨ ਅਹਿਮ ਖੁਲਾਸਿਆਂ ਦੀ ਉਮੀਦ ਹੈ। ਗੌਰਤਲਬ ਹੈ ਕਿ ਅਮਨਦੀਪ ਕੌਰ ਨੂੰ ਬੁੱਧਵਾਰ ਦੇਰ ਸ਼ਾਮ ਐਂਟੀ ਨਾਰਕੋਟਿਕਸ ਟਾਸਕ ਫੋਰਸ ਅਤੇ ਬਠਿੰਡਾ ਪੁਲਿਸ ਨੇ ਬਾਦਲ ਰੋਡ ਤੇ ਨਾਕਾਬੰਦੀ ਦੌਰਾਨ 17.71 ਗਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ। ਦੋਸ਼ੀ ਮਹਿਲਾ ਪੁਲਿਸ ਮੁਲਾਜਮ ਉਸ ਵਕਤ ਕਾਲੇ ਰੰਗ ਦੀ ਥਾਰ ਗੱਡੀ ਤੇ ਸਵਾਰ ਸੀ ਜੋ ਪੁਲਿਸ ਦਾ ਨਾਕਾ ਦੇਖਕੇ 50 ਮੀਟਰ ਪਿਛੇ ਹੀ ਗੱਡੀ ਤੋਂ ਉੱਤਰਕੇ ਭੱਜਣ ਲੱਗੀ ਸੀ ਪਰ ਪੁਲਿਸ ਨੇ ਉਸ ਨੂੰ ਦਬੋਚ ਲਿਆ।
ਸਖਤ ਕਾਰਵਾਈ ਹੋਵੇਗੀ:ਆਈਜੀ
ਡੀਐਸਪੀ ਹਰਬੰਸ ਸਿੰਘ ਧਾਲੀਵਾਲ ਦਾ ਕਹਿਣਾ ਸੀ ਕਿ ਮੁਢਲੀ ਪੜਤਾਲ ਦੌਰਾਨ ਬਲਵਿੰਦਰ ਸਿੰਘ ਸੋਨੂੰ ਦਾ ਹੈਰੋਇਨ ਲਿਆਉਣ ਆਦਿ ’ਚ ਨਾਮ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜੇ ਤੱਥ ਸਹੀ ਪਾਏ ਗਏ ਤਾਂ ਬਲਵਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਜਾਏਗਾ। ਉਨ੍ਹਾਂ ਦੱਸਿਆ ਕਿ ਗੁਰਮੀਤ ਕੌਰ ਵੱਲੋਂ ਲਾਏ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਦੱਸਿਆ ਕਿ ਹੁਣ ਤੱਕ ਕਿਸੇ ਅਫਸਰ ਦਾ ਨਾਮ ਹੋਣ ਦੀ ਕੋਈ ਗੱਲ ਨਹੀਂ ਹੈ।


