ਖੰਨਾ, ਲੁਧਿਆਣਾ, 22 ਫਰਵਰੀ:ਖੰਨਾ ਦੇ ‘ਪੰਜਾਬ ਸਖੀ ਸ਼ਕਤੀ ਮੇਲਾ’-2026 ਵਿੱਚ ਸ਼ਨੀਵਾਰ ਨੂੰ ਸਿਤਾਰਿਆਂ ਨਾਲ ਭਰੀ ਪਹਿਲੀ ਸ਼ਾਮ ਵਿੱਚ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਵਿਸ਼ੇਸ਼ ਤੌਰ ‘ਤੇ ਪਰਿਵਾਰ ਸਮੇਤ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਦੇ ਨਾਲ ਮਾਰਕੀਟ ਕਮੇਟੀ ਖੰਨਾ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ ਰਤਨਹੇੜੀ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ, ਉਪ ਮੰਡਲ ਮੈਜਿਸਟਰੇਟ ਖੰਨਾ ਸਵਾਤੀ ਟਿਵਾਣਾ, ਖੰਨਾ ਸ਼ਹਿਰ ਦੇ ਕੌਂਸਲਰ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ।ਇਸ ਮੌਕੇ ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਆਪਣੇ ਗੀਤਾਂ ਨਾਲ ਖੂਬ ਰੰਗ ਬੰਨ੍ਹਿਆ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਪਹਿਲਕਦਮੀ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਲੁਧਿਆਣਾ ਦੁਆਰਾ ਉਦਯੋਗ ਅਤੇ ਵਣਜ ਵਿਭਾਗ ਦੇ ਸਹਿਯੋਗ ਨਾਲ ਰੈਂਪ ਸਕੀਮ ਅਤੇ ਪੰਜਾਬ ਰਾਜ ਪੇਂਡੂ ਆਜੀਵਿਕਾ ਮਿਸ਼ਨ ਦੇ ਤਹਿਤ ਖੰਨਾ ਦੇ ਵਿੱਚ ਪਹਿਲੀ ਵਾਰ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਸਦਕਾ ‘ਪੰਜਾਬ ਸਖੀ ਸ਼ਕਤੀ ਮੇਲਾ’ ਆਯੋਜਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਅਤੇ ਸ਼ਾਲਾਘਾ ਕਰਦੇ ਹਨ ਕਿ ਉਨ੍ਹਾਂ ਨੇ ਪੰਜਾਬ ਨੂੰ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਇਆ ਹੈ। ਸਾਡੀ ਸਰਕਾਰ ਨੇ ਇਹਨਾਂ ਮੇਲਿਆਂ ਦਾ ਬਜਟ, ਪਿਛਲੀਆਂ ਸਰਕਾਰਾਂ ਵੱਲੋਂ ਦਿੱਤੇ ਜਾਂਦੇ ਬਜਟ ਨਾਲੋਂ ਕਈ ਗੁਣਾਂ ਵਧਾਇਆ ਹੈ। ਇਹਨਾਂ ਮੇਲਿਆਂ ਰਾਹੀਂ ਪੰਜਾਬ ਦਾ ਸੱਭਿਆਚਾਰ, ਸੰਗੀਤ, ਭੋਜਨ, ਵਿਰਾਸਤ ਨੂੰ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਪੂਰੇ ਦੇਸ਼ ਦੇ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੀਆਂ ਹੁਨਰਮੰਦ ਮਹਿਲਾਵਾਂ ਵੱਲੋਂ ਇੱਥੇ ਆਪਣੀਆਂ-ਆਪਣੀਆਂ ਸਟਾਲਾਂ ਰਾਹੀਂ ਸਮਾਨ ਪੇਸ਼ ਕਰਕੇ ਵੇਚਿਆ ਜਾ ਰਿਹਾ ਹੈ। ਇਹ ਮੇਲਾ ਇੰਨੇ ਵੱਡੇ ਲੈਵਲ ਤੱਕ ਪਹੁੰਚ ਚੁੱਕਿਆ ਹੈ ਕਿ ਇੱਕ-ਇੱਕ ਸਟਾਲ ਉੱਤੇ ਇਹ ਹੁਨਰਮੰਦ ਮਹਿਲਾਵਾਂ ਲੱਖਾਂ ਰੁਪਏ ਤੱਕ ਦਾ ਵਪਾਰ ਵੀ ਕਰਕੇ ਜਾਣਗੀਆਂ। ਇਸ ਦੇ ਨਾਲ ਹੀ ਪੂਰੇ ਭਾਰਤ ਦੀ ਸੰਸਕ੍ਰਿਤੀ ਅਤੇ ਭਾਸ਼ਾਵਾਂ ਦਾ ਸੁਮੇਲ ਵੀ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਇਹ ਮੇਲੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਦੇ ਬਦੌਲਤ ਹੀ ਸੁਰਜੀਤ ਹੋਏ ਹਨ। ਉਨ੍ਹਾਂ ਪੰਜਾਬ ਦੇ ਸਮੂਹ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਦੁਸਹਿਰਾ ਗਰਾਊਂਡ ਖੰਨਾ ਦੇ ਮੇਲਾ ਗਰਾਊਡ ਵਿੱਚ ਲੱਗੇ ਇਸ ‘ਪੰਜਾਬ ਸਖੀ ਸ਼ਕਤੀ ਮੇਲੇ’ ਵਿੱਚ ਸ਼ਮੂਲੀਅਤ ਜ਼ਰੂਰ ਕਰਨ ਅਤੇ ਦੇਸ਼ ਦੇ ਵੱਖ-ਵੱਖ ਸੱਭਿਆਚਾਰਾਂ ਅਤੇ ਭੋਜਨ ਦਾ ਅਨੰਦ ਉਠਾਉਣ।ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਇਸ ‘ਪੰਜਾਬ ਸਖੀ ਸ਼ਕਤੀ ਮੇਲੇ’ ਵਿੱਚ ਵੱਖ-ਵੱਖ ਸੂਬਿਆਂ ਦੇ 1000 ਤੋਂ ਵਧੇਰੇ ਕਲਾਕਾਰ, ਦਸਤਕਾਰ, ਵਪਾਰੀ ਅਤੇ ਹੁਨਰਮੰਦ ਲੋਕ ਹਿੱਸਾ ਲੈ ਰਹੇ ਹਨ, ਜਦਕਿ ਰੋਜ਼ਾਨਾ ਹਜ਼ਾਰਾਂ ਲੋਕ ਖਰੀਦੋ-ਫਰੋਖ਼ਤ ਅਤੇ ਮੌਜ-ਮਸਤੀ ਦਾ ਆਨੰਦ ਵੀ ਮਾਣਨਗੇ। ਉਨ੍ਹਾਂ ਕਿਹਾ ਕਿ ਇਹ ਖੰਨਾ ਸ਼ਹਿਰ ਲਈ ਮਾਣ ਵਾਲੀ ਗੱਲ ਹੈ ਕਿ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦੇ ਸੈਂਕੜੇ ਕਾਰੀਗਰ ਅਤੇ ਕਲਾਕਾਰ ਇਸ ਮੇਲੇ ਵਿੱਚ ਹਿੱਸਾ ਲੈ ਰਹੇ ਹਨ। ਖੰਨਾ ਸ਼ਹਿਰ ਵਿੱਚ ਹੋ ਰਹੇ ਇਸ ਮੈਗਾ ਸਮਾਗਮ ਮੌਕੇ ਵੱਖ-ਵੱਖ ਰਾਜਾਂ ਦੇ ਕਲਾਕਾਰ 10 ਦਿਨਾਂ ਦੇ ਇਸ ਪ੍ਰੋਗਰਾਮ ਦੌਰਾਨ ਲੋਕਾਂ ਨੂੰ ਆਪਣੇ ਸੱਭਿਆਚਾਰ ਅਤੇ ਵਿਰਾਸਤ ਦੀਆਂ ਝਲਕੀਆਂ ਪੇਸ਼ ਕਰਨਗੇ।*’ਪੰਜਾਬ ਸਖੀ ਸ਼ਕਤੀ ਮੇਲੇ’ ਵਿੱਚ ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਆਪਣੇ ਹਿੱਟ ਗੀਤਾਂ ਨਾਲ ਖੂਬ ਰੰਗ ਬੰਨ੍ਹਿਆ*ਖੰਨਾ ‘ਚ ‘ਪੰਜਾਬ ਸਖੀ ਸ਼ਕਤੀ ਮੇਲੇ’ ਵਿੱਚ ਪੁੱਜੇ ਮਸ਼ਹੂਰ ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਮੇਲੇ ਵਿੱਚ ਆਏ ਵੱਡੀ ਗਿਣਤੀ ਵਿੱਚ ਦਰਸ਼ਕਾਂ ਦਾ ਸਵਾਗਤ ਕਰਦਿਆਂ ਹੋਇਆ ਆਪਣੇ ਹਿੱਟ ਗੀਤਾਂ ਨਾਲ ਮੇਲੇ ਦੀ ਸ਼ੁਰੂਆਤ ਕੀਤੀ ਅਤੇ ਦਰਸ਼ਕਾਂ ਨੂੰ ਖੂਬ ਨਚਾਇਆ। ਇਸ ਸਟਾਰ ਨਾਈਟ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਦੁਸਹਿਰਾ ਗਰਾਊਂਡ ਖੰਨਾ ਵਿਖੇ ਮੇਲੇ ਦੇ ਪਹਿਲੇ ਦਿਨ ਦੀ ਸੰਗੀਤਕ ਨਾਈਟ ਦੀ ਸ਼ੁਰੂਆਤ ਆਪਣੇ ਸਭ ਤੋਂ ਮਸ਼ਹੂਰ ਅਤੇ ਹਿੱਟ ਗੀਤਾਂ ਵਿੱਚੋਂ ‘ਐਨਕ’ ਗੀਤ ਗਾ ਕੇ ਕੀਤੀ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਹਿੱਟ ਗੀਤ ‘ਇੱਕੀਆਂ ਸਾਲਾਂ ਦੇ ਜੱਟ ਨੂੰ ਦੁਨੀਆਂ ਬਾਈ-ਬਾਈ ਕਹਿੰਦੀ’ ਗਾ ਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਗੁਲਾਬ ਸਿੱਧੂ ਨੇ ਖੰਨਾ ਸ਼ਹਿਰ ਦੇ ਮਰਹੂਮ ਗਾਇਕ ਸਰਦੂਲ ਸਿਕੰਦਰ ਨੂੰ ਯਾਦ ਕਰਦਿਆਂ ਉਨ੍ਹਾਂ ਦਾ ਹਿੱਟ ਗੀਤ ‘ਮਿੱਤਰਾਂ ਨੂੰ ਮਾਰ ਗਿਆ ਤੇਰਾ ਕੋਕਾ’ ਗਾ ਕੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਤੋਂ ਬਾਅਦ ਗੁਲਾਬ ਸਿੱਧੂ ਨੇ ਆਪਣੇ ਹੋਰ ਹਿੱਟ ਗੀਤ ਜਿਨ੍ਹਾਂ ਵਿੱਚ ‘ਓਕੇ ਰਿਪੋਰਟ’, ‘ਪੰਜ ਸੱਤ’, ‘ਰਾਜਧਾਨੀ’, ‘ਜਵਾਨੀ’, ‘ਸਵਾਦ’ ਆਦਿ ਗੀਤਾਂ ਦੀ ਲਗਾਤਾਰ ਅਜਿਹੀ ਪੇਸ਼ਕਾਰੀ ਦਿੱਤੀ ਕਿ ਕੋਈ ਵੀ ਆਪਣੇ ਆਪ ਨੂੰ ਨੱਚਣ ਤੋਂ ਰੋਕ ਨਾ ਸਕਿਆ।ਇੱਥੇ ਕਾਬਲੇ ਗੌਰ ਹੈ ਕਿ 22 ਫਰਵਰੀ ਨੂੰ ਗਾਇਕ ਅਲਾਪ ਸਿਕੰਦਰ, 23 ਫਰਵਰੀ ਨੂੰ ਗਾਇਕ ਖਾਨ ਭੈਣੀ, 24 ਫਰਵਰੀ ਨੂੰ ਗਾਇਕ ਲਾਭ ਹੀਰਾ, 25 ਫਰਵਰੀ ਗਾਇਕ ਜੋੜੀ ਮੀਤ ਕੌਰ-ਦੀਪਕ ਢਿੱਲੋਂ, 26 ਫਰਵਰੀ ਨੂੰ ਗਾਇਕ ਹਰਫ ਚੀਮਾ, 27 ਫਰਵਰੀ ਨੂੰ ਗਾਇਕ ਹਰਭਜਨ ਮਾਨ, 28 ਫਰਵਰੀ ਨੂੰ ਗਾਇਕ ਸਿੱਪੀ ਗਿੱਲ, 1 ਮਾਰਚ ਨੂੰ ਗਾਇਕ ਆਰ. ਨੈਤ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ ਅਤੇ 2 ਮਾਰਚ ਨੂੰ ਪ੍ਰਸਿੱਧ ਪੰਜਾਬੀ ਗਾਇਕ ਰਣਜੀਤ ਬਾਵਾ ਚਾਰਟ-ਟੌਪਿੰਗ ਹਿੱਟ ਗੀਤਾਂ ਨਾਲ ‘ਪੰਜਾਬ ਸਖੀ ਸ਼ਕਤੀ ਮੇਲੇ’ ਦੀ ਸਮਾਪਤੀ ਕਰਨਗੇ। ਹਰ ਸ਼ਾਮ ਇਹ ਮਸ਼ਹੂਰ ਕਲਾਕਾਰ ਦਰਸ਼ਕਾਂ ਨੂੰ ਮੋਹਿਤ ਕਰਨ ਲਈ ਪੰਜਾਬੀ ਲੋਕ, ਸਮਕਾਲੀ ਅਤੇ ਸੂਫੀ ਧੁਨਾਂ ਨੂੰ ਇਕੱਠਾ ਕਰਦੇ ਹੋਏ ਮਨਮੋਹਕ ਪ੍ਰਦਰਸ਼ਨ ਪੇਸ਼ ਕਰਨਗੇ।

Share.

“I’m a Newswriter, “I write about the trending news events happening all over the world.

Leave A Reply