ਭਾਰਤੀ ਜਲ ਸੈਨਾ ਨੇ ਸ਼੍ਰੀਲੰਕਾਈ ਜਲ ਸੈਨਾ ਨਾਲ ਸਾਂਝੀ ਕਾਰਵਾਈ ਕਰਦੇ ਹੋਏ ਅਰਬ ਸਾਗਰ ਤੋਂ 500 ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਫੜਿਆ ਗਿਆ ਨਸ਼ੀਲੇ ਪਦਾਰਥ ਕ੍ਰਿਸਟਲ ਮੈਥ ਸਨ, ਜੋ ਕਿ ਦੋ ਕਿਸ਼ਤੀਆਂ ਤੋਂ ਜ਼ਬਤ ਕੀਤੇ ਗਏ ਸਨ। ਜ਼ਬਤ ਕੀਤੀਆਂ ਦੋਵੇਂ ਕਿਸ਼ਤੀਆਂ, ਸਵਾਰ ਵਿਅਕਤੀਆਂ ਅਤੇ ਨਸ਼ੀਲੇ ਪਦਾਰਥਾਂ ਨੂੰ ਸ੍ਰੀਲੰਕਾ ਸਰਕਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਰਣਨਯੋਗ ਹੈ ਕਿ ਪਿਛਲੇ ਕੁਝ ਸਮੇਂ ਵਿਚ ਦੇਸ਼ ਵਿਚ ਵੱਖ-ਵੱਖ ਥਾਵਾਂ ‘ਤੇ ਵੱਡੇ ਪੱਧਰ ‘ਤੇ ਨਸ਼ੀਲੇ ਪਦਾਰਥ ਫੜੇ ਗਏ ਹਨ।
ਹਾਲ ਹੀ ਵਿੱਚ ਅੰਡੇਮਾਨ ਤੋਂ ਵੀ 5500 ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ
ਹਾਲ ਹੀ ਵਿੱਚ, ਭਾਰਤੀ ਤੱਟ ਰੱਖਿਅਕਾਂ ਨੇ 5,500 ਕਿਲੋਗ੍ਰਾਮ ਮੈਥਾਮਫੇਟਾਮਾਈਨ ਡਰੱਗ ਜ਼ਬਤ ਕੀਤੀ ਸੀ, ਇਹ ਜ਼ਬਤ ਅੰਡੇਮਾਨ ਅਤੇ ਨਿਕੋਬਾਰ ਸਮੁੰਦਰੀ ਖੇਤਰ ’ਚ ਕੀਤੀ ਗਈ ਸੀ। ਇੱਕ ਤੱਟ ਰੱਖਿਅਕ ਪਾਇਲਟ ਨੇ ਨਿਯਮਤ ਨਿਗਰਾਨੀ ਦੌਰਾਨ ਅੰਡੇਮਾਨ ਅਤੇ ਨਿਕੋਬਾਰ ਦੇ ਬੈਰਨ ਆਈਲੈਂਡ ਦੇ ਨੇੜੇ ਇੱਕ ਸ਼ੱਕੀ ਕਿਸ਼ਤੀ ਦੇਖੀ। ਚੇਤਾਵਨੀ ਤੋਂ ਬਾਅਦ ਵੀ ਜਦੋਂ ਚਾਲਕ ਦਲ ਨੇ ਕਿਸ਼ਤੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਤੱਟ ਰੱਖਿਅਕਾਂ ਨੇ ਕਾਰਵਾਈ ਕੀਤੀ ਅਤੇ ਕਿਸ਼ਤੀ ਨੂੰ ਜ਼ਬਤ ਕਰ ਲਿਆ।
ਭਾਰਤ ਵਿੱਚ ਇੰਨੇ ਵੱਡੇ ਪੱਧਰ ‘ਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦਾ ਕਾਰਨ ਕੀ ਹੈ?
ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾ ਸਿਰਫ਼ ਦੇਸ਼ ਦੀ ਸੁਰੱਖਿਆ ਨੂੰ, ਸਗੋਂ ਜਨਤਕ ਸਿਹਤ ਸੁਰੱਖਿਆ, ਰਾਜਨੀਤਿਕ ਸਥਿਰਤਾ ਅਤੇ ਆਰਥਿਕ ਵਿਕਾਸ ਨੂੰ ਵੀ ਗੰਭੀਰ ਰੂਪ ਵਿੱਚ ਪ੍ਰਭਾਵਿਤ ਕਰਦੀ ਹੈ। ਰਿਪੋਟਰ ਮੁਤਾਬਕ ਦੁਨੀਆਂ ਭਰ ‘ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਮੌਜੂਦਾ ਬਾਜ਼ਾਰ 650 ਅਰਬ ਡਾਲਰ ਦਾ ਹੈ, ਜੋ ਕਿ ਪੂਰੀ ਦੁਨੀਆਂ ‘ਚ ਗੈਰ-ਕਾਨੂੰਨੀ ਆਰਥਿਕਤਾ ਦਾ 30 ਫੀਸਦੀ ਹੈ। ਭਾਰਤ ਦੀ ਬਦਕਿਸਮਤੀ ਇਹ ਹੈ ਕਿ ਦੇਸ਼ ਨਸ਼ਾ ਤਸਕਰੀ ਦੇ (ਸੁਨਹਿਰੀ ਤਿਕੋਣ) ’ਚ ਫਸਿਆ ਹੋਇਆ ਹੈ। ਅਫ਼ਗਾਨਿਸਤਾਨ ਤੋਂ ਬਾਅਦ ਮਿਆਂਮਾਰ ਅਫੀਮ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਹੈਰੋਇਨ ਦਾ ਸਭ ਤੋਂ ਵੱਡਾ ਸਪਲਾਇਰ ਹੈ। ਇਸ ਕਾਰਨ ਮਿਆਂਮਾਰ ਤੋਂ ਭਾਰਤ ਦੇ ਉੱਤਰ-ਪੂਰਬੀ ਰਾਜਾਂ ਨੂੰ ਨਸ਼ਿਆਂ ਦੀ ਤਸਕਰੀ ਵੱਡੇ ਪੱਧਰ ‘ਤੇ ਹੁੰਦੀ ਹੈ।
ਇਸ ਤੋਂ ਇਲਾਵਾ ਅਫ਼ਗਾਨਿਸਤਾਨ, ਪਾਕਿਸਤਾਨ ਅਤੇ ਈਰਾਨ ਵੀ ਨਸ਼ਾ ਤਸਕਰੀ ਲਈ ਬਦਨਾਮ ਹਨ। ਇਨ੍ਹਾਂ ਤਿੰਨਾਂ ਦੇਸ਼ਾਂ ਦੇ ਅਪਰਾਧੀ ਭਾਰਤ ’ਚ ਨਸ਼ੇ ਵੇਚਦੇ ਹਨ ਅਤੇ ਭਾਰਤ ਦੇ ਸਮੁੰਦਰੀ ਖੇਤਰਾਂ ਤੋਂ ਵੱਡੇ ਪੱਧਰ ‘ਤੇ ਨਸ਼ਿਆਂ ਦੀ ਤਸਕਰੀ ਕਰਕੇ ਪੱਛਮ ਅਤੇ ਦੁਨੀਆਂ ਦੇ ਹੋਰ ਦੇਸ਼ਾਂ ’ਚ ਭੇਜੀ ਜਾਂਦੀ ਹੈ। ਇਹੀ ਕਾਰਨ ਹੈ ਕਿ ਭਾਰਤ ’ਚ ਅਕਸਰ ਵੱਡੇ ਪੱਧਰ ‘ਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।


 
									 
					 
