ਤਰਨਤਾਰਨ, 19 ਨਵੰਬਰ-ਪਾਕਿਸਤਾਨ ਦੀ ਸਰਹੱਦ ਪਾਰੋਂ ਡ੍ਰੋਨਾਂ ਨਾਲ ਹੋਣ ਵਾਲੀ ਤਸਕਰੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹਾਲਾਂਕਿ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਤੇ ਸਰਹੱਦੀ ਥਾਣਿਆਂ ਦੀ ਪੁਲਿਸ ਵੱਲੋਂ ਡ੍ਰੋਨਾਂ ਦੀ ਬਰਾਮਦਗੀ ਕਰਕੇ ਸਰਹੱਦ ਪਾਰਲੇ ਸਮੱਗਲਰਾਂ ਦੇ ਨਾਪਾਕ ਇਰਾਦਿਆਂ ਨੂੰ ਫੇਲ੍ਹ ਕੀਤਾ ਜਾ ਰਿਹਾ ਹੈ। ਤਾਜਾ ਘਟਨਾਕ੍ਰਮ ਦੀ ਗੱਲ ਕਰੀਏ ਤਾਂ ਪੁਲਿਸ ਨੇ ਬੀਐੱਸਐੱਫ ਨਾਲ ਸਾਝੇ ਅਭਿਆਨ ਦੌਰਾਨ ਸਰਹੱਦੀ ਖੇਤਰ ਵਿੱਚੋਂ ਤਿੰਨ ਡ੍ਰੋਨ ਬਰਾਮਦ ਕੀਤੇ ਹਨ ਜਿਨ੍ਹਾਂ ਸਬੰਧੀ ਇਲਾਕੇ ਦੇ ਥਾਣਿਆਂ ’ਚ ਕੇਸ ਦਰਜ ਕੀਤਾ ਹੈ।
ਐੱਸਐੱਸਪੀ ਅਭੀਮੰਨਿਊ ਰਾਣਾ ਨੇ ਦੱਸਿਆ ਕਿ ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਸਮੱਗਲਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਤਰਨਤਾਰਨ ਪੁਲਿਸ ਅਤੇ ਬੀਐੱਸਐੱਫ ਨੇ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਪਿੰਡ ਨੌਸ਼ਿਹਰਾ ਢਾਲਾ ਦੇ ਖੇਤਾਂ ਵਿੱਚੋਂ 506 ਗ੍ਰਾਮ ਹੈਰੋਇਨ ਅਤੇ 1 ਡ੍ਰੋਨ ਬ੍ਰਾਮਦ ਕੀਤਾ ਹੈ। ਇਹ ਬਰਾਮਦਗੀ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਕੀਤੀ ਗਈ। ਬਰਾਮਦ ਹੋਇਆ ਡ੍ਰੋਨ ਚੀਨ ਦਾ ਬਣਿਆ ਡੀਜੇਆਈ ਮੈਵਿਸ 3 ਕਲਾਸਿਕ ਹੈ। ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਕੇਸ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਹ ਡ੍ਰੋਨ ਤੇ ਹੈਰੋਇਨ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਗਈ ਸੀ ਅਤੇ ਇਸ ਖੇਪ ਨੂੰ ਮੰਗਵਾਉਣ ਵਾਲਿਆਂ ਦਾ ਸੁਰਾਗ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ। ਜਿਨ੍ਹਾਂ ਨੂੰ ਜਲਦ ਬੇਨਕਾਬ ਕਰਕੇ ਕਾਬੂ ਕਰ ਲਿਆ ਜਾਵੇਗਾ। ਇਸੇ ਤਰ੍ਹਾਂ ਥਾਣਾ ਖਾਲੜਾ ਦੀ ਪੁਲਿਸ ਅਤੇ ਬੀਐੱਸਐੱਫ ਨੇ ਸਾਂਝੇ ਤੌਰ ’ਤੇ ਪਿੰਡ ਮਾੜੀਮੇਘਾ ਅਤੇ ਵਾਂ ਤਾਰਾ ਸਿੰਘ ਦੇ ਖੇਤਾਂ ਵਿੱਚੋਂ 2 ਡ੍ਰੋਨ ਅਤੇ 505 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਹੈ। ਇਹ ਡ੍ਰੋਨ ਵੀ ਡੀਜੇਆਈ ਮੈਵਿਸ 3 ਕਲਾਸਿਕ ਕੰਪਨੀ ਦੇ ਹੀ ਹਨ ਜਿਸ ਸਬੰਧੀ ਥਾਣਾ ਖਾਲੜਾ ’ਚ ਦੋ ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਹੈਰੋਇਨ ਮੰਗਵਾਉਣ ਵਾਲਿਆਂ ਦਾ ਪਤਾ ਲਗਾਉਣ ਲਈ ਯਤਨ ਜਾਰੀ ਹਨ।


