ਬੀਤੇ ਦਿਨੀਂ ਹੋਈ ਆਈ.ਪੀ.ਐੱਲ. 2025 ਦੀ ਮੈਗਾ ਨਿਲਾਮੀ ‘ਚ ਸਾਰੀਆਂ ਫ੍ਰੈਂਚਾਈਜ਼ੀਆਂ ਨੇ ਖਿਡਾਰੀਆਂ ‘ਤੇ ਰੱਜ ਕੇ ਪੈਸਾ ਵਹਾਇਆ ਹੈ। ਹਰੇਕ ਟੀਮ ਨੇ ਚੰਗੇ ਖਿਡਾਰੀਆਂ ‘ਤੇ ਵਧ-ਚੜ੍ਹ ਕੇ ਬੋਲੀ ਲਗਾਈ ਹੈ, ਤਾਂ ਜੋ ਉਨ੍ਹਾਂ ਦਾ ਖ਼ਿਤਾਬ ‘ਤੇ ਕਬਜ਼ਾ ਕਰਨ ਦਾ ਰਾਹ ਆਸਾਨ ਹੋ ਸਕੇ।
ਇਸੇ ਦੌਰਾਨ ਪੰਜਾਬ ਕਿੰਗਜ਼ ਟੀਮ ਨੇ ਵੀ ਖਿਡਾਰੀਆਂ ‘ਤੇ ਕਾਫ਼ੀ ਪੈਸਾ ਖ਼ਰਚ ਕੀਤਾ ਹੈ। ਟੀਮ ਨੇ ਪਿਛਲੇ ਸਾਲ ਮੁੰਬਈ ਇੰਡੀਅਨਜ਼ ਦਾ ਹਿੱਸਾ ਰਹੇ ਨਿਹਾਲ ਵਡੇਰਾ ਨੂੰ ਇਸ ਵਾਰ ਨਿਲਾਮੀ ‘ਚ 4.20 ਕਰੋੜ ਦੀ ਵੱਡੀ ਬੋਲੀ ਲਗਾ ਕੇ ਟੀਮ ਦਾ ਹਿੱਸਾ ਬਣਾਇਆ ਹੈ। ਲੁਧਿਆਣਾ ‘ਚ ਜਨਮੇ ਨਿਹਾਲ ਵਡੇਰਾ ਦੇ ਨਿਲਾਮੀ ਮਗਰੋਂ ਪੰਜਾਬ ਕਿੰਗਜ਼ ਦਾ ਹਿੱਸਾ ਬਣਨ ‘ਤੇ ਪੰਜਾਬ ਕਿੰਗਜ਼ ਨੇ ਆਪਣੇ ਪੇਜ ‘ਤੇ ਨਿਹਾਲ ਵਡੇਰਾ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ‘ਚ ਨਿਹਾਲ ਨੇ ਕਿਹਾ ਕਿ ਉਹ ਪੰਜਾਬ ਟੀਮ ਦਾ ਹਿੱਸਾ ਬਣ ਕੇ ਬਹੁਤ ਖ਼ੁਸ਼ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਉਨ੍ਹਾਂ ਦੀ ਘਰੇਲੂ ਟੀਮ ਹੈ ਤੇ ਉਸ ਟੀਮ ਦਾ ਹਿੱਸਾ ਬਣ ਕੇ ਉਸ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਹੋਣ ਦੇ ਨਾਤੇ ਉਨ੍ਹਾਂ ਦਾ ਟੀਮ ਨਾਲ ਇਕ ਵੱਖਰਾ ਕੁਨੈਕਸ਼ਨ ਹੈ ਤੇ ਇਸ ਟੀਮ ਦਾ ਹਿੱਸਾ ਬਣ ਕੇ ਖੇਡਣ ਲਈ ਉਹ ਬਹੁਤ ਉਤਸ਼ਾਹਿਤ ਹੈ।
ਇਸ ਮਗਰੋਂ ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਰੋੜਾਂ ਦੀ ਬੋਲੀ ਲੱਗਣ ਕਾਰਨ ਉਨ੍ਹਾਂ ਨੂੰ ਵਿੱਤੀ ਤੌਰ ‘ਤੇ ਤਾਂ ਸਥਿਰਤਾ ਮਿਲੀ ਹੈ, ਪਰ ਇਸ ਤੋਂ ਵੀ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਉਨ੍ਹਾਂ ਦਾ ਪੁੱਤਰ ਹੁਣ ਆਪਣਾ ਸੁਫ਼ਨਾ ਪੂਰਾ ਕਰਨ ਦੇ ਨੇੜੇ ਪਹੁੰਚ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਨਿਹਾਲ ਅਕੈਡਮੀ ‘ਚ ਖੇਡਦਾ ਸੀ ਤਾਂ ਉਸ ਦੇ ਕੋਚ ਦੱਸਦੇ ਸੀ ਕਿ ਨਿਹਾਲ ਬਹੁਤ ਵਧੀਆ ਖਿਡਾਰੀ ਹੈ। ਇਸ ਮਗਰੋਂ ਆਸ-ਪਾਸ ਦੇ ਲੋਕ ਵੀ ਕਹਿਣ ਲੱਗੇ ਕਿ ਤੁਹਾਡਾ ਮੁੰਡਾ ਬਹੁਤ ਵਧੀਆ ਖੇਡਦਾ ਹੈ। ਇਸ ਮਗਰੋਂ ਉਨ੍ਹਾਂ ਨੇ ਸੋਚ ਲਿਆ ਕਿ ਉਹ ਆਪਣੇ ਪੁੱਤ ਦਾ ਸੁਪਨਾ ਪੂਰਾ ਕਰਨ ‘ਚ ਪੂਰਾ ਸਾਥ ਦੇਣਗੇ ਤੇ ਉਸ ਨੂੰ ਜਿੰਨਾ ਹੋ ਸਕੇ ਅੱਗੇ ਲੈ ਕੇ ਜਾਣਗੇ।


 
									 
					 
