ਖੰਨਾ, ਲੁਧਿਆਣਾ, 15 ਮਾਰਚ:
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਨਸ਼ਿਆਂ ਤੋਂ ਮੁਕੰਮਲ ਤੌਰ ਉੱਤੇ ਮੁਕਤ ਕਰਨ ਲਈ ਪੰਜਾਬ ਪੁਲਿਸ ਤੇ ਪ੍ਰਸ਼ਾਸਨ ਵਲੋਂ ਆਰੰਭੀ ਹੋਈ ‘ਯੁੱਧ ਨਸ਼ਿਆਂ ਵਿਰੁੱਧ ਮੁਹਿੰਮ’ ਨੂੰ ਪੁਲਿਸ ਜ਼ਿਲ੍ਹਾ ਖੰਨਾ ਵਿੱਚ ਸਫਲ ਬਣਾਉਣ ਦਾ ਸੱਦਾ ਦਿੰਦਿਆਂ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਹੈ ਕਿ ਨਸ਼ਿਆਂ ਖਿਲਾਫ ਲੜਾਈ ਵਿੱਚ ਸਮੂਹ ਨਾਗਰਿਕਾਂ ਦੇ ਸਰਗਰਮ ਸਹਿਯੋਗ ਦੀ ਲੋੜ ਹੈ।
ਐਤਵਾਰ ਨੂੰ ਏ.ਐਸ.ਕਾਲਜ ਵੂਮੈਨ, ਖੰਨਾ ਵਿਖੇ ਰੱਖੇ ਇਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਹ ਮਹਿਜ਼ ਇੱਕ ਪ੍ਰੋਗਰਾਮ ਨਹੀਂ ਬਲਕਿ ਸਮਾਜ ਵਿੱਚੋ ਨਸ਼ਿਆਂ ਦੇ ਖਾਤਮੇ ਲਈ ਇਕ ਅੰਦੋਲਨ ਹੈ ਜਿਸ ਵਿੱਚ ਹਰ ਵਰਗ ਨੂੰ ਸ਼ਾਮਿਲ ਕਰਨ ਦਾ ਮੁੱਖ ਮਕਸਦ ਇਸ ਸਮਾਜਿਕ ਬੁਰਾਈ ਦਾ ਰਲ ਮਿਲ ਕੇ ਖਾਤਮਾ ਕਰਨਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਆਪਣੇ ਨਿੱਜੀ ਸਵਾਰਥਾਂ ਲਈ ਭੋਲੇ-ਭਾਲੇ ਲੋਕਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਸਲਾਖਾਂ ਪਿੱਛੇ ਪਹੁੰਚਾ ਕੇ ਕਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੇ ਹੋਏ ਮਿਸਾਲੀ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਦਿੱਤੀਆਂ ਜਾਣਗੀਆਂ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਨਾਲ ਸਬੰਧਤ ਕਿਸੇ ਵੀ ਗਤੀਵਿਧੀ ਬਾਰੇ ਤੁਸੀਂ ਇਤਲਾਹ ਪੁਲਿਸ ਨੂੰ ਜਰੂਰ ਦਿਓ ਪੁਲਿਸ ਵੱਲੋਂ ਬਣਦੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਹਰ ਪਿੰਡ ਅਤੇ ਸ਼ਹਿਰ ਵਿੱਚ ਪੁਲਿਸ ਜਨਤਕ ਸਹਿਯੋਗ ਦੇ ਲਈ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਸ ਨਾਲ ਨਸ਼ਾ ਵਿਰੋਧੀ ਮੁਹਿੰਮ ਨੂੰ ਮਜ਼ਬੂਤੀ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦਿੰਦੇ ਹਨ ਉਨ੍ਹਾਂ ਦਾ ਨਾਮ ਅਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਪੁਲਿਸ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਕਿਸੇ ਵੀ ਨਸ਼ਾ ਤਸਕਰ ਦੀ ਮਦਦ ਕਰਦਾ ਪਾਇਆ ਜਾਵੇਗਾ ਤਾਂ ਉਸ ਵਿਰੁੱਧ ਕੇਸ ਦਰਜ ਕਰਨ ਦੇ ਨਾਲ-ਨਾਲ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਨਸ਼ਿਆਂ ਦੀ ਰੋਕਥਾਮ ਲਈ ਸ਼ਾਨਦਾਰ ਉਪਰਾਲੇ ਕਰਨ ਵਾਲਿਆਂ ਨੂੰ ਪੰਜਾਬ ਪੁਲਿਸ ਵੱਲੋਂ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਅੱਜ ਲੋੜ ਹੈ ਕਿ ਯੂਥ ਦੀ ਊਰਜਾ ਨੂੰ ਸਹੀ ਜਗ੍ਹਾ ਉੱਤੇ ਵਰਤਿਆ ਜਾਵੇ, ਜਿਸਦੇ ਬਿਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਮੰਤਰੀ ਸੌਂਦ ਨੇ ਲੋਕਾਂ ਵਿੱਚ ਜੋਸ਼ ਭਰਦੇ ਹੋਏ ਕਿਹਾ ਕਿ ਸਾਨੂੰ ਇਸ ਚੀਜ਼ ਦਾ ਹੌਸਲਾ ਹੋਣਾ ਚਾਹੀਦਾ ਹੈ ਕਿ ਸਾਡੇ ਜਾਂਬਾਜ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨਸ਼ੇ ਦੇ ਸੌਦਾਗਰਾਂ ਦੇ ਖਿਲਾਫ ਜੰਗ ਲੜ ਰਹੀ ਹੈ ਅਤੇ ਸਾਨੂੰ ਵੀ ਪੂਰਨ ਸ਼ਿੱਦਤ ਨਾਲ ਉਹਨਾਂ ਦਾ ਸਾਥ ਨਿਭਾਉਣਾ ਚਾਹੀਦਾ ਹੈ। ਸੌਂਦ ਨੇ ਅੱਗੇ ਕਿਹਾ ਕਿ ਪੁਲਿਸ ਤੇ ਸਰਕਾਰ ਇਨ੍ਹਾਂ ਵੱਡੇ ਮਗਰਮੱਛਾਂ ਨੂੰ ਫੜ ਕੇ ਅੰਦਰ ਕਰ ਸਕਦੀ ਹੈ ਅਤੇ ਵੱਡੀਆਂ ਖੇਪਾਂ ਪੰਜਾਬ ਵਿੱਚ ਲੈ ਕੇ ਆਉਣ ਵਾਲੇ ਇਹਨਾਂ ਸੌਦਾਗਰਾਂ ਨੂੰ ਨੱਥ ਪਾ ਸਕਦੀ ਹੈ ਪਰ ਜੋ ਕੋਹੜ ਇਹਨਾਂ ਨੇ ਪੰਜਾਬ ਦੇ ਘਰਾਂ ਵਿੱਚ ਬੀਜ ਦਿੱਤਾ ਹੈ ਉਸ ਦੀ ਜੜ ਪੁੱਟਣ ਲਈ ਸਾਨੂੰ ਸਾਰਿਆਂ ਨੂੰ ਹੰਭਲਾ ਮਾਰਨਾ ਸਮੇਂ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਾਡੇ ਸਾਥੀ ਭਰਾ ਰਸਤਾ ਭਟਕ ਕੇ ਗਲਤ ਰਾਹ ਪੈ ਗਏ ਹਨ ਤਾਂ ਸਾਡੀ ਇਹ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਨੂੰ ਸਿੱਧੇ ਰਾਹ ‘ਤੇ ਲਿਆਉਣ ਵਿੱਚ ਉਹਨਾਂ ਦੀ ਮਦਦ ਕਰੀਏ ਕਿਉਂਕਿ ਕਿਸੇ ਮਾਂ ਦੀ ਗੋਦ ਉੱਜੜਨ ਤੋਂ ਬਚਾਉਣਾ ਦੁਨੀਆਂ ਦਾ ਸਭ ਤੋਂ ਵੱਡਾ ਕਰਮ ਹੈ।
ਖੰਨਾ ਦੇ ਜ਼ਿਲ੍ਹਾ ਪੁਲਿਸ ਮੁਖੀ ਡਾ. ਦਰਪਣ ਆਹਲੂਵਾਲੀਆ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਹੜੇ ਵੀ ਨਾਗਰਿਕ ਗੁੰਮਰਾਹ ਹੋ ਕੇ ਨਸ਼ਿਆਂ ਦੇ ਰੋਗ ਦਾ ਸ਼ਿਕਾਰ ਹੋ ਗਏ ਹਨ ਉਨ੍ਹਾਂ ਦਾ ਇਲਾਜ ਸੰਭਵ ਹੈ ਅਤੇ ਅਜਿਹੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਰਕਾਰੀ ਨਸ਼ਾ ਮੁਕਤੀ ਕੇਂਦਰ ਵਿਚ ਦਾਖਲ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਜਾਗਰੂਕਤਾ ਲਗਾਤਾਰ ਜਾਰੀ ਰੱਖੀ ਜਾਵੇਗੀ ਜਿਸ ਦੇ ਜਲਦ ਹੀ ਸਾਰਥਕ ਨਤੀਜੇ ਸਾਹਮਣੇ ਆਏ ਹਨ ਅਤੇ ਆਉਣਗੇ। ਉਹਨਾਂ ਨੇ ਕਿਹਾ ਕਿ ਆਪਣੇ ਘਰਾਂ, ਪਰਿਵਾਰਾਂ, ਦੋਸਤਾਂ ਅਤੇ ਆਲੇ ਦੁਆਲੇ ਨੂੰ ਨਸ਼ਾ ਮੁਕਤ ਕਰਨ ਦਾ ਟੀਚਾ ਮਿਥ ਕੇ ਪੂਰੀ ਤਨਦੇਹੀ ਨਾਲ ਉਪਰਾਲੇ ਕਰਨ ਦੀ ਲੋੜ ਹੈ ਤਾਂ ਜੋ ਇਸ ਕੋਹੜ ਦਾ ਸਫਾਇਆ ਕੀਤਾ ਜਾ ਸਕੇ।
ਇੱਕ ਨਿਰਣਾਇਕ ਕਾਰਵਾਈ: “ਯੁੱਧ ਨਸ਼ਿਆਂ ਵਿਰੁੱਧ” ਅਤੇ “ਗੈਂਗਸਟਰਾਂ ਤੇ ਵਾਰ”
ਡਾ. ਦਰਪਣ ਆਹਲੂਵਾਲੀਆ ਨੇ ਕਮੇਟੀਆਂ ਅਤੇ ਆਏ ਮੋਹਤਬਰ ਲੋਕਾਂ ਨੂੰ ਪੁਲਿਸ ਦੀਆਂ ਰਣਨੀਤਕ ਮੁਹਿੰਮਾਂ ਦੀ ਸਫਲਤਾ ਬਾਰੇ ਜਾਣਕਾਰੀ ਦਿੱਤੀ। ਇਸ ਚਰਚਾ ਦਾ ਕੇਂਦਰ ਸ਼ਹਿਰ ਨੂੰ ਅਪਰਾਧ ਮੁਕਤ ਕਰਨ ਲਈ ਚਲਾਈਆਂ ਗਈਆਂ ਫਲੈਗਸ਼ਿਪ ਮੁਹਿੰਮਾਂ ਸਨ।
ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਪ੍ਰਹਾਰ 2.0 ਤਹਿਤ ਇਸ ਵਿਸ਼ੇਸ਼ ਮੁਹਿੰਮ ਦੇ ਨਤੀਜੇ ਵਜੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਭਾਰੀ ਮਾਤਰਾ ਵਿੱਚ ਨਾਜਾਇਜ਼ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਜਿਸ ਨਾਲ ਸਥਾਨਕ ਅਪਰਾਧਿਕ ਗਿਰੋਹਾਂ ਨੂੰ ਕਰਾਰੀ ਸੱਟ ਵੱਜੀ ਹੈ।
ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੇ ਹਿੱਸੇ ਵਜੋਂ ਇਸ ਮੁਹਿੰਮ ਨੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਚੇਨ ਨੂੰ ਤੋੜਨ ‘ਤੇ ਧਿਆਨ ਦਿੱਤਾ ਹੈ। ਐਸ.ਐਸ.ਪੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੁਲਿਸ ਜ਼ਿਲ੍ਹਾ ਖੰਨਾ ਨੂੰ ਨਸ਼ਾ ਮੁਕਤ ਬਣਾਉਣ ਲਈ ਭਾਈਚਾਰਕ ਸੂਚਨਾ ਹੀ “ਗੁਪਤ ਹਥਿਆਰ” ਹੈ।
ਗੈਂਗਸਟਰਾਂ ’ਤੇ ਵਾਰ: ਇਹ ਪਹਿਲਕਦਮੀ ਵਿਸ਼ੇਸ਼ ਤੌਰ ‘ਤੇ ਸੰਗਠਿਤ ਅਪਰਾਧ ਮਡਿਊਲਾਂ ਨੂੰ ਨਿਸ਼ਾਨਾ ਬਣਾਉਂਦੀ ਹੈ। ਪੁਲਿਸ ਅਧਿਕਾਰੀਆਂ ਨੇ ਗੈਂਗਸਟਰ ਨੈੱਟਵਰਕਾਂ ਨੂੰ ਖਤਮ ਕਰਨ ਦੇ ਸਕਾਰਾਤਮਕ ਪ੍ਰਭਾਵਾਂ ਬਾਰੇ ਚਰਚਾ ਕੀਤੀ ਅਤੇ ਦੱਸਿਆ ਕਿ ਇਹਨਾਂ ਕਾਰਵਾਈਆਂ ਨੇ ਜਬਰੀ ਵਸੂਲੀ ਅਤੇ ਸੜਕੀ ਹਿੰਸਾ ਦੇ ਖਤਰੇ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਹੈ।
“ਸੁਰੱਖਿਆ ਦੀ ਪਹਿਲੀ ਕਤਾਰ” ਨੂੰ ਮਜ਼ਬੂਤ ਕਰਨਾ:
ਏ.ਐਸ.ਕਾਲਜ ਵੂਮੈਨ ਖੰਨਾ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਵੀ.ਡੀ.ਸੀਜ ਅਤੇ ਡਬਲਿਊ.ਡੀ.ਸੀਜ ਪੁਲਿਸ ਫੋਰਸ ਦੀਆਂ “ਅੱਖਾਂ ਅਤੇ ਕੰਨ” ਹਨ।
ਇੱਕ ਦੁਵੱਲੀ ਗੱਲਬਾਤ:
ਇਹ ਸੈਸ਼ਨ ਸਿਰਫ਼ ਇੱਕ ਪਾਸੜ ਜਾਣਕਾਰੀ ਦੇਣ ਤੱਕ ਸੀਮਤ ਨਹੀਂ ਸੀ; ਇਸਨੇ ਸਰਗਰਮ ਸੁਣਵਾਈ ਲਈ ਇੱਕ ਮੰਚ ਵਜੋਂ ਕੰਮ ਕੀਤਾ। ਸੀਨੀਅਰ ਅਧਿਕਾਰੀ ਕਮੇਟੀ ਮੈਂਬਰਾਂ ਅਤੇ ਲੋਕਾਂ ਦੇ ਸੁਝਾਵਾਂ ਨੂੰ ਬੜੇ ਧਿਆਨ ਨਾਲ ਨੋਟ ਕਰਦੇ ਦੇਖੇ ਗਏ।
ਡਾ. ਦਰਪਣ ਆਹਲੂਵਾਲੀਆ ਨੇ ਕਿਹਾ “ਪੁਲਿਸ ਸਿਰਫ ਓਨੀ ਹੀ ਪ੍ਰਭਾਵਸ਼ਾਲੀ ਹੋ ਸਕਦੀ ਹੈ ਜਿੰਨਾ ਉਹ ਭਾਈਚਾਰਾ, ਜਿਸਦੀ ਉਹ ਸੇਵਾ ਕਰਦੀ ਹੈ। ਅੱਜ ਕਾਲਜ ਵਿੱਚ ਹੋਇਆ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਲੋਕ ਅਪਰਾਧ ਵਿਰੁੱਧ ਸਾਡੀ ਲੜਾਈ ਵਿੱਚ ਬਰਾਬਰ ਦੇ ਭਾਈਵਾਲ ਹਨ।” ਇਹ ਯਕੀਨੀ ਬਣਾਇਆ ਕਿ ਵੀ.ਡੀ.ਸੀਜ ਅਤੇ ਡਬਲਿਊ.ਡੀ.ਸੀਜ ਢਾਂਚਾ ਅਤੇ ਮੋਹਤਬਰ ਵਿਅਕਤੀ ਅਤੇ ਲੋਕ ਪੁਲਿਸ ਜ਼ਿਲ੍ਹਾ ਖੰਨਾ ਦੀ ਸੁਰੱਖਿਆ ਰਣਨੀਤੀ ਦੀ ਰੀੜ੍ਹ ਦੀ ਹੱਡੀ ਬਣੇ ਰਹਿਣਗੇ।
ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਸਾਰੇ ਹੀ ਅਧਿਕਾਰੀਆਂ, ਅਹੁਦੇਦਾਰਾਂ ਅਤੇ ਸਮੁੱਚੀ ਹਾਜ਼ਰੀਨ ਨੂੰ ਨਸ਼ੇ ਦੇ ਖਾਤਮੇ ਲਈ ਇੱਕ-ਜੁੱਟ ਹੋਣ ਦੀ ਸਹੁੰ ਚੁਕਾਈ ਗਈ।
ਸਮਾਗਮ ਦੇ ਅੰਤ ਵਿੱਚ ਉਹਨਾਂ ਹਾਜ਼ਰੀਨ ਤੋਂ ਪ੍ਰਣ ਲਿਆ ਕੇ ਅੱਜ ਤੋਂ ਬਾਅਦ ਅਸੀਂ ਇਹ ਨਿਸ਼ਚਿਤ ਕਰੀਏ ਕਿ ਸਾਡਾ ਪੁਲਿਸ ਜ਼ਿਲ੍ਹਾ ਖੰਨਾ ਵਿੱਚ ਇਸ ਨਾ ਮੁਰਾਦ ਨਸ਼ੇ ਦੀ ਬਦੌਲਤ ਕਿਸੇ ਵੀ ਮਾਂ ਦੀ ਕੁੱਖ ਨਹੀਂ ਉੱਜੜੇਗੀ ਅਤੇ ਕਿਸੇ ਭੈਣ ਦੇ ਸਿਰ ਉੱਤੇ ਚਿੱਟੀ ਚੁੰਨੀ ਨਹੀਂ ਆਵੇਗੀ। ਉਹਨਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਪੰਜਾਬ ਸੂਬੇ ਨੂੰ ਨਸ਼ਾ ਮੁਕਤ ਐਲਾਨਣਗੇ ਤਾਂ ਉਹਨਾਂ ਦੇ ਬੋਲਾਂ ਵਿੱਚ ਸਭ ਤੋਂ ਪਹਿਲਾਂ ਨਸ਼ਾ ਮੁਕਤ ਹੋਣ ਵਾਲਾ ਪੁਲਿਸ ਜ਼ਿਲ੍ਹਾ ਖੰਨਾ ਹੋਣਾ ਚਾਹੀਦਾ ਹੈ।
ਸਮਾਗਮ ਦੌਰਾਨ ਹਾਜ਼ਰ ਪਿੰਡਾਂ ਦੀਆਂ ਪੰਚਾਇਤਾਂ, ਸ਼ਹਿਰਾਂ ਦੇ ਕੌਂਸਲਰਾਂ, ਪਿੰਡ ਸੁਰੱਖਿਆ ਕਮੇਟੀਆਂ, ਸ਼ਹਿਰਾਂ ਦੀਆਂ ਵਾਰਡ ਕਮੇਟੀਆਂ, ਨੌਜ਼ਵਾਨਾਂ ਅਤੇ ਵਿਦਿਆਰਥੀਆਂ ਨੇ ਇਕਜੁੱਟਤਾ ਨਾਲ ਪ੍ਰਸ਼ਾਸਨ ਦੀ ਸਰਗਰਮ ਮਦਦ ਕਰਨ ਦਾ ਵਿਸ਼ਵਾਸ ਦਿਵਾਇਆ। ਸਮਾਗਮ ਦੌਰਾਨ ਹੋਰ ਬੁੱਧੀਜੀਵੀਆਂ ਨੇ ਵੀ ਨਸ਼ਿਆਂ ਨਾਲ ਸਬੰਧਤ ਜਾਗਰੂਕਤਾ ਲੈਕਚਰ ਵੀ ਦਿੱਤੇ।
ਇਸ ਮੌਕੇ ਪੁਲਿਸ ਜ਼ਿਲ੍ਹਾ ਖੰਨਾ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵੀ ਹਾਜ਼ਰ ਸਨ।


